ਕਿਸਾਨਾਂ ਨੇ ਨਹਿਰ ਵਿਭਾਗ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ 27 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਇਕਾਈ ਲਾਧੂਪੁਰ ਵੱਲੋਂ ਅੱਜ ਸਠਿਆਲੀ ਤੋਂ ਲਾਧੂਪੁਰ ਸੂਏ ਤੇ ਪਿੰਡ ਲਾਧੂਪੁਰ ਵਿਚ ਨਹਿਰੀ ਵਿਭਾਗ ਖਿਲਾਫ ਨਾਅਰੇਬਾਜ਼ੀ ਕਰ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਲਾਧੂਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੂਏ ਵਿਚੋਂ ਜੋ ਬੇਲਦਾਰਾਂ ਵੱਲੋਂ ਮੋਘੀਆਂ ਗੈਰਕਾਨੂੰਨੀ ਤਰੀਕੇ ਨਾਲ ਦਿੱਤੀਆਂ ਜਾਂਦੀਆਂ ਸੀ ਉਨ੍ਹਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ ਪਰ ਪ੍ਰਸ਼ਾਸਨ ਵੱਲੋਂ ਇਸ ਦੇ ਉਲਟ ਜੋ ਕਿਸਾਨ ਨਹਿਰੀ ਵਿਭਾਗ ਦੇ ਦਫ਼ਤਰ ਵਿਚ ਜਾ ਕੇ ਪੱਕੀਆਂ ਪਰਚੀਆਂ ਕਟਵਾ ਕੇ ਨਹਿਰੀ ਪਾਣੀ ਨਾਲ ਆਪਣੀ ਫਸਲ ਪਾਲਦੇ ਸਨ, ਉਨ੍ਹਾਂ ਦੀਆਂ ਮੋਘੀਆਂ ਵੀ ਬੰਦ ਕਰ ਦਿੱਤੀਆਂ ਗਈਆਂ। ਇਸ ਵਕਤ ਝੋਨੇ ਦੀ ਫਸਲ ਦੀ ਲਵਾਈ ਦਾ ਕੰਮ ਖਤਮ ਹੋਣ ਦੇ ਕਿਨਾਰੇ ਹੈ ਪਰ ਜਿਨ੍ਹਾਂ ਕਿਸਾਨਾਂ ਦੇ ਮੋਘੇ ਬੰਦ ਕਰ ਦਿੱਤੇ ਹਨ,ਉਨ੍ਹਾਂ ਦੀਆਂ ਜ਼ਮੀਨਾਂ ਅਜੇ ਓਦਾ ਹੀ ਬੰਜਰ ਪਈਆਂ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਹਿਰੀ ਵਿਭਾਗ ਪਹਿਲਾ ਵਾਂਗ ਸਰਕਾਰੀ ਪਰਚੀ ਕੱਟ ਕੇ ਆਰਜ਼ੀ ਮੋਘੀਆਂ ਬਹਾਲ ਕੀਤਾ ਜਾਵੇ ਤਾਂ ਜੋਂ ਕਿਸਾਨ ਆਪਣੀ ਫ਼ਸਲ ਦੀ ਲਵਾਈ ਕਰ ਸਕਣ। ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਹਿਰੀ ਵਿਭਾਗ ਵੱਲੋਂ 3 ਦਿਨ ਵਿਚ ਪਾਣੀ ਦੀ ਸਪਲਾਈ ਬਹਾਲ ਨਾ ਕਾਰਵਾਈ ਤਾਂ ਨਹਿਰੀ ਵਿਭਾਗ ਖਿਲਾਫ ਮੋਰਚਾ ਖੋਲਿ੍ਆ ਜਾਵੇਗਾ ਅਤੇ ਆਪ ਹੀ ਮੋਘੀਆਂ ਨੂੰ ਖੋਲਿ੍ਆ ਜਾਵੇਗਾ। ਜਿਸ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਇਸ ਸਬੰਧ ਵਿਚ ਜਦੋਂ ਨਹਿਰ ਵਿਭਾਗ ਦੇ ਐੱਸਡੀਓ ਪ੍ਰਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਮੁੱਚੇ ਪੰਜਾਬ ਵਿਚ ਨਹਿਰੀ ਵਿਭਾਗ ਚੰਡੀਗੜ੍ਹ ਦੇ ਉੱਚ ਅਧਿਕਾਰੀ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਰਜਬਾਹਿਆਂ ਦੇ ਸਮੂਹ ਆਰਜ਼ੀ ਮੋਘੇ ਬੰਦ ਕਰ ਦਿੱਤੇ ਜਾਣ ਜਿਸ ਕਰਕੇ ਲਾਧੂਪੁਰ ਰਜਬਾਹ 'ਤੇ ਸਾਰੇ ਆਰਜ਼ੀ ਮੋਘੇ ਬੰਦ ਕੀਤੇ ਗਏ ਹਨ।