ਸਪੀਕਰ ਵੱਲੋਂ ਬਰਜਿੰਦਰਾ ਕਾਲਜ ਵਿੱਚ ਬੀ.ਐਸ.ਸੀ. (ਖੇਤੀਬਾੜੀ) ਦੁਬਾਰਾ ਸ਼ੁਰੂ ਕਰਨ ਲਈ ਕਾਰਵਾਈ ਲਈ ਪ੍ਰਮੁੱਖ ਸਕੱਤਰ ਨੂੰ ਪੱਤਰ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਧਾਨ ਸਭਾ ਵਿੱਚ ਉਠਾਇਆ ਮੁੱਦਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 27 ਜੂਨ 2022 : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਨੂੰ ਪੱਤਰ ਲਿਖ ਕੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਸਾਲ 2020 ਤੋਂ ਬੰਦ ਹੋਏ ਬੀ.ਐਸ.ਸੀ ਐਗਰੀਕਲਚਰ ਕੋਰਸ ਨੂੰ ਮੁੜ ਸ਼ੁਰੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਚੁੱਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਕਾਲਜ ਦੇ ਬੀ.ਐਸ.ਸੀ (ਖੇਤੀਬਾੜੀ) ਕੋਰਸ ਵਿੱਚ ਜੂਨ, 2020 ਵਿੱਚ ਪਹਿਲੇ ਸਾਲ ਅਤੇ ਜੂਨ, 2021 ਵਿੱਚ ਦੂਜੇ ਸਾਲ ਦੇ ਦਾਖਲੇ ਨਹੀਂ ਹੋਏ, ਜਦੋਂ ਕਿ ਇਹ ਡਿਗਰੀ ਕੋਰਸ 1972 ਤੋਂ ਲਗਾਤਾਰ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਡਿਗਰੀ ਕੋਰਸ ਵਿੱਚ ਇਲਾਕੇ ਦੇ ਹੀ ਨਹੀਂ ਸਗੋਂ ਪੰਜਾਬ ਤੋਂ ਆ ਕੇ ਵੀ ਵਿਦਿਆਰਥੀ ਇੱਥੇ ਦਾਖਲਾ ਲੈਂਦੇ ਸਨ।ਉਨ੍ਹਾਂ ਕਿਹਾ ਕਿ ਇਹ ਕਾਲਜ ਇਸ ਖੇਤਰ ਦਾ ਕੇਵਲ ਇੱਕੋ ਹੀ ਸਰਕਾਰੀ ਕਾਲਜ ਹੈ, ਜਿੱਥੇ ਘੱਟ ਫੀਸ ਨਾਲ ਗਰੀਬ ਵਿਦਿਆਰਥੀ ਸਿੱਖਿਆ ਹਾਸਲ ਕਰ ਸਕਦੇ ਹਨ ਜਦ ਕਿ ਨਿੱਜੀ ਕਾਲਜ ਵਿੱਚ ਇਸ ਕੋਰਸ ਦੀ ਫੀਸ ਦੇ ਲੱਖ ਰੁਪਏ ਪ੍ਰਤੀ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ 1972 ਤੋਂ ਲੈ ਕੇ ਹੁਣ ਤੱਕ ਇਸ ਕਾਲਜ ਤੋਂ ਡਿਗਰੀ ਪ੍ਰਾਪਤ ਡਿਗਰੀ ਹੋਲਡਰ ਵਿਦਿਆਰਥੀਆਂ ਵਿੱਚੋਂ ਇੱਕ ਵੀ ਬੇਰੁਜ਼ਗਾਰ ਨਹੀਂ ਹੈ। ਉਨ੍ਹਾਂ ਕਿਹਾ ਕਿ 2020 ਅਤੇ 2021 ਵਿੱਚ ਨਵੇਂ ਦਾਖਲੇ ਨਾ ਹੋਣ ਦਾ ਕਾਰਨ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਦੁਆਰਾ ਇਸ ਕਾਲਜ ਵਿੱਚ ਸਟਾਫ ਦੀ ਨਿਸਚਿਤ ਗਿਣਤੀ ਭਾਵ 32 ਟੀਚਰਜ਼ ਇੱਕ ਯੂਨਿਟ ਲਈ 4 ਪ੍ਰੋਫੈਸਰਜ਼, 8 ਐਸੋਸਿਏਟ ਪ੍ਰੋਫੈਸਰਜ਼, 20 ਅਸਿਸਟੈਂਟ ਪ੍ਰੋਫੈਸਰ ਅਤੇ ਪ੍ਰਸ਼ਾਸਕੀ ਸਟਾਫ ਲੈਬ ਸਟਾਫ 28, ਦੀ ਘਾਟ ਹੋਣਾ ਹੈ।ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਨਾਲ ਜੁੜੇ ਮੁੱਦਿਆਂ ਵਿੱਚੋਂ ਇਹ ਇੱਕ ਬਹੁਤ ਹੀ ਅਹਿਮ ਮੁੱਦਾ ਹੈ ਜਿਸ ਦਾ ਸੰਜੀਦਗੀ ਨਾਲ ਹੱਲ ਕੱਢਣ ਲਈ ਕੋਸ਼ਿਸ਼ ਕਰਨਾ ਉਨ੍ਹਾਂ ਦਾ ਇਖਲਾਕੀ ਫਰਜ਼ ਹੈ। ਉਨ੍ਹਾਂ ਸਿੱਖਿਆ ਸਕੱਤਰ ਨੂੰ ਕਿਹਾ ਕਿ ਇਸ ਨੂੰ ਸਾਰੇ ਪੱਖਾਂ ਤੋਂ ਘੋਖਣ ਉਪਰੰਤ, ਪਿਛਲੇ ਦੋ ਸਾਲਾਂ ਤੋਂ ਲਟਕ ਰਹੇ ਇਸ ਮਸਲੇ ਦੇ ਯੋਗ ਹੱਲ ਕੱਢਣ। ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਦੇ ਧਿਆਨ ਵਿੱਚ ਲਿਆਂਦਾ ਕਿ ਜੇਕਰ ਪੰਜਾਬ ਸਰਕਾਰ ਦੁਆਰਾ ਕੋਈ ਐਮ.ਓ.ਯੂ. ਆਦਿ ਸਾਇਨ ਕਰਕੇ ਅਜਿਹਾ ਪ੍ਰਸ਼ਾਸ਼ਕੀ ਪ੍ਰਬੰਧ ਉੱਚ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚਕਾਰ ਕੀਤਾ ਜਾਵੇ ਤਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਡਿਗਰੀ ਅਪਣਾ ਲਈ ਜਾਵੇ ਅਤੇ ਬੀ.ਐਸ.ਸੀ (ਖੇਤੀਬਾੜੀ) ਵਿੱਚ ਦਾਖਲੇ ਅਗਲੇ ਅਕਾਦਮਿਕ ਸਾਲ ਤੋਂ ਕੀਤੇ ਜਾ ਸਕਣ। ਇਸ ਨਾਲ ਸਰਕਾਰ ਤੇ ਕਿਸੇ ਤਰ੍ਹਾਂ ਦਾ ਹੀ ਵਿੱਤੀ ਬੋਝ ਨਹੀਂ ਪਵੇਗਾ।
ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੋਨਾਂ ਸੰਸਥਾਵਾਂ ਦੇ ਮੁਖੀਆਂ ਦੀ ਸਾਂਝੀ ਮੀਟਿੰਗ ਬੁਲਾ ਕੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ, ਫਰੀਦਕੋਟ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲਾਂ ਹੀ ਬਾਖੂਬੀ ਚਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜਮੀਨ, ਸਟਾਫ ਇੰਡੀਅਨ ਕਾਊਂਸਲ ਆਫ ਐਗਰੀਕਲਚਰਲ ਰਿਸਰਚ ਦੀਆਂ ਸ਼ਰਤਾਂ ਮੁਤਾਬਿਕ ਪੂਰਾ ਕੀਤਾ ਜਾ ਸਕਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਦੀ ਲਗਭਗ 65 ਏਕੜ ਜਮੀਨ ਦੀ ਵਰਤੋਂ ਵੀ ਇੰਡੀਅਨ ਕਾਊਂਸਲ ਆਫ ਐਗਰੀਕਲਚਰਲ ਰਿਸਰਚ ਦੀਆਂ ਸ਼ਰਤਾਂ ਮੁਤਾਬਿਕ ਇਸ ਮਕਸਦ ਲਈ ਕੀਤੀ ਜਾ ਸਕਦੀ ਹੈ।