ਪਿੰਡ ਕਰਮਗੜ ਔਤਾਂਵਾਲੀ ਦੇ ਲੋਕਾਂ ਨੂੰ ਨਹੀਂ ਮਿਲ ਰਹੀ ਪੀਣ ਵਾਲੇ ਪਾਣੀ ਦੀ ਸਪਲਾਈ।
--ਬੀਕੇਯੂ ਸਿੱਧੂਪੁਰ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਏਂ ਲਗਾਇਆ ਵਾਟਰ ਸਪਲਾਈ ਵਿਭਾਗ ਦੇ ਗੇਟ ਤੇ ਧਰਨਾ।
--ਜ਼ਮੀਨ ਹੇਠਲਾ ਪਾਣੀ ਪੀਣ ਕਾਰਨ ਲੋਕ ਹੋ ਰਹੇ ਹਨ ਬਿਮਾਰੀਆਂ ਦਾ ਸ਼ਿਕਾਰ।
ਮਾਨਸਾ , 27 ਜੂਨ 2022 : ਮਾਨਸਾ ਦੇ ਪਿੰਡ ਕਰਮਗੜ ਔਤਾਂਵਾਲੀ ਦੇ ਨਿਵਾਸੀਆਂ ਨੂੰ ਤੱਪਦੀ ਗਰਮੀਂ ਵਿੱਚ ਵੀ ਪੀਣ ਵਾਲੇ ਪਾਣੀ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਵਾਟਰ ਵਰਕਸ ਦਾ ਪਾਣੀ ਨਾ ਮਿਲਣ ਕਾਰਨ ਲੋਕ ਜ਼ਮੀਨ ਹੇਠਲਾ ਪਾਣੀ ਪੀ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸਦਾ ਵਿਰੋਧ ਕਰਦਿਆਂ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਪਿੰਡ ਜਵਾਹਰਕੇ ਵਿਖੇ ਵਾਟਰ ਸਪਲਾਈ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਦੇ ਗੇਟ ਤੇ ਧਰਨਾ ਲਗਾਕੇ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੇ ਜਿੱਥੇ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦੀ ਮੰਗ ਕੀਤੀ, ਉੱਥੇ ਵਿਭਾਗ ਦੇ ਐਕਸੀਅਨ ਦਾ ਕਹਿਣਾ ਹੈ ਕਿ ਵਿਭਾਗ ਨੂੰ ਰੈਵਨਿਓ ਇਕੱਠਾ ਨਾ ਹੋਣ ਕਾਰਣ ਪੰਪ ਆਪਰੇਟਰ ਨੇ ਕੰਮ ਬੰਦ ਕਰ ਦਿੱਤਾ ਹੈ, ਪਰ ਅਸੀਂ ਫਿਰ ਵੀ ਨਿੱਜ਼ੀ ਤੌਰ ਤੇ ਇਸਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਧਰਨੇ ਪ੍ਰਦਰਸ਼ਨ ਵਿੱਚ ਪਹੁੰਚੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਮੱਖਣ ਸਿੰਘ, ਮੇਜਰ ਸਿੰਘ ਤੇ ਲਖਵੀਰ ਸਿੰਘ ਨੇ ਕਿਹਾ ਕਿ ਅੱਜ ਵਾਟਰ ਸਪਲਾਈ ਵਿਭਾਗ ਦੇ ਜ਼ਿਲ੍ਹਾ ਦਫਤਰ ਦਾ ਘਿਰਾਓ ਕੀਤਾ ਗਿਆ ਹੈ ਕਿਉਂਕਿ ਪਿੰਡ ਕਰਮਗੜ ਔਤਾਂਵਾਲੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਅੱਧੇ ਤੋਂ ਵੱਧ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿੱਚ ਜ਼ਮੀਨੀ ਪਾਣੀ ਪੀਣ ਯੋਗ ਨਾ ਹੋਣ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕਈ ਵਾਰ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ, ਪਰ ਉਹਨਾਂ ਵੱਲੋਂ ਕੋਈ ਵੀ ਹੱਲ ਲਈ ਕੀਤਾ ਗਿਆ, ਜਿਸ ਕਾਰਨ ਅੱਜ ਮਜਬੂਰ ਹੋ ਕੇ ਅਸੀਂ ਵਾਟਰ ਵਰਕਸ ਵਿਭਾਗ ਦਾ ਜ਼ਿਲ੍ਹਾ ਦਫ਼ਤਰ ਘੇਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸੱਮਸਿਆ ਦਾ ਹੱਲ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ।
ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਕੇਵਲ ਗਰਗ ਨੇ ਕਿਹਾ ਕਿ ਵਿਭਾਗ ਨੂੰ ਪਿੰਡ ਵਿੱਚੋ ਰੈਵਨਿਓ 6 ਹਜਾਰ ਦੀ ਬਜਾਏ ਸਿਰਫ 700 ਰੁਪਏ ਇਕੱਠਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਵਨਿਓ ਇਕੱਠਾ ਨਾ ਹੋਣ ਕਾਰਣ ਤੇ ਤਨਖਾਹ ਨਾ ਮਿਲਣ ਕਾਰਨ ਪੰਪ ਆਪਰੇਟਰ ਨੇ ਕੰਮ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਫਿਰ ਵੀ ਨਿੱਜ਼ੀ ਤੌਰ ਤੇ ਇਸ ਮਾਮਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।