ਆਮ ਇਜਲਾਸ ’ਚ ਮਾਣਕ ਖਾਨਾ ਦੀ ਕਾਇਆ ਕਲਪ ਕਰਨ ਦਾ ਮਤਾ ਪਾਸ
ਅਸ਼ੋਕ ਵਰਮਾ
ਬਠਿੰਡਾ,26 ਜੂਨ2022: ਤਿੰਨ ਵਾਰ ਦੀ ਕੌਮੀ ਪੁਰਸਕਾਰ ਵਿਜੇਤਾ ਗ੍ਰਾਮ ਪੰਚਾਇਤ ਮਾਣਕ ਖਾਨਾ ਦੇ ਆਮ ਇਜਲਾਸ ਚ, ਗ੍ਰਾਮ ਸਭਾ ਦੇ ਮੈਂਬਰਾਂ ਨੇ ਸ਼ਮੂਲੀਅਤ ਕਰਕੇ ਪਿੰਡ ਦੀ ਕਾਇਆ ਕਲਪ ਕਰਨ ਲਈ ਮਤੇ ਸਰਬਸਮਤੀ ਨਾਲ ਪਾਸ ਕੀਤੇ ਗਏ। ਭਰਵੀਂ ਹਾਜਰੀ ਵਾਲੇ ਆਮ ਇਜਲਾਸ ਵਿੱਚ ਪੁਰਸ਼ਾਂ ਨਾਲੋਂ ਔਰਤਾਂ ਨੇ ਜਿਆਦਾ ਗਿਣਤੀ ਵਿੱਚ ਭਾਗ ਲਿਆ । ਇਜਲਾਸ ਦੀ ਪ੍ਰਧਾਨਗੀ ਚੇਅਰਪਰਸਨ ਸੈਸ਼ਨਦੀਪ ਕਰ ਨੇ ਕੀਤੀ ਅਤੇ ਸਭਾ ਵਿੱਚ ਪਹੁੰਚੇ ਮੈਂਬਰਾਂ ਨੂੰ ਜੀ ਆਇਆ ਕਿਹਾ । ਸਰਪੰਚ ਸੈਸ਼ਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਣੀ ਨੂੰ ਬਚਾਉਣ ਤੇ ਪੰਚਾਇਤੀ ਜਮੀਨ ਵਿੱਚ ਰਾੳਂੂਡ ਗਲਾਸ ਸੰਸਥਾ ਦੇ ਸਹਿਯੋਗ ਨਾਲ ਪੁਰਾਤਨ ਰੁੱਖ ਲਗਾ ਕੇ ਜੰਗਲ ਬਨ੍ਹਾਉਣ ਤੇ ਫਿਸ਼ ਪੌਂਡ ਬਨ੍ਹਾਉਣ ਦਾ ਅਹਿਦ ਲਿਆ ਗਿਆ।
ਸਾਂਝੀਆਂ ਥਾਂਵਾਂ ਤੇ ਰੇਨ ਵਾਟਰ ਰੀਚਾਰਜ ਪਿਟ ਬਣਾ ਕੇ ਮੀਂਹ ਦੇ ਪਾਣੀ ਨੂੰ ਧਰਤੀ ਹੇਠਲੇ ਪਾਣੀ ਚ, ਰੀਚਾਰਜ ਕੀਤਾ ਜਾਵੇਗਾ ਤਾਂ ਕਿ ਪਾਣੀ ਦੇ ਕੁਦਰਤੀ ਸੋਮੇ ਨੂੰ ਬਚਾਇਆ ਜਾ ਸਕੇ । ਚੇਅਰਪਰਸਨ ਨੇ ਪਿਛਲੇ ਵਿੱਤੀ ਸਾਲ ਦੇ ਆਮਦਨ ਅਤੇ ਖਰਚ ਦੇ ਵੇਰਵੇ ਪੜ੍ਹ ਕੇ ਸੁਣਾਏ ਤੇ ਚਾਲੂ ਸਾਲ ਦੋਰਾਂਨ ਕੀਤੇ ਜਾਣ ਵਾਲੇ ਕੰਮਾਂ ਦੀ ਪ੍ਰਗਤੀ ਰਿਪੋਰਟ ਗ੍ਰਾਮ ਸਭਾ ਦੇ ਮੈਂਬਰਾਂ ਦੇ ਅੱਗੇ ਪੇਸ਼ ਕੀਤੀ ਜਿਸ ਨੂੰ ਸਭਾ ਦੇ ਮੈਂਬਰਾਂ ਨੇ ਸਹੀ ਮੰਨਦਿਆਂ ਸਰਬਸੰਮਤੀ ਨਾਲ ਪਾਸ ਕੀਤਾ ।
ਵਿਕਾਸ ਕਾਰਜਾਂ ਤਹਿਤ ਪਿੰਡ ਨੂੰ ਤਰੱਕੀ ਦੀਆ ਬਰੂਹਾਂ ਤੇ ਲਿਜਾਣ ਲਈ ਪਿੰਡ ਦੇ ਛੱਪੜ ਨੂੰ ਅੰਮ੍ਰਿਤ ਸਰੋਵਰ ਬਨਾਉਣਾ , ਕੂੜੇ ਕਰਕਟ ਦੀ ਸੰਭਾਲ ਲਈ ਸਾਂਝੀਆਂ ਥਾਂਵਾਂ ਤੇ ਡਿਸਟਬਿਨ , ਬਜ਼ੁਰਗਾਂ ਦੇ ਬੈਠਣ ਲਈ ਬੈਂਚ, ਕਬਰਸਤਾਨ ਦੀ ਅਧੂਰੀ ਰਹਿੰਦੀ ਚਾਰਦੀਵਾਰੀ , ਸ਼ਮਸ਼ਾਨਘਾਟ ਦਾ ਸ਼ੈਡ ਤੇ ਰਿਪੇਅਰ , ਐਸ ਸੀ ਭਾਈਚਾਰੇ ਦੀ ਧਰਮਸਾਲਾ ਦਾ ਵਰਾਂਡਾ , ਰੰਗ ਰੋਗਨ ਤੇ ਰਿਪੇਅਰ , ਪਸ਼ੂਆਂ ਦਾ ਸ਼ੈਡ ,ਗਲੀਆਂ ਨਾਲੀਆਂ ਦੀ ਉਸਾਰੀ , ਸਕੂਲ ਦਾ ਕੰਮ ਮੁਕੰਮਲ ਕਰਨਾ , ਜਿੰਮ ਦਾ ਸਮਾਨ , ਢਾਣੀਆਂ ਦੇ ਰਸਤੇ ਪੱਕਾ ਕਰਨਾ ਅਤੇ ਸੋਲਰ ਲਾਇਟਾਂ ਲਾਉਣ ਦੇ ਮਤੇ ਪਾਸ ਕੀਤੇ ਗਏ । ਸਮਾਜਿਕ ਬਰਾਈਆਂ ਨੂੰ ਰੋਕਣ ਤੇ ਨਸ਼ਿਆਂ ਦੇ ਖ਼ਾਤਮੇ ਲਈ ਬੀੜਾਂਾ ਚੁੱਕਣ ਦਾ ਮੁੱਦਾ ਵੀ ਸ਼ਾਮਲ ਕੀਤਾ।
ਗ੍ਰਾਮ ਸਭਾ ਦੇ ਮੈਂਬਰ ਬਲਜਿੰਦਰ ਸਿੰਘ ਨੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਦਾ ਮੁੱਦਾ ਉਠਾਇਆ ਅਤੇ ਭੁਪਿੰਦਰ ਕੋਰ ਨੇ ਸੋਲਰ ਲਾਇਟ ਵਾਰੇ , ਸੈਲਫ ਹੈਲਪ ਗਰੁੱਪ ਦੇ ਮੈਂਬਰ ਕਰਮਜੀਤ ਕੌਰ ਨੇ ਲਿਮਟ ਦੇ ਵਾਧੇ ਕਰਨ ਸਬੰਧੀ ,ਸਰਬਜੀਤ ਕੌਰ ਨੇ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਰੱਖੇ ਜਾਣ, ਅਮਰਜੀਤ ਕੌਰ ਨੇ ਸੋਕਪਿਟ ਬਨ੍ਹਾਉਣ, ਰਾਜਵਿੰਦਰ ਸਿੰਘ ਨੇ ਘਰੇਲੂ ਗੈਸ ਸਪਲਾਈ ਦਾ ਮੁੱਦਾ ਇਜਲਾਸ ਵਿੱਚ ਉਠਾਇਆ । ਇੰਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਸਰਪੰਚ ਸੈਸ਼ਨਦੀਪ ਕੌਰ ਨੇ ਭਰੋਸਾ ਦਿੱਤਾ ਤੇ ਕਾਰਵਾਈ ਰਜਿਸਟਰ ਵਿੱਚ ਦਰਜ ਕੀਤਾ । ਇਸ ਮੌਕੇ ਪੰਚ ਚਰਨਜੀਤ ਕੌਰ , ਕਿਸਾਨ ਆਗੂ ਲਖਵੀਰ ਸਿੰਘ , ਟਰਾਸਪੋਟਰ ਜਗਸੀਰ ਸਿੰਘ ਸਿੱਧੂ , ਪਰਮਜੀਤ ਸਿੰਘ ਵੀ ਡੀ ੳ , ਬਲਜਿੰਦਰ ਸਿੰਘ , ਨਾਇਬ ਸਿੰਘ , ਨਛੱਤਰ ਸਿੰਘ ਅਤੇ ਜੱਗਾ ਸਿੰਘ ਹਾਜਰ ਸਨ।