ਬਿਆਸ: ਲੋਕਾਂ ਦੇ ਵਿਰੋਧ ਦੇ ਬਾਵਜੂਦ ਗੋਲਾ ਬਾਰੂਦ ਡਿਪੂ ਦੇ ਨਾਲ ਲੱਗਦੀ ਜ਼ਮੀਨ ਦੀ ਨਿਸ਼ਾਨਦੇਹੀ ਸ਼ੁਰੂ
ਬਲਰਾਜ ਸਿੰਘ ਰਾਜਾ
ਖਿਲਚੀਆਂ, 26 ਜੂਨ 2022 - ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋ ਗੋਲਾ ਬਾਰੂਦ ਡਿਪੂ ਬਿਆਸ ਦੇ ਨਾਲ ਲੱਗਦੀ ਡੇਰਾ ਬਿਆਸ ਦੀ ਕੰਧ ਅਤੇ ਹੋਰ ਉਸਾਰੀਆਂ ਜੋ 1000 ਮੀਟਰ ਦੇ ਘੇਰੇ ਵਿਚ ਆਉਂਦੀਆਂ ਹਨ ਉਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਆਦੇਸ਼ ਦਿੱਤੇ ਸਨ ਜੋ ਕਿ ਡੇਰਾ ਰਾਧਾ ਸੁਆਮੀ ਦੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਪਿੰਡਾਂ ਦੇ ਸਥਾਨਕ ਲੋਕਾਂ ਵਲੋ ਵਿਰੋਧ ਬਾਵਜੂਦ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਨਿਸ਼ਾਨਦੇਹੀ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜਲਦ ਹੀ ਨਿਸ਼ਾਨਦੇਹੀ ਮੁਕੰਮਲ ਕਰਕੇ ਰਿਪੋਰਟ ਦਿੱਤੀ ਜਾਵੇਗੀ।
ਮੌਕੇ ਜਾ ਕੇ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਹਰਿਆਣਾ ਹਾਈਕੋਰਟ ਇਕ ਸਿਵਲ ਰਿੱਟ ਪਟੀਸ਼ਨ ਦੇ ਸਬੰਧ ਵਿਚ ਗੋਲਾ ਬਾਰੂਦ ਡਿਪੂ ਬਿਆਸ ਦੇ ਨਾਲ ਲੱਗਦੇ 1000 ਮੀਟਰ ਦੇ ਘੇਰੇ ਵਿਚ ਆਉਂਦੀ ਡੇਰਾ ਰਾਧਾ ਸੁਆਮੀ ਬਿਆਸ ਦੀ ਕੰਧ ਅਤੇ ਹੋਰ ਉਸਾਰੀਆਂ ਦੀ ਨਿਸ਼ਾਨਦੇਹੀ ਕਰਕੇ ਉਸ ਉੱਪਰ ਡੀ ਸੀ ਅੰਮ੍ਰਿਤਸਰ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਪਰ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ , ਮਾਲ ਵਿਭਾਗ ਅਧਿਕਾਰੀ ਅਤੇ ਭਾਰੀ ਪੁਲੀਸ ਲੈ ਕੇ ਉੱਥੇ ਪੁੱਜੇ ਸਨ ਪਰ ਡੇਰਾ ਰਾਧਾ ਸੁਆਮੀ ਸ਼ਰਧਾਲੂਆ ਅਤੇ ਲੋਕਾਂ ਦੇ ਵਿਰੋਧ ਕਾਰਨ ਉਹ ਨੇਪਰੇ ਨਹੀਂ ਚੜ ਸਕੀ ਸੀ ਪਰ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਸਵੇਰੇ 10-30 ਵਜੇ ਆਪਣੇ ਅਮਲੇ ਨੂੰ ਲੈ ਕਿ ਬੁੱਢਾ ਥੇਹ ਬਿਆਸ ਪੁੱਜ ਗਏ ਸਨ ਜਿਨ੍ਹਾਂ ਨੇ 2 ਵਜੇ ਤੱਕ ਆਪਣੇ ਮਾਲ ਵਿਭਾਗ ਦੇ ਅਮਲੇ ਰਾਹੀ ਪੱਕੀਆਂ ਬੁਰਜੀਆਂ ਕਾਇਮ ਕਰਕੇ ਨਿਸ਼ਾਨਦੇਹੀ ਨੂੰ ਚਾਲੂ ਕਰਨ ਆਰੰਭਤਾ ਕਰ ਦਿੱਤੀ ।
ਡੇਰਾ ਰਾਧਾ ਸੁਆਮੀ ਬਿਆਸ ਦੇ ਸੈਕਟਰੀ ਨਿਰਮਲ ਪਟਵਾਲੀਆ ਅਤੇ ਬੋਹੜ ਸਿੰਘ ਨੇ ਵੱਡੀ ਗਿਣਤੀ ਵਿਚ ਡੇਰਾ ਸ਼ਰਧਾਲੂ ਅਤੇ ਕੁਝ ਸਥਾਨਕ ਲੋਕ ਨੂੰ ਨਾਲ ਲੈ ਕਿ ਅਸਲਾ ਡਿਪੂ ਬਿਆਸ ਦੇ ਗੇਟ ਅੱਗੇ ਧਰਨਾ ਲਾਕੇ ਬੈਠ ਗਏ । ਉਨ੍ਹਾਂ ਪੰਜਾਬ ਸਰਕਾਰ,ਆਰਮੀ ਅਫ਼ਸਰਾਂ ਅਤੇ ਪ੍ਰਸ਼ਾਸਨ ਵਿਰੁੱਧ ਨਿਸ਼ਾਨਦੇਹੀ ਰੋਕਣ ਲਈ ਨਾਅਰੇਬਾਜ਼ੀ ਕੀਤੀ ਪਰ ਅੱਜ ਮਾਲ ਅਫ਼ਸਰਾਂ ਵਲੋ ਆਪਣਾ ਕੰਮ ਜਾਰੀ ਰੱਖਿਆ ਗਿਆ।
ਇਸ ਮੌਕੇ ਐੱਸ ਡੀ ਐਮ ਦਮਨਦੀਪ ਕੌਰ ,ਨਾਇਬ ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ,ਚੀਫ਼ ਪ੍ਰਬੰਧਕ ਸੈਕਟਰੀ ਦਵਿੰਦਰ ਕੁਮਾਰ ਸੀਕਰੀ ਵੀ ਮੌਜੂਦ ਸਨ । ਇਸ ਮੌਕੇ ਡੀ ਆਰ ਉ ਸੰਜੀਵ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਗੋਲਾ ਬਾਰੂਦ ਡਿਪੂ ਦੇ ਦੁਆਲੇ 1000 ਮੀਟਰ ਦੇ ਘੇਰੇ ਦੀ ਨਿਸ਼ਾਨਦੇਹੀ ਕਰਨ ਵਾਸਤੇ ਅੱਜ ਮਾਲ ਵਿਭਾਗ ਵਲੋ ਪਿੰਡ ਬੁੱਢਾ ਥੇਹ ਅਤੇ ਦੋਲੋ ਨੰਗਲ ਵਾਲੇ ਪਾਸੇ ਤੋ ਤਿੰਨ ਪੱਕੀਆਂ ਬੁਰਜੀਆਂ ਕਾਇਮ ਕਰ ਦਿੱਤੀਆਂ ਗਈਆਂ ਹਨ ਅਤੇ ਸਾਮ ਤੱਕ ਇਕ ਹੋਰ ਪੱਕੀ ਬੁਰਜੀ ਕਾਇਮ ਕਰਨ ਉਪਰੰਤ ਨਿਸ਼ਾਨਦੇਹੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਸੰਖੇਪ ਸ਼ਬਦਾਂ ਵਿਚ ਕਿਹਾ ਕਿ ਇਸ ਨੂੰ ਨੇਪਰੇ ਚਾੜ੍ਹਨ ਵਾਸਤੇ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੇ ਇਹ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ।