ਅਯੁੱਧਿਆ : ਸਰਯੂ 'ਚ ਇਸ਼ਨਾਨ ਕਰਦੇ ਸਮੇਂ ਪਤਨੀ ਨੂੰ ਚੁੰਮਣ 'ਤੇ ਰਾਮਭਗਤਾਂ ਨੂੰ ਆਇਆ ਗੁੱਸਾ, ਜੋੜੇ ਨੂੰ ਨਦੀ 'ਚੋਂ ਘਸੀਟ ਕੇ ਦਿੱਤੀ ਤਾਲਿਬਾਨੀ ਸਜ਼ਾ
ਰਾਮ ਨਗਰੀ ਅਯੁੱਧਿਆ ਦੇ ਕੰਢੇ ਵਹਿ ਰਹੀ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਦੇ ਸਮੇਂ ਇੱਕ ਵਿਅਕਤੀ ਨੂੰ ਆਪਣੀ ਪਤਨੀ ਨੂੰ ਗਲੇ ਲਗਾਉਣਾ ਅਤੇ ਚੁੰਮਣਾ ਭਾਰੀ ਪੈ ਗਿਆ। ਮੌਕੇ 'ਤੇ ਗੁੱਸੇ 'ਚ ਆਏ ਲੋਕਾਂ ਨੇ ਨਦੀ 'ਚ ਨਹਾਉਂਦੇ ਹੋਏ ਪਤੀ-ਪਤਨੀ ਨੂੰ ਬਾਹਰ ਕੱਢਿਆ ਅਤੇ ਪਤੀ 'ਤੇ ਹੱਥ ਸਾਫ ਕੀਤੇ
ਦੀਪਕ ਗਰਗ,ਬਾਬੂਸ਼ਾਹੀ ਨੈਟਵਰਕ
ਕੋਟਕਪੂਰਾ 25 ਜੂਨ 2022
ਰਾਮ ਨਗਰੀ ਅਯੁੱਧਿਆ ਦੇ ਕੰਢੇ ਵਗਦੀ ਪਵਿੱਤਰ ਨਦੀ ਸਰਯੂ ਵਿੱਚ ਇਸ਼ਨਾਨ ਕਰਨ ਦੌਰਾਨ ਇੱਕ ਵਿਅਕਤੀ ਨੂੰ ਆਪਣੀ ਪਤਨੀ ਨੂੰ ਗਲੇ ਲਗਾਉਣਾ ਅਤੇ ਚੁੰਮਣਾ ਭਾਰੀ ਪੈ ਗਿਆ। ਮੌਕੇ 'ਤੇ ਗੁੱਸੇ 'ਚ ਆਏ ਲੋਕਾਂ ਨੇ ਨਦੀ 'ਚ ਨਹਾਉਂਦੇ ਹੋਏ ਪਤੀ-ਪਤਨੀ ਨੂੰ ਬਾਹਰ ਕੱਢਿਆ ਅਤੇ ਪਤੀ 'ਤੇ ਹੱਥ ਸਾਫ ਕੀਤੇ। ਜਨਤਕ ਥਾਂ 'ਤੇ ਸ਼ਰੇਆਮ ਅਸ਼ਲੀਲਤਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਪੁਲਿਸ ਸਰਗਰਮ ਹੋ ਗਈ ਹੈ।
ਪੁਲਿਸ ਨੇ ਮੀਡਿਆ ਨੂੰ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਹਾਲਾਂਕਿ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋੜੇ ਦੇ ਨਾਲ ਨਾਲ ਉਨ੍ਹਾਂ ਤੇ ਹਮਲਾ ਕਰਨ ਵਾਲੇ ਕਥਿਤ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਅਯੁੱਧਿਆ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ ਕਿ ਥਾਣਾ ਕੋਤਵਾਲੀ ਅਯੁੱਧਿਆ ਦੇ ਇੰਚਾਰਜ ਇੰਸਪੈਕਟਰ ਨੂੰ ਜਾਂਚ ਕਰਨ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਘਟਨਾ ਦੀ ਸਹੀ ਤਰੀਕ ਦੀ ਪੁਸ਼ਟੀ ਹੋਣੀ ਬਾਕੀ ਹੈ, ਹਾਲਾਂਕਿ ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਇਹ ਰਾਮ ਕੀ ਪੌੜੀ ਘਾਟ 'ਤੇ ਮੰਗਲਵਾਰ ਨੂੰ ਵਾਪਰੀ।
ਜਾਣਕਾਰੀ ਮੁਤਾਬਕ ਅਯੁੱਧਿਆ 'ਚ ਪਵਿੱਤਰ ਸਰਯੂ ਨਦੀ 'ਚ ਇਕ ਜੋੜਾ ਵੀ ਇਸ਼ਨਾਨ ਕਰ ਰਿਹਾ ਸੀ, ਜਿਸ ਦੌਰਾਨ ਸਾਰੇ ਲੋਕ ਇਸ਼ਨਾਨ ਕਰ ਰਹੇ ਸਨ। ਨੌਜਵਾਨ ਹੋਰ ਮਰਦਾਂ ਵਾਂਗ ਅਰਧ ਨਗਨ ਹਾਲਤ ਵਿੱਚ ਸੀ ਪਰ ਉਸ ਦੇ ਨਾਲ ਦੀ ਕੁੜੀ ਨੇ ਸਲਵਾਰ ਸੂਟ ਪਾਇਆ ਹੋਇਆ ਸੀ। ਜਦੋਂ ਸਾਰੇ ਲੋਕ ਸਰਯੂ ਨਦੀ 'ਚ ਇਸ਼ਨਾਨ ਕਰ ਰਹੇ ਸਨ ਤਾਂ ਇਹ ਜੋੜਾ ਇਸ਼ਨਾਨ ਦੇ ਨਾਂ 'ਤੇ ਰਾਸਲੀਲਾ ਬਣਾਉਣ ਦੇ ਕੰਮ 'ਚ ਲੱਗਾ ਹੋਇਆ ਸੀ। ਜਨਤਕ ਥਾਂ 'ਤੇ ਪਤੀ-ਪਤਨੀ ਦੀਆਂ ਅਸ਼ਲੀਲ ਹਰਕਤਾਂ ਦੇਖ ਕੇ ਉਥੇ ਨਹਾ ਰਹੇ ਹੋਰ ਲੋਕਾਂ ਦੇ ਵੀ ਭਰਵੱਟੇ ਖੜ੍ਹੇ ਹੋ ਗਏ। ਲੋਕਾਂ ਨੇ ਇਤਰਾਜ਼ ਕੀਤਾ ਅਤੇ ਨੌਜਵਾਨ ਨੂੰ ਪਾਣੀ ਵਿੱਚੋਂ ਖਿੱਚ ਕੇ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਚਾਅ ਲਈ ਆਈ ਲੜਕੀ ਨੇ ਵੀ ਲੋਕਾਂ ਨੂੰ ਪੁੱਠਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਮੌਕੇ 'ਤੇ ਮੌਜੂਦ ਦਰਜਨਾਂ ਲੋਕਾਂ ਦੀ ਭੀੜ ਨੇ ਦਰਿਆ 'ਚ ਮੌਜੂਦ ਇਸ ਅੱਧ-ਨੰਗੇ ਨੌਜਵਾਨ ਨੂੰ ਘੇਰ ਲਿਆ ਅਤੇ ਉਸ 'ਤੇ ਹੱਥ ਸਾਫ ਕਰਨ ਲੱਗੇ।
ਸਰਯੂ ਗੰਗਾ ਦੀਆਂ ਸੱਤ ਸਹਾਇਕ ਨਦੀਆਂ ਵਿੱਚੋਂ ਇੱਕ ਹੈ ਅਤੇ ਇਸਨੂੰ ਹਿੰਦੂਆਂ ਦੁਆਰਾ ਪਵਿੱਤਰ ਮੰਨਿਆ ਜਾਂਦਾ ਹੈ। ਅਯੁੱਧਿਆ, ਭਗਵਾਨ ਰਾਮ ਦਾ ਜਨਮ ਸਥਾਨ, ਸਰਯੂ ਨਦੀ ਦੇ ਕੰਢੇ 'ਤੇ ਸਥਿਤ ਹੈ।
ਇਸ ਪੂਰੀ ਘਟਨਾ ਦਾ ਵੀਡੀਓ ਆਪਣੇ ਟਵਿੱਟਰ ਹੈਂਡਲ 'ਤੇ ਜਾਰੀ ਕਰਦੇ ਹੋਏ ਸੁਨੀਤ ਸਿੰਘ ਨਾਂ ਦੇ ਵਿਅਕਤੀ ਨੇ ਲਿਖਿਆ, "ਅਯੁੱਧਿਆ: ਸਰਯੂ 'ਚ ਇਸ਼ਨਾਨ ਕਰਦੇ ਸਮੇਂ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਚੁੰਮ ਲਿਆ। ਫਿਰ ਅੱਜ ਦੇ ਰਾਮ ਭਗਤਾਂ ਨੇ ਕੀ ਕੀਤਾ।" ਟਵਿਟਰ 'ਤੇ ਕਈ ਲੋਕ ਜਨਤਕ ਥਾਂ 'ਤੇ ਜੋੜੇ ਦੀ ਇਸ ਨਸਲੀ ਹਰਕਤ ਨੂੰ ਸਹੀ ਠਹਿਰਾ ਰਹੇ ਹਨ, ਉਥੇ ਹੀ ਕਈ ਲੋਕ ਇਸ ਦੇ ਸਮਰਥਨ 'ਚ ਰੀਟਵੀਟ ਵੀ ਕਰ ਰਹੇ ਹਨ। ਸੁਭਾਸ਼ ਤਿਵਾਰੀ ਨੇ ਟਵੀਟ 'ਤੇ ਟਿੱਪਣੀ ਕੀਤੀ ਕਿ "ਸਹੀ ਕੀਤਾ। ਪ੍ਰੇਮਲਿੰਗਨ ਬੈਡਰੂਮ ਜਾਂ ਇਕਾਂਤ 'ਚ ਕੀਤਾ ਜਾਣਾ ਚਾਹੀਦਾ ਹੈ, ਜਨਤਕ ਥਾਵਾਂ 'ਤੇ ਨਹੀਂ।" ਮੁਜ਼ਮਮਿਲ-ਏ-ਸ਼ੇਖ ਨੇ ਲਿਖਿਆ ਹੈ ਕਿ "ਰਾਮ ਭਗਤਾਂ ਨੇ ਜੋ ਕੀਤਾ ਹੈ, ਉਹ ਸਹੀ ਹੈ। ਧਾਰਮਿਕ ਸਥਾਨਾਂ 'ਤੇ ਅਸ਼ਲੀਲਤਾ ਕਿਸੇ ਵੀ ਧਰਮ ਜਾਤੀ ਦਾ ਵਿਅਕਤੀ ਬਰਦਾਸ਼ਤ ਨਹੀਂ ਕਰ ਸਕਦਾ। ਕਿਉਂਕਿ ਭਾਰਤ ਦੀ ਸੰਸਕ੍ਰਿਤੀ ਅਤੇ ਸਭਿਅਤਾ ਗੰਦੀ ਨਹੀਂ ਹੈ।" ਉਥੇ ਹੀ ਬਲਰਾਜ ਕੇਰੋਕ ਨਾਂ ਦੇ ਯੂਜ਼ਰ ਨੇ ਲਿਖਿਆ ਹੈ ਕਿ "ਧਾਰਮਿਕ ਸਥਾਨ 'ਤੇ ਚੁੰਮਣਾ ਗਲਤ ਹੈ। ਇਹ ਕੰਮ ਘਰ 'ਚ ਵੀ ਕੀਤਾ ਜਾ ਸਕਦਾ ਹੈ। ਇਹ ਥਾਈਲੈਂਡ ਨਹੀਂ, ਇਹ ਭਾਰਤ ਹੈ। ਲੋਕਾਂ ਨੂੰ ਆਪਣੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ ਹੈ।" ਉਥੇ ਹੀ ਵਿਕਰਮ ਸਿੰਘ ਨਾਂ ਦੇ ਯੂਜ਼ਰ ਨੇ ਜੋੜੇ ਦੀਆਂ ਹਰਕਤਾਂ 'ਤੇ ਇਤਰਾਜ਼ ਕਰਨ ਵਾਲਿਆਂ 'ਤੇ ਹੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕ ਕਿੰਨੇ ਧਿਆਨ ਨਾਲ ਜੋੜੇ ਨੂੰ ਦੇਖ ਰਹੇ ਸਨ ਅਤੇ ਭੁੱਖੇ ਬਘਿਆੜ ਵਾਂਗ ਟੁੱਟ ਗਏ।