ਕੈਨੇਡਾ: 17 ਲੱਖ ਲੋਕਾਂ ਲਈ ਬਰਾਬਰ ਦੇ ਹੱਕ ਜਿੱਤਣ ਦਾ ਇਤਿਹਾਸਕ ਮੌਕਾ
ਸੁਖਵੰਤ ਹੁੰਦਲ, ਬਾਬੂਸ਼ਾਹੀ ਨੈਟਵਰਕ, 25 ਜੂਨ 2022
ਕੈਨੇਡਾ ਵਿੱਚ ਮਾਈਗਰੈਂਟ ਕਾਮਿਆਂ ਦੇ ਹੱਕਾਂ ਲਈ ਜੱਦੋਜਹਿਦ ਕਰ ਰਹੀ ਜਥੇਬੰਦੀ ਮਾਈਗਰੈਂਟ ਰਾਈਟਸ ਨੈੱਟਵਰਕ ਨੇ ਕੱਲ੍ਹ 23 ਜੂਨ ਨੂੰ ਹੇਠ ਲਿਖੀ ਜਾਣਕਾਰੀ ਜਾਰੀ ਕੀਤੀ ਹੈ।
ਅਗਲੇ ਦੋ ਮਹੀਨਿਆਂ ਦੌਰਾਨ ਸਰਕਾਰੀ ਅਧਿਕਾਰੀ ਅੰਦਰ-ਖਾਤੇ ਚੁੱਪਚਾਪ ਜ਼ਿੰਦਗੀਆਂ ਬਦਲਣ ਵਾਲੇ ਫੈਸਲੇ ਕਰਨਗੇ।
ਇਹ ਹੇਠ ਲਿਖੀਆਂ ਗੱਲਾਂ ਕਾਰਨ ਹੈ:
1. (ਕੈਨੇਡਾ ਦੀ)ਪਾਰਲੀਮੈਂਟ ਨੇ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕਰਕੇ ਇੰਮੀਗ੍ਰੇਸ਼ਨ ਦੇ ਮਨਿਸਟਰ ਨੂੰ ਕਿਹਾ ਹੈ ਕਿ ਉਹ 8 ਸਤੰਬਰ ਤੱਕ ਵਰਕ ਅਤੇ ਸਟੱਡੀ ਦੇ ਪਰਮਿਟਾਂ ਵਾਲੇ ਲੋਕਾਂ ਸਮੇਤ ਘੱਟ-ਤਨਖਾਹਾਂ `ਤੇ ਕੰਮ ਕਰਨ ਵਾਲਿਆਂ ਨੂੰ ਪੱਕੇ ਵਸਨੀਕ (ਪਰਮਾਨੈਂਟ ਰੈਜ਼ੀਡੈਂਟ) ਦਾ ਦਰਜਾ ਦੇਣ ਦੀ ਵਿਉਂਤ ਬਣਾਏ।
2. ਪ੍ਰਾਈਮ ਮਨਿਸਟਰ ਟਰੂਡੋ ਨੇ ਵੀ ਇੰਮੀਗ੍ਰੇਸ਼ਨ ਮਨਿਸਟਰ ਨੂੰ ਕਿਹਾ ਹੈ ਕਿ ਉਹ "ਰੈਗੂਲਰਾਈਜੇਸ਼ਨ ਪ੍ਰੋਗਰਾਮ"ਤਿਆਰ ਕਰੇ, ਜਿਸ ਦਾ ਭਾਵ ਹੈ ਅਨਡਾਕੂਮੈਂਟਿਡ ਲੋਕਾਂ ਨੂੰ ਪੱਕੇ ਵਸਨੀਕ (ਪਰਮਾਨੈਂਟ ਰੈਜ਼ੀਡੈਂਟ) ਦਾ ਦਰਜਾ ਦੇਣ ਲਈ ਪ੍ਰੋਗਰਾਮ ਤਿਆਰ ਕਰਨਾ।
ਇਸ ਨਾਲ ਇਕ ਵੱਡਾ ਰਾਹ ਖੁੱਲ੍ਹ ਰਿਹਾ ਹੈ। ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਕੁਝ ਘੱਟ-ਤਨਖਾਹਾਂ `ਤੇ ਕੰਮ ਕਰਨ ਵਾਲੇ ਕੇਅਰਗਿਵਰਜ਼ ਅਤੇ ਫਾਰਮ ਵਰਕਰਾਂ ਲਈ ਇੰਮੀਗ੍ਰੇਸ਼ਨ ਦੇ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਦੇ ਬਹੁਤ ਔਖੇ ਅਤੇ ਥੋੜ੍ਹੇ ਮੌਕੇ ਉਪਲਬਧ ਹਨ। ਬਹੁਤੇ ਮਾਈਗ੍ਰੈਂਟਾਂ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਕੀਤੀ ਜਾਂਦਾ। ਅਤੇ ਦਹਾਕਿਆਂ ਤੋਂ ਕੈਨੇਡਾ ਜਾਂ ਉੱਤਰੀ ਅਮਰੀਕਾ ਵਿੱਚ ਅਨਡਾਕੂਮੈਂਟਿਡ ਕਾਮਿਆਂ ਨੂੰ ਵੱਡੀ ਪੱਧਰ `ਤੇ ਪੱਕੇ ਕਰਨ ਦੇ (ਰੈਗੂਲਰਜਾਈਜ਼ੇਸ਼ਨ) ਪ੍ਰੋਗਰਾਮ ਦੀ ਵਰਤੋਂ ਨਹੀਂ ਕੀਤੀ ਗਈ।
ਫੈਡਰਲ ਸਰਕਾਰ `ਤੇ ਅਜਿਹੀ ਪਲੈਨ, ਜੋ ਸਾਨੂੰ ਸਾਰਿਆਂ ਨੂੰ ਸ਼ਾਮਲ ਕਰਦੀ ਹੋਵੇ, ਲਾਗੂ ਕਰਾਉਣ ਲਈ ਜ਼ੋਰ ਪਾਉਣ ਦਾ ਸਮਾਂ ਹੁਣ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਹਰ ਇਕ ਬਰਾਬਰ ਦੇ ਹੱਕਾਂ ਦਾ ਹੱਕਦਾਰ ਹੈ।
ਇੰਮੀਗਰੇਸ਼ਨ ਦਾ ਪੂਰਾ ਅਤੇ ਪੱਕਾ ਦਰਜਾ ਕੈਨੇਡਾ ਵਿੱਚ ਮਜ਼ਦੂਰ ਸ਼ਕਤੀ ਅਤੇ ਆਰਥਿਕਤਾ ਦਾ ਚਿਹਰਾ ਬਦਲ ਦੇਵੇਗਾ। ਇਸ ਦਾ ਉਸ ਦੁਨੀਆ `ਤੇ ਵਿਸ਼ਵ ਪੱਧਰ ਦਾ ਅਸਰ ਪਏਗਾ, ਜਿਸ ਦੁਨੀਆ ਵਿੱਚ ਬਹੁਤ ਸਾਰੇ ਮੁਲਕ ਦਿਨੋ ਦਿਨ ਨਸਲਵਾਦੀ ਬਣਦੇ ਜਾ ਰਹੇ ਹਨ।
ਪਰ ਬਹੁਤ ਸਾਰੀਆਂ ਸ਼ਕਤੀਆਂ ਹਨ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਮਾਈਗਰੈਂਟਾਂ ਨੂੰ ਉਹਨਾਂ ਦੇ ਅਧਿਕਾਰ ਮਿਲਣ। ਭੈੜੇ ਕੰਮ-ਮਾਲਕ ਅਤੇ ਮਕਾਨ ਮਾਲਕ, ਸਿਹਤ ਸੰਭਾਲ ਦੇ ਖੇਤਰ ਵਿੱਚ ਕੰਮ ਕਰਦੇ ਪ੍ਰਾਈਵੇਟ ਕਾਰੋਬਾਰ, ਅਤੇ ਵੱਡੇ ਵੱਡੇ ਕਾਲਜ ਮਾਈਗਰੈਂਟਾਂ ਨੂੰ ਘੱਟ ਤਨਖਾਹਾਂ ਦੇਣ ਅਤੇ ਉਹਨਾਂ ਦੇ ਸਿਰ ਤੋਂ ਪੈਸਾ ਕਮਾਉਣ ਦੇ ਆਦੀ ਹੋ ਗਏ ਹਨ। ਇੰਮੀਗ੍ਰੈਂਟਾਂ ਦਾ ਵਿਰੋਧ ਕਰਨ ਵਾਲੇ ਨਸਲਵਾਦੀ ਗਰੁੱਪ ਵੀ ਹਾਂ-ਪੱਖੀ ਤਬਦੀਲੀਆਂ ਦਾ ਵਿਰੋਧ ਕਰਦੇ ਹਨ। ਉਹ ਮਿਲ ਕੇ ਸਾਨੂੰ ਵੰਡਣ ਦੀ ਕੋਸਿ਼ਸ਼ ਕਰਨਗੇ ਅਤੇ ਬਹੁਤ ਸਾਰਿਆਂ ਨੂੰ ਬਾਹਰ ਰੱਖ ਕੇ ਥੋੜ੍ਹਿਆਂ ਜਿਹਾ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਤਬਦੀਲੀਆਂ ਦੀ ਗੱਲ ਕਰਕੇ ਸਾਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਨਗੇ।
ਅਗਾਂਹ ਕੀ ਹੋਵੇਗਾ, ਇਹ ਸਾਡੇ `ਤੇ ਨਿਰਭਰ ਹੈ। ਆਉਣ ਵਾਲੇ ਹਫਤਿਆਂ ਦੌਰਾਨ ਮਾਈਗਰੈਂਟ ਪਟੀਸ਼ਨ `ਤੇ ਦਸਖਤ ਕਰਾਉਣ ਲਈ ਸੜਕਾਂ `ਤੇ ਅਤੇ ਕਮਿਊਨਿਟੀਆਂ ਵਿੱਚ ਮੀਟਿੰਗਾਂ ਕਰਨਗੇ, ਧਾਰਮਿਕ ਕੇਂਦਰਾਂ ਵਿੱਚ ਭਾਸ਼ਨ ਦੇਣਗੇ ਅਤੇ ਸੋਸ਼ਲ ਮੀਡੀਏ ਅਤੇ ਖਬਰਾਂ ਵਿੱਚ ਆਪਣੀ ਗੱਲ ਪਹੁੰਚਾਉਣਗੇ।
ਤੁਸੀਂ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋ ਸਕਦੇ ਹੋ। ਸ਼ੁਰੂਆਤ ਮਾਈਗਰੈਂਟ ਰਾਈਟਸ ਨੈੱਟਵਰਕ ਵੱਲੋਂ ਕੱਲ੍ਹ ਜਾਰੀ ਕੀਤੀ ਪਟੀਸ਼ਨ `ਤੇ ਦਸਖਤ ਕਰਕੇ ਕੀਤੀ ਜਾ ਸਕਦੀ ਹੈ। ਇਹ ਪਟੀਸ਼ਨ ਹੇਠ ਲਿਖੇ ਲਿੰਕ `ਤੇ ਦਿੱਤੀ ਗਈ ਹੈ।
https://migrantrights.ca/take-action/permanent-resident-status/