ਜਲਾਲਦੀਵਾਲ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਰਹੀ ਹੈ ਕਮਾਲ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਖ਼ੁਦ ਟਰੈਕਟਰ ਚਲਾਇਆ
ਲੁਧਿਆਣਾਃ 21 ਮਈ 2022 - ਗਦਰੀ ਦੇਸ਼ਭਗਤ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਪਿੰਡ ਜਲਾਲਦੀਵਾਲ (ਨੇੜੇ ਰਾਏਕੋਟ) ਦੇ ਉੱਦਮ ਸਦਕਾ ਅੱਜ ਪਿੰਡ ਜਲਾਲਦੀਵਾਲ ਵਿਖੇ ਸੰਸਥਾ ਦੇ ਡਾਇਰੈਕਟਰ ਤੇ ਵਾਤਾਵਰਣ ਮਾਹਿਰ ਡਾ. ਹਰਮੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਾਣੀ ਬਚਾਉਣ ਦਾ ਹੋਕਾ ਦੇਣ ਲਈ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ।
ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਮੈਡਮ ਸੁਰਭੀ ਮਲਿਕ ਆਈ ਏ ਐੱਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ.ਮੱਖਣ ਸਿੰਘ ਭੁੱਲਰ ਅਤੇ ਡਾ. ਜਸਵੀਰ ਸਿੰਘ ਗਿੱਲ (ਫ਼ਸਲ ਸਾਇੰਸਦਾਨ ), ਉੱਘੇ ਪੱਤਰਕਾਰ ਅਤੇ ਚਿੰਤਕ ਬਲਤੇਜ ਪੰਨੂ , ਰਾਏਕੋਟ ਤੋਂ ਵਿਧਾਇਕ ਸਃ ਹਾਕਮ ਸਿੰਘ ਠੇਕੇਦਾਰ,ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ , ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ ਨਰਿੰਦਰ ਸਿੰਘ ਬੈਨੀਪਾਲ , ਪ੍ਰੋ ਤੇਜਪਾਲ ਸਿੰਘ ਗਿੱਲ, ਐਸ ਡੀ ਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਤੋਂ ਇਲਾਵਾ ਕੋਈ ਹੋਰ ਪਤਵੰਤੇ ਕਿਸਾਨ ਤੇ ਸਮਾਜ ਸੇਵੀ ਕਾਰਕੁਨ ਹਾਜ਼ਰ ਸਨ । ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ ਮੱਖਣ ਸਿੰਘ ਭੁੱਲਰ ਅਤੇ ਡਾ ਜਸਬੀਰ ਸਿੰਘ ਗਿੱਲ ਨੇ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਤੇ ਚਿੰਤਾ ਜ਼ਾਹਿਰ ਕਰਦਿਆਂ ਪਾਣੀ ਨੂੰ ਬਚਾਉਣ ਦੇ ਉਪਾਵਾਂ ਤੇ ਆਪਣੇ ਵਿਚਾਰ ਰੱਖਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ।
ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਵੱਡੀ ਮਾਤਰਾ ਵਿੱਚ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਕਿਸਾਨਾਂ ਨੂੰ ਵੀ ਫ਼ਸਲ ਦਾ ਪੂਰਾ ਝਾੜ ਪ੍ਰਾਪਤ ਹੁੰਦਾ ਹੈ।
ਸਮਾਗਮ ਚ ਪੁੱਜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਨੇ ਕਿਹਾ ਕਿ ਘਟ ਰਹੇ ਪਾਣੀ ਦਾ ਪੱਧਰ ਇਕ ਬੇਹੱਦ ਗੰਭੀਰ ਮੁੱਦਾ ਹੈ, ਜਿਸ ਲਈ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ । ਇਸ ਮੌਕੇ ਆਪਣੇ ਸੰਬੋਧਨ ਵਿੱਚ ਪਟਿਆਲਾ ਤੋਂ ਆਏ ਅੰਤਰ ਰਾਸ਼ਟਰੀ ਪੱਤਰਕਾਰ ਬਲਤੇਜ ਪੰਨੂੰ ਨੇ ਨਾੜ ਨੂੰ ਲਗਾਈ ਜਾਣ ਵਾਲੀ ਅੱਗ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਅਸੀਂ ਆਪਣੇ ਸਵਾਰਥ ਲਈ ਦਰੱਖਤਾਂ ਨੂੰ ਅੱਗ ਵਿੱਚ ਝੋਕਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਸਾਡੀ ਆਉਣ ਵਾਲੀ ਪੀਡ਼੍ਹੀ ਨੂੰ ਆਪਣੇ ਮੋਢਿਆਂ ਤੇ ਸਕੂਲ ਬੈਗ ਦੀ ਥਾਂ ਆਕਸੀਜਨ ਦੇ ਸਿਲੰਡਰ ਚੁੱਕ ਕੇ ਲਿਜਾਣੇ ਪੈਣਗੇ । ਸਮਾਗਮ ਦੇ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਹਰਮਿੰਦਰ ਸਿੰਘ ਸਿੱਧੂ ਵੱਲੋਂ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਸਮਾਗਮ ਵਿੱਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਗੁਲਾਬ ਦੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।
ਵਰਨਣ ਯੋਗ ਗੱਲ ਇਹ ਹੈ ਕਿ ਇਹ ਸੰਸਥਾ ਪਿਛਲੇ ਦਸ ਸਾਲ ਤੋਂ ਇਲਾਕੇ ਵਿੱਚ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਖ਼ਿਲਾਫ਼ ਲੋਕ ਚੇਤਨਾ ਲਹਿਰ ਚਲਾ ਰਹੀ ਹੈ।