ਜਗਰਾਓਂ ਕਾਂਗਰਸ ਵਿਚ ਵੱਡਾ ਧਮਾਕਾ: ਬਲਾਕ ਕਾਂਗਰਸ ਪ੍ਰਧਾਨ ਫੀਨਾ ਨੇ ਦਿੱਤਾ ਇਸਤੀਫ਼ਾ
ਦੀਪਕ ਜੈਨ
- ਪ੍ਰਧਾਨ ਦੀ ਥਾਂ ਉਸਦਾ ਭਰਾ ਆਪਣੀ ਵੱਧ ਚਲਾਉਂਦਾ : ਫੀਨਾ
ਜਗਰਾਓਂ, 21 ਮਈ 2022 - ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੂਰੇ ਸੂਬੇ ਵਿਚ ਕਾਂਗਰਸ ਪਾਰਟੀ ਦੇ ਨੇਤਾਵਾਂ ਵਲੋਂ ਪਾਰਟੀ ਛੱਡੀ ਜਾ ਰਹੀ ਹੈ ਅਤੇ ਅੱਜ ਜਗਰਾਓਂ ਵਿਚ ਵੀ ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਸੱਭਰਵਾਲ ਫੀਨਾ ਵਲੋਂ ਆਪਣਾ ਇਸਤੀਫ਼ਾ ਹਾਇਕਮਾਨ ਨੂੰ ਸੌਂਪਿਆ ਗਿਆ ਹੈ। ਓਨਾ ਵਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਆਪਣੇ ਇਸਤੀਫੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਫੀਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਓਨਾ ਦੀ ਪਤਨੀ ਕੌਂਸਲਰ ਅਨੀਤਾ ਸਭਰਵਾਲ ਜੋਕਿ ਨਗਰ ਕੌਂਸਲ ਜਗਰਾਓਂ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹਿ ਚੁਕੇ ਹਨ , ਦੇ ਵਾਰਡ ਨੂੰ ਪਿਛਲੇ ਕਾਫੀ ਸਮੇ ਤੋਂ ਅਣਗੌਲਿਆ ਜਾ ਰਿਹਾ ਸੀ ਅਤੇ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਰਿਹਾ ਸੀ। ਜਿਸ ਕਾਰਨ ਦੁਖੀ ਹੋਕੇ ਓਨਾ ਵਲੋਂ ਬਲਾਕ ਪ੍ਰਧਾਨਗੀ ਤੋਂ ਇਸਤੀਫ਼ਾ ਦੇਣਾ ਠੀਕ ਸਮਝਿਆ ਗਿਆ।
ਫੀਨਾ ਸਭਰਵਾਲ ਨੇ ਇਹ ਵੀ ਕਿਹਾ ਕਿ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਵਲੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤਾ ਜਾ ਰਹੇ ਸਨ ਪਰ ਕੋਈ ਭ੍ਰਿਸ਼ਟਾਚਾਰ ਖਮ ਨਹੀਂ ਹੋਇਆ ਅਤੇ ਪਹਿਲਾਂ ਵਾਂਙ ਹੀ ਕਮਿਸ਼ਨ ਦਾ ਖੇਲ ਚਲਦਾ ਆ ਰਿਹਾ ਹੈ। ਓਨਾ ਨਵੀਂ ਬਣ ਰਹੀ ਰਾਏਕੋਟ ਰੋਡ ਦਾ ਜਿਕਰ ਕਰਦਿਆਂ ਦਸਿਆ ਕਿ ਇਸ ਰੋਡ ਨੂੰ ਪਹਿਲਾਂ ਹੀ ਕੁਝ ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਘਟੀਆ ਮਾਲ ਲੱਗਣ ਦੇ ਚਲਦਿਆਂ ਧਰਨੇ ਅਤੇ ਸ਼ਿਕਾਇਤਾਂ ਕਰਕੇ ਬੰਦ ਕਰਵਾਇਆ ਗਿਆ ਸੀ ਅਤੇ ਬਾਅਦ ਵਿਚ ਵੱਡੇ ਅਧਿਕਾਰੀਆਂ ਵਲੋਂ ਜਾਂਚ ਕਰਕੇ ਸਹੀ ਮਾਲ ਲਗਾਉਣ ਦੀ ਸ਼ਰਤ 'ਤੇ ਕੰਮ ਚਲਣ ਦਿੱਤਾ ਗਿਆ ਸੀ ਜੋਕਿ ਸਿੱਧਾ ਸਿੱਧਾ ਨਗਰ ਕੌਂਸਲਰ ਵਿਚ ਕਮਿਸ਼ਨ ਦੇ ਚਲ ਰਹੇ ਭ੍ਰਿਸ਼ਟਾਚਾਰ ਵਲ ਉਂਗਲ ਕਰ ਰਿਹਾ ਸੀ। ਓਨਾ ਕਿਹਾ ਕਿ ਭਾਵੇਂ ਨਗਰ ਕੌਂਸਲ ਦਾ ਪ੍ਰਧਾਨ ਕਮਿਸ਼ਨ ਨਹੀਂ ਲੈਂਦਾ ਪਰ ਹੋਰ ਕਿਸੇ ਨੇ ਤਾਂ ਭ੍ਰਿਸ਼ਟਾਚਾਰ ਕਰਨ ਵਿਚ ਕਸਰ ਨਹੀਂ ਛੱਡੀ।
ਪ੍ਰੈਸ ਕਾਨਫਰੰਸ ਦੌਰਾਨ ਫੀਨਾ ਸੱਭਰਵਾਲ ਨੇ ਦਸਿਆ ਕਿ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਜਗਾਹ ਉਸਦਾ ਭਰਾ ਕੌਂਸਲਰ ਰਵਿੰਦਰ ਪਾਲ ਰਾਜੂ ਹੀ ਆਪਣੇ ਆਪ ਨੂੰ ਪ੍ਰਧਾਨ ਨਾਲੋਂ ਵੱਧ ਸਮਝਦਾ ਹੈ ਨਗਰ ਕੌਂਸਲ ਵਿਚ ਆਪਣੇ ਚਲਾਉਂਦਾ ਹੈ ਅਤੇ ਦੂਜੇ ਕੌਂਸਲਰਾਂ ਅਤੇ ਅਧਿਕਾਰੀਆਂ ਨੂੰ ਟਿੱਚ ਜਾਣਦਾ ਹੈ। ਕਾਨਫਰੰਸ ਦੌਰਾਨ ਜਦੋਂ ਫੀਨਾ ਨੂੰ ਪੁੱਛਿਆ ਗਿਆ ਕਿ ਜਦੋ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਸ ਵੇਲੇ ਵੀ ਪ੍ਰਧਾਨ ਰਾਣਾ ਹੀ ਸੀ ਤਾਂ ਉਸ ਵੇਲੇ ਤੁਹਾਡੇ ਵਲੋਂ ਪ੍ਰਧਾਨ ਖਿਲਾਫ ਕੁਝ ਕਿਓਂ ਨਹੀਂ ਬੋਲਿਆ ਗਿਆ , ਤਾਂ ਓਨਾ ਜਵਾਬ ਦਿੱਤਾ ਕਿ ਸਾਨੂੰ ਪਾਰਟੀ ਹਾਇਕਮਾਨ ਵਲੋਂ ਸਭ ਕੁਝ ਠੀਕ ਕਰਨ ਦਾ ਭਰੋਸਾ ਦੇਕੇ ਚੁੱਪ ਕਰਵਾਇਆ ਜਾ ਰਿਹਾ ਸੀ ਪਰ ਹੁਣ ਪਾਣੀ ਸਿਰੋਂ ਲੰਘ ਗਿਆ ਸੀ। ਇਸ ਸੰਬੰਧੀ ਜਦੋ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਓਨਾ ਕਿਹਾ ਕਿ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਪਰ ਇਹ ਕੁਝ ਕੌਂਸਲਰ ਜੋਕਿ ਕੰਮ ਦੇ ਨਾਲ ਨਾਲ ਠੇਕੇਦਾਰੀ ਵੀ ਕਰਦੇ ਹਨ , ਦੀ ਦਾਲ ਮੈਂ ਨਹੀਂ ਨਹੀਂ ਗਲਣ ਦਿੱਤੀ।