ਬਾਦਲਾਂ ਦੀ ‘ਸਿਆਸੀ ਗੁੱਡੀ ਅੰਬਰੀ’ ਚੜ੍ਹਾਉਣ ਵਾਲੀ ਰਹੀ ਪਟਿਆਲਾ ਜੇਲ੍ਹ
ਅਸ਼ੋਕ ਵਰਮਾ
ਬਠਿੰਡਾ,21ਮਈ2022:ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਸੁਰਖੀਆਂ ’ਚ ਆਈ ਪਟਿਆਲਾ ਜੇਲ੍ਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪ੍ਰੀਵਾਰ ਦੀ ਸਿਆਸੀ ਗੁੱਡੀ ਅੰਬਰੀਂ ਚੜ੍ਹਾਉਣ ਵਾਲੀ ਸਾਬਤ ਹੋਈ ਹੈ। ਹਾਲਾਂਕਿ ਪਿਛਲੀ 24ਫਰਵਰੀ ਤੋਂ ਇਸੇ ਜੇਲ੍ਹ ’ਚ ਹਵਾਲਾਤੀ ਦੇ ਤੌਰ ਤੇ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਅਗਾਮੀ ਸਿਆਸੀ ਭਵਿੱਖ ਕਿਹੋ ਜਿਹਾ ਰਹਿੰਦਾ ਹੈ ਇਹ ਤਾਂ ਸਮਾਂ ਹੀ ਤੈਅ ਕਰੇਗਾ ਪਰ ਇਸ ਜੇਲ੍ਹ ਨੇ ਬਾਦਲ ਪ੍ਰੀਵਾਰ ਦੀ ਸਿਆਸਤ ਨੂੰ ਅਹਿਮ ਮੋੜ ਦਿੱਤਾ ਸੀ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਕਾਲੇ ਦਿਨਾਂ ਦੌਰਾਨ ਸਾਲ 1992 ’ਚ ਕਰਵਾਈਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਬਾਦਲ ਵੱਲੋਂ ਕੀਤੇ ਬਾਈਕਾਟ ਦੌਰਾਨ ਸੱਤਾ ਕਾਂਗਰਸ ਦੇ ਹੱਥ ’ਚ ਆਈ ਸੀ। ਇਸ ਮੌਕੇ ਬੇਅੰਤ ਸਿੰਘ ਮੁੱਖ ਮੰਤਰੀ ਬਣੇ ਸਨ ਜਿੰਨ੍ਹਾਂ ਨੂੰ ਬਾਅਦ ’ਚ ਕਤਲ ਕਰ ਦਿੱਤਾ ਗਿਆ ਸੀ। ਸਾਲ 1997 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਅਕਾਲੀ ਦਲ ਦੇ ਹੱਥ ਆ ਗਈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਗਏ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਕੈਪਟਨ ਅਮਰਿੰਦਰ ਸਿੰਘ ਸੱਤਾ ’ਚ ਆਏ ਸਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਲੜਕੇ ਸੁਖਬੀਰ ਸਿੰਘ ਬਾਦਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਤਾਂ ਉਨ੍ਹਾਂ ਨੂੰ ਵੀ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ।
ਬਾਦਲ ਪ੍ਰੀਵਾਰ ਜਦੋਂ ਬਾਹਰ ਆਇਆ ਤਾਂ ਉਦੋਂ ਤੱਕ ਬਾਦਲਾਂ ਦੇ ਹੱਕ ’ਚ ਵੱਡੀ ਲਹਿਰ ਖੜ੍ਹੀ ਹੋ ਚੁੱਕੀ ਸੀ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਵਰਗੀ ਵੱਡੀ ਸੰਸਥਾ ਦੀ ਹਮਾਇਤ ਲੈਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਾਂ ਬਣਾ ਸਕੇ ਅਤੇ ਸੱਤਾ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਆ ਗਈ। ਇਸ ਤੋਂ ਬਾਅਦ ਹੀ ਬਾਦਲ ਪ੍ਰੀਵਾਰ ਨੇ ਪਿੱਛੇ ਮੁੜਕੇ ਦੇਖਿਆ ਨਹੀਂ ਬਲਕਿ ਲਗਾਤਾਰ ਅੱਗੇ ਹੀ ਵਧਦਾ ਗਿਆ। ਸਾਲ 2009 ’ਚ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੂੰ ਇੱਕ ਲੱਖ ਵੋਟਾਂ ਨਾਲ ਹਰਾਕੇ ਸੰਸਦ ਮੈਂਬਰ ਬਣੀ।
ਇਸੇ ਦੌਰਾਨ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਸਿਆਸੀ ਵਾਰਿਸ ਐਲਾਨਦਿਆਂ ਅਕਾਲੀ ਦਲ ਦਾ ਪਹਿਲਾਂ ਪ੍ਰਧਾਨ ਅਤੇ ਫਿਰ ਪੰਜਾਬ ਦਾ ਉੱਪ ਮੁੱਖ ਮੰਤਰੀ ਬਣਾਇਆ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੜ ਬਾਦਲ ਸਰਕਾਰ ਸੱਤਾ ’ਚ ਆਈ ਅਤੇ ਦੋਵੇਂ ਮੁੱਖ ਅਹੁਦਿਆਂ ਤੇ ਬਾਦਲ ਪ੍ਰੀਵਾਰ ਕਾਬਜ ਰਿਹਾ । ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਹਰਸਿਮਰਤ ਕੌਰ ਬਾਦਲ ਨੇ ਦੂਸਰੀ ਵਾਰ ਜਿੱਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਸਿਮਰਤ ਕੌਰ ਬਾਦਲ ਹੈਟਰਿਕ ਮਾਰਨ ’ਚ ਸਫਲ ਰਹੀ ਅਤੇ ਆਪਣਾ ਅਸਤੀਫਾ ਦੇਣ ਤੱਕ ਪਹਿਲਾਂ ਵਾਲੇ ਮਹਿਕਮੇ ’ਚ ਵਜ਼ੀਰ ਰਹੇ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਬਾਦਲ ਪ੍ਰੀਵਾਰ ਨੂੰ ਵੱਡੀ ਸਫਲਤਾ ਨਾਂ ਮਿਲੀ ਅਤੇ 2022 ’ਚ ਬਾਦਲ ਬੁਰੀ ਤਰਾਂ ਪਛੜ ਗਏ ਜਦੋਂਕਿ ਇਸ ਤੇਂ ਪਹਿਲਾਂ ਵਾਲੇ ਅਰਸੇ ਦੌਰਾਨ ਪੰਜਾਬ ਅਤੇ ਕੌਮੀ ਪੱਧਰ ’ਤੇ ਬਾਦਲਾਂ ਦੀ ਤੂਤੀ ਬੋਲਦੀ ਰਹੀ । ਜਾਣਕਾਰੀ ਅਨੁਸਾਰ ਸਾਲ 1977 ’ਚ ਮੁਲਕ ’ਚ ਲਾਈ ਐਮਰਜੈਂਸੀ ਮੌਕੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵੀ ਪਟਿਆਲਾ ਜੇਲ੍ਹ ’ਚ ਬੰਦ ਰਹੇ ਹਨ ਜਿੰਨ੍ਹਾਂ ਨੇ ਵੀ ਬਾਅਦ ’ਚ ਵੱਡਾ ਸੱਤਾ ਸੁੱਖ ਹੰਢਾਇਆ। ਕੈਪਟਨ ਦੇ ਰਾਜ ’ਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤੱਤਕਾਲੀ ਚੇਅਰਮੈਨ ਰਵੀ ਸਿੱਧੂ ਦੇ ਕੈਦ ਕੱਟਣ ਕਾਰਨ ਪਟਿਆਲਾ ਜੇਲ੍ਹ ਵੱਡੀਆਂ ਸੁਰਖੀਆਂ ’ਚ ਰਹੀ।
ਸਾਲ 2007 ’ਚ ਅਕਾਲੀ ਸਰਕਾਰ ਬਣਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਭਰਤਇੰਦਰ ਸਿੰਘ ਚਹਿਲ ਨੂੰ ਪਟਿਆਲਾ ਜੇਲ੍ਹ ਵਿੱਚ ਭੇਜਣ ਕਾਰਨ ਜੇਲ੍ਹ ਦਾ ਨਾਮ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਧਮਾਕੇ ਰਾਹੀਂ ਕਤਲ ਕਰ ਦੇਣ ਦੇ ਮਾਮਲੇ ’ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਜਿੰਨ੍ਹਾਂ ਦੀ ਫਾਂਸੀ ਦੀ ਸ਼ਜਾ ਨੂੰ ਉਮਰਕੈਦ ’ਚ ਤਬਦੀਲ ਕਰਨ ਲਈ ਅਪੀਲ ਦਾਇਰ ਹੈ, ਵੀ ਪਟਿਆਲਾ ਜੇਲ੍ਹ ’ਚ ਰੱਖੇ ਹੋਏ ਹਨ।
ਜਾਣਕਾਰੀ ਅਨੁਸਾਰ ਅੱਧੀ ਦਰਜਨ ਫਾਂਸੀ ਸਜ਼ਾਯਾਫਤਾ ਕੈਦੀਆਂ ਨੂੰ ਵੀ ਪਟਿਆਲਾ ਜੇਲ੍ਹ ’ਚ ਰੱਖਿਆ ਹੋਇਆ ਹੈ ਜਦੋਂਕਿ ਇੱਥੇ ਏ ਅਤੇ ਬੀ ਕੈਟਾਗਰੀ ਦੇ ਗੈਂਗਸਟਰ ਵੀ ਬੰਦ ਹਨ ਜੋ ਵਿਸ਼ੇਸ਼ ਸਕਿਉਰਟੀ ਸੈਲ ’ਚ ਵੱਖਰੇ ਤੌਰ ਤੇ ਬੰਦ ਕੀਤੇ ਗਏ ਹਨ। ਇਹ ਕੁੱਝ ਮਿਸਾਲਾਂ ਹਨ ਪਟਿਆਲਾ ਜੇਲ੍ਹ ਕਦੇ ਆਪਣੇ ਜੇਲ੍ਹ ਸੁਪਰਡੈਂਟ ਅਤੇ ਕਦੀ ਕਿਸੇ ਨਾਂ ਕਿਸੇ ਦੂਸਰੇ ਕਾਰਨਾਂ ਕਰਕੇ ਅਕਸਰ ਮੀਡਆ ਦਾ ਸ਼ਿੰਗਾਰ ਬਣੀ ਰਹਿੰਦੀ। ਹੁਣ ਸਿਆਸਤ ਦੇ ਸਿਰਕੱਢ ਖਿਡਾਰੀਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਕਦੇ ਲੰਗੋਟੀਆ ਯਾਰ ਰਹੇ ਅਤੇ ਹੁਣ ਕੱਟੜ ਵਿਰੋਧੀ ਬਿਕਰਮਜੀਤ ਸਿੰਘ ਮਜੀਠੀਆ ਦੇ ਬੰਦ ਹੋਣ ਕਾਰਨ ਲੋਕਾਂ ਦੀਆਂ ਨਜ਼ਰਾਂ ਪਟਿਆਲਾ ਜੇਲ੍ਹ ਤੇ ਟਿਕ ਗਈਆਂ ਹਨ।