ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅਬੋਹਰ-ਫਾਜ਼ਿਲਕਾ ਰੋਡ ’ਤੇ ਲਾਇਆ ਧਰਨਾ
ਇੰਦਰਜੀਤ ਸਿੰਘ
ਅਬੋਹਰ, 21 ਮਈ, 2022: ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਅੱਜ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਅਬੋਹਰ-ਫਾਜ਼ਿਲਕਾ ਰੋਡ ਜਾਮ ਕਰ ਦਿੱਤਾ ਗਿਆ । ਕਿਸਾਨਾਂ ਵੱਲੋਂ ਲਾਏ ਗਏ ਜਾਮ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ।
ਕਿਸਾਨਾਂ ਦਾ ਰੋਸ ਹੈ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਖੇਤਰ ਦਾ ਦੌਰਾ ਕੀਤਾ ਗਿਆ ਸੀ ਅਤੇ ਕਿਸਾਨਾਂ ਦੀ ਸਿੰਚਾਈ ਪਾਣੀਆਂ ਸਬੰਧੀ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਗਿਆ ਸੀ ਕਿ ਜਲਦ ਹੀ ਨਹਿਰਾਂ ਦੇ ਵਿੱਚ ਪਾਣੀ ਛੱਡ ਦਿੱਤਾ ਜਾਵੇਗਾ ਪਰ ਉਨ੍ਹਾਂ ਦੇ ਕੀਤੇ ਗਏ ਵਾਅਦੇ ਤੋਂ ਬਾਅਦ ਵੀ ਹਾਲੇ ਤੱਕ ਨਹਿਰਾਂ ਵਿਚ ਪਾਣੀ ਨਹੀਂ ਪਹੁੰਚਿਆ । ਜਿਸ ਕਰਕੇ ਜਿੱਥੇ ਇਲਾਕੇ ਦੇ ਕਿੰਨੂੰ ਦੇ ਬਾਗ ਬਰਬਾਦ ਹੋ ਰਹੇ ਹਨ ਉਥੇ ਹੀ ਨਰਮੇ ਦੀ ਬਿਜਾਈ ਵੀ ਪੂਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਹੈ । ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਨਹਿਰਾਂ ਦੇ ਵਿੱਚ ਪਾਣੀ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ।