ਕੀ ‘ਅੱਥਰੀ ਬੋਲਬਾਣੀ’ ਕਾਰਨ ਨੱਕੋਂ ਬੁੱਲ੍ਹੋਂ ਲਹਿਆ ਨਵਜੋਤ ਸਿੰਘ ਸਿੱਧੂ ?
ਅਸ਼ੋਕ ਵਰਮਾ
ਬਠਿੰਡਾ,20 ਮਈ2022: ਕੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਅੱਥਰੀ ਬੋਲਬਾਣੀ ਨੇ ਸਿਆਸਤ ਦੇ ਅਰਸ਼ ਤੋਂ ਫਰਸ਼ ਤੇ ਲੈ ਆਂਦਾ ਹੈ?ਨਵਜੋਤ ਸਿੱਧੂ ਨੂੰ ਹੋਈ ਸਜ਼ਾ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੇਖਣ ’ਚ ਆਇਆ ਹੈ ਕਿ ਜੋ ਕਾਂਗਰਸੀ ਆਗੂ ਕਦੇ ਨਵਜੋਤ ਸਿੱਧੂ ਦੇ ਅੱਗੇ ਪਿੱਛੇ ਘੁੰਮਦੇ ਸਨ ਉਨ੍ਹਾਂ ਵਿੱਚੋਂ ਕਈ ਤਾਂ ਖੁੱਲ੍ਹ ਕੇ ਖਿਲਾਫ ਬੋਲੇ ਹਨ। ਸਿੱਧੂ ਦੇ ਹੱਕ ’ਚ ਸਿਰਫ ਉਨ੍ਹਾਂ ਮੂੰਹ ਖੋਲਿ੍ਹਆ ਜਿੰਨ੍ਹਾਂ ਨੂੰ ਹਾਲੀਆ ਵਿਧਾਨ ਸਭਾ ਚੋਣਾਂ ’ਚ ਸਿਆਸੀ ਤੌਰ ਤੇ ਬੇਰੁਜ਼ਗਾਰ ਕਰ ਦਿੱਤਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਰਾਜਨੀਤੀ ’ਚ ਹਲੀਮੀ ਅਤੇ ਸਹਿਨਸ਼ੀਲਤਾ ਬੇਹੱਦ ਵੱਡਾ ਹਥਿਆਰ ਹੁੰਦਾ ਹੈ ਪਰ ਸਿੱਧੂ ਤਾਂ ਹਮੇਸ਼ਾ ‘ਠੋਕੋ ਤਾਲੀ’ ਵਰਗੇ ਵਿਸ਼ੇਸ਼ਣਾ ਨਾਲ ਚਰਚਾ ’ਚ ਰਹਿਣ ਦੇ ਆਦੀ ਹਨ। ਉਨ੍ਹਾਂ ਕਿਹਾ ਕਿ ਕਿ ਇਸ ਤਰਾਂ ਦੀਆਂ ਗੱਲਾਂ ਜਾਂ ਫਿਰ ਚੁਟਕਲਿਆਂ ਅਤੇ ਵਿਰੋਧੀ ਸਿਆਸੀ ਆਗੂਆਂ ਤੇ ਤੰਨਜ਼ ਕਸਕੇ ਲੋਕਾਂ ਨੂੰ ਹਸਾਇਆ ਜਾ ਸਕਦਾ ਹੈ ਪਰ ਇਹ ਢੰਗ ਤਰੀਕੇ ਜਿਆਦਾ ਦੇਰ ਕਾਰਗਰ ਨਹੀਂ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਸਿੱਧੂ ਤਾਂ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਸੰਜੀਦਾ ਨਹੀਂ ਹੁੰਦੇ ਜਦੋਂਕਿ ਅਜਿਹੇ ਪਲੇਟਫਾਰਮਾਂ ਤੇ ਤਾਂ ਪੂਰੀ ਸੰਜੀਦਗੀ ਦਿਖਾਉਣੀ ਚਾਹੀਦੀ ਹੈ।
ਦਰਅਸਲ ਕ੍ਰਿਕਟ ਦੇ ਨਾਮੀ ਖਿਡਾਰੀ ਰਹੇ ਨਵਜੋਤ ਸਿੱਧੂ ਨੇ ਸਾਲ 2004 ਵਿੱਚ ਭਾਜਪਾ ਵੱਲੋਂ ਸੰਸਦ ਮੈਂਬਰ ਬਣ ਕੇ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ ਜੋ ਸਾਲ 2009 ਤੱਕ ਚੱਲੀ ਸੀ ਜਦੋਂਕਿ ਸਿੱਧੂ ਦੀ ਦੂਸਰੀ ਪਾਰੀ 2009 ਤੋਂ 2014 ਤੱਕ ਦੀ ਰਹੀ ਹੈ। ਭਾਵੇਂ ਸਿੱਧੂ ਨੇ ਖੁਦ ਨੂੰ ਪੰਜਾਬ ਹਿਤੈਸ਼ੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੰਸਦ ਵਿੱਚ ਪੰਜਾਬ ਨਾਲ ਸਬੰਧਤ ਮੁੱਦੇ ਉਠਾਉਣ ’ਚ ਆਟੇ ਵਿੱਚ ਲੂਣ ਜਿੰਨਾਂ ਯੋਗਦਾਨ ਹੀ ਰਿਹਾ ਹੈ। ਸਿੱਧੂ ਦੇ ਭਾਜਪਾ ਦਾ ਸੰਸਦ ਮੈਂਬਰ ਹੁੰਦਿਆਂ ਪੰਜਾਬ ’ਚ ਜਿਆਦਾਤਰ ਸਮਾਂ ਅਕਾਲੀ ਭਾਜਪਾ ਗੱਠਜੋੜ ਦਾ ਰਾਜ ਭਾਗ ਸੀ। ਇਸ ਦੌਰਾਨ ਵੀ ਨਵਜੋਤ ਸਿੱਧੂ ਪੰਜਾਬ ਸਰਕਾਰ ਨੂੰ ਘੇਰਦੇ ਰਹੇ ।
ਤੱਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਤਾਂ ਉਨ੍ਹਾਂ ਦੀ ਖੜਕਦੀ ਰਹੀ ਹੈ ਜੋ ਦੋਵਾਂ ਭਾਈਵਾਲਾਂ ’ਚ ਕੁੜੱਤਣ ਵਧਾਉਣ ਵਾਲੀ ਸਾਬਤ ਹੋ ਗਈ। ਅੰਤ ਨੂੰ ਸਿੱਧੂ ਕਾਂਗਰਸ ’ਚ ਸ਼ਾਮਲ ਹੋ ਗਏ ਅਤੇ ਪੰਜਾਬ ’ਚ ਕਾਂਗਰਸ ਸਰਕਾਰ ਬਣਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਬਾਰੇ ਵਜ਼ੀਰ ਬਣਾ ਦਿੱਤਾ। ਇਸੇ ਦੌਰਾਨ ਸਿੱਧੂ ਵੱਲੋਂ ਆਪਣਿਆਂ ਖਿਲਾਫ ਹੀ ਚੌਕਿਆਂ ਛੱਕਿਆਂ ਦੀ ਬਰਸਾਤ ਜਾਰੀ ਰਹੀ। ਜਦੋਂ ਪਾਣੀ ਸਿਰ ਤੋਂ ਲੰਘਦਾ ਦਿਖਾਈ ਦਿੱਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਿਸ ਲੈਕੇ ਊਰਜਾ ਮੰਤਰੀ ਬਣਾਇਆ ਪਰ ਸਿੱਧੂ ਨੇ ਇਸ ਨੂੰ ਕਦੇ ਪ੍ਰਵਾਨ ਨਹੀਂ ਕੀਤਾ ਅਤੇ ਆਪਣੀ ਵੱਖਰੀ ਡਫਲੀ ਵਜਾਉਣੀ ਜਾਰੀ ਰੱਖੀ।
ਅਚਾਨਕ ਬਦਲੇ ਸਿਆਸੀ ਹਾਲਾਤਾਂ ਦਰਮਿਆਨ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾ ਦਿੱਤੇ ਗਏ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੇ ਤੌਰ ਤੇ ਰੁਖਸਤੀ ਹੋ ਗਈ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ। ਜਦੋਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਵਾਜ ਬੁਲੰਦ ਕੀਤੀ ਤਾਂ ਉਨ੍ਹਾਂ ਪੰਜਾਬ ਦੇ 18 ਨੁਕਾਤੀ ਏਜੰਡੇ ਦੀ ਗੱਲ ਰੱਖੀ ਸੀ। ਪ੍ਰਧਾਨਗੀ ਸੰਭਾਲਣ ਤੋਂ 72 ਦਿਨਾਂ ਮਗਰੋਂ ਹੀ ਨਵਜੋਤ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਮੁੱਦਿਆਂ ’ਤੇ ਕੋਈ ਸਮਝੌਤਾ ਨਹੀਂ ਕਰਨਗੇ। ਨਵਜੋਤ ਸਿੱਧੂ ਵੱਲੋਂ ਅਸਤੀਫ਼ਾ ਦੇਣ ਪਿੱਛੇ ਬਰਗਾੜੀ ਅਤੇ ਬਹਿਬਲ ਗੋਲੀ ਕਾਂਡ ਵਰਗੇ ਜੋ ਕਾਰਨ ਦੱਸੇ ਉਹ ਬਿਨਾਂ ਸ਼ੱਕ ਇਖ਼ਲਾਕੀ ਤੌਰ ’ਤੇ ਵਜਨ ਰੱਖਦੇ ਹਨ ।
ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਬਰਗਾੜੀ ਅਤੇ ਬਹਿਬਲ ਕਾਂਡ ਵਾਪਰੇ ਸਨ ਤਾਂ ਉਦੋਂ ਇਨ੍ਹਾਂ ਮੁੱਦਿਆਂ ਨੂੰ ਸਿੱਧੂ ਨੇ ਤੱਤਕਾਲੀ ਗੱਠਜੋੜ ਸਰਕਾਰ ਕੋਲ ਕਿਉਂ ਨਹੀਂ ਉਠਾਇਆ ਸੀ। ਸਿਆਸੀ ਮਾਹਿਰ ਆਖਦੇ ਹਨ ਕਿ ਹਰ ਮਸਲੇ ਦਾ ਹੱਲ ਜਨਤਕ ਤੌਰ ਤੇ ਰੌਲਾ ਰੱਪਾ ਨਹੀਂ ਹੁੰਦਾ ਹੈੇ। ਸਿੱਧੂ ਨੂੰ ਪਾਰਟੀ ਫੋਰਮ ਜਾਂ ਫਿਰ ਸਰਕਾਰ ਕੋਲ ਪੂਰੀ ਮਜਬੂਤੀ ਨਾਲ ਰੱਖਕੇ ਆਪਣੀਆਂ ਗੱਲਾਂ ਮਨਵਾਉਣੀਆਂ ਚਾਹੀਦੀਆਂ ਸਨ। ਕਾਂਗਰਸ ਦੇ ਇੱਕ ਸਾਬਕਾ ਮੰਤਰੀ ਨੇ ਵੀ ਅੱਜ ਆਪਣਾ ਨਾਮ ਨਾਂ ਆਉਣ ਦੀ ਸ਼ਰਤ ਤੇ ਮੰਨਿਆ ਕਿ ਸਿੱਧੂ ਦੀ ਬੋਲਬਾਣੀ ਨੇ ਉਨ੍ਹਾਂ ਦੇ ਸਿਆਸੀ ਦੁਸ਼ਮਣ ਜਿਆਦਾ ਬਣਾਏ ਹਨ ਅਤੇ ਦੋਸਤ ਘੱਟ ਜਿਸ ਕਰਕੇ ਉਨ੍ਹਾਂ ਦੇ ਅੱਜ ਹਾਅ ਦਾ ਨਾਅਰਾ ਮਾਰਨ ਵਾਲਿਆਂ ਦੀ ਕਤਾਰ ਲੰਮੀ ਨਹੀਂ ਹੈ।
ਸਿੱਧੂ ਲਈ ਹੁਣ ਪਰਖ ਦੀ ਘੜੀ
ਪੰਜਾਬ ’ਚ ਇਹ ਚਰਚੇ ਹਨ ਕਿ ਸਜ਼ਾ ਤੋਂ ਬਾਅਦ ਨਵਜੋਤ ਸਿੱਧੂ ਲਈ ਹੁਣ ਸਿਆਸੀ ਤੌਰ ਤੇ ਪਰਖ ਦੀ ਘੜੀ ਹੈ। ਭਾਵੇਂ ਇੱਕ ਸਾਲ ਦਾ ਅਰਸਾ ਕੋਈ ਲੰਮਾਂ ਨਹੀਂ ਹੁੰਦਾ ਪਰ ਮਿੰਟੋ ਮਿੰਟੀ ਰੰਗ ਬਦਲਦੀ ਸਿਆਸਤ ਕਾਰਨ 365 ਦਿਨ ਬਹੁਤ ਲੰਮੇ ਹੁੰਦੇ ਹਨ। ਅੱਜ ਸੋਸ਼ਲ ਮੀਡੀਆ ਤੇ ਵੀ ਸਿੱਧੂ ਦੀ ਸਜ਼ਾ ਬਾਰੇ ਚੁੰਝ ਚਰਚਾ ਜਾਰੀ ਰਹੀ। ਸੋਸ਼ਲ ਮੀਡੀਆ ਤੇ ਕੁੱਝ ਕੁ ਸਕਿੰਟ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਮਜੀਠੀਆ ਅਤੇ ਸਿੱਧੂ ਦੀ ਤਸਵੀਰ ਦੇ ਨਾਲ ਨਾਲ ‘ਚਲੇ ਆਓ ਜਹਾਂ ਹੋ ਕਹਾਂ ਅਵਾਜ਼ ਦੇਂ ਤੁਮ ਕੋ ਕਹਾਂ ਹੋ’ ਗੀਤ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਪਟਿਆਲਾ ਜੇਲ੍ਹ ’ਚ ਬੰਦ ਹਨ ਜਦੋਂਕਿ ਸਿੱਧੂ ਨੂੰ ਵੀ ਇਸੇ ਜੇਲ੍ਹ ’ਚ ਭੇਜਿਆ ਜਾਣਾ ਹੈ।