ਵਿੱਦਿਆ ਦੇ ਭਗਵੇਂਕਰਨ ਦੇ ਖ਼ਿਲਾਫ਼ ਅਤੇ ਸ਼ਹੀਦ ਭਗਤ ਸਿੰਘ ਨੂੰ ਸਿਲੇਬਸ ਤੋਂ ਬਾਹਰ ਕਰਨ ਦੇ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਰੋਧ ਪ੍ਰਦਰਸ਼ਨ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 18 ਮਈ, 2022: ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਭਾਰਤ ਸਰਕਾਰ ਦੁਆਰਾ ਵਿੱਦਿਆ ਦੇ ਭਗਵੇਂਕਰਨ ਦੇ ਖਿਲਾਫ਼ ਅੱਜ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹਥਨ ਨੇ ਕਿਹਾ ਕਿ ਇਹ ਸਭ ਭਾਜਪਾ ਸਰਕਾਰ ਦੁਆਰਾ ਆਰ.ਐੱਸ.ਐੱਸ. ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ। ਜਿਸ ਦਾ ਟੀਚਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਇਸ ਏਜੰਡੇ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਰਾਹੀਂ ਬੀਜੇਪੀ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਉਹ ਦੇਸ਼ ਦੇ ਵਿੱਚ ਨਵੀਂ ਸਿੱਖਿਆ ਨੀਤੀ 2020 ਲੈ ਕੇ ਆਏ ਹਨ। ਜਿਸ ਦਾ ਪੰਜਾਬ ਸਟੂਡੈਂਟਸ ਯੂਨੀਅਨ ਉਦੋਂ ਤੋਂ ਹੀ ਵੱਖ ਵੱਖ ਥਾਵਾਂ ਤੇ ਵਿਰੋਧ ਕਰ ਰਹੀ ਹੈ। ਸਿਲੇਬਸ ਦੇ ਵਿੱਚ ਆਪਣੇ ਅਨੁਸਾਰ ਤਬਦੀਲੀ ਕਰ ਕੇ ਉਸ ਦਾ ਭਗਵਾਂਕਰਨ ਕਰਨਾ ਵੀ ਇਸੇ ਨੀਤੀ ਦੀ ਇੱਕ ਕੜੀ ਹੀ ਹੈ। ਸਿਲੇਬਸ ਦੀ ਤਬਦੀਲੀ ਦੇ ਤਹਿਤ ਕਰਨਾਟਕਾ ਸਰਕਾਰ ਦੁਅਰਾ ਦਸਵੀਂ ਕਲਾਸ ਦੇ ਸਿਲੇਬਸ ਵਿੱਚੋਂ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਅਧਿਆਏ ਨੂੰ ਸਿਲੇਬਸ ਵਿਚੋਂ ਹਟਾ ਦਿੱਤਾ ਅਤੇ ਉਸ ਦੀ ਥਾਂ ਤੇ ਆਰ.ਐੱਸ.ਐੱਸ. ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਨਾਲ ਸੰਬੰਧਤ ਅਧਿਆਏ ਨੂੰ ਸ਼ਾਮਲ ਕੀਤਾ ਗਿਆ।
ਵਿਦਿਆਰਥੀਆਂ ਆਗੂਆਂ ਨੇ ਕਿਹਾ ਕਿ ਇਕ ਪਾਸੇ ਤਾਂ ਇਸ ਸਿਸਟਮ ਦੁਆਰਾ ਪਰਚਾਰਿਆ ਜਾਂਦਾ ਹੈ ਕਿ ਦੇਸ਼ ਧਰਮ ਨਿਰਪੱਖ ਹੈ ਕਿਸੇ ਨਾਲ ਕਿਸੇ ਵੀ ਆਧਾਰ ਤੇ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ ਪਰ ਦੂਸਰੇ ਪਾਸੇ ਧਰਮ ਦੇ ਆਧਾਰ ਤੇ ਦੇਸ਼ ਨੂੰ ਵੰਡਣ ਵਾਲਿਆਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਗਤ ਸਿੰਘ ਨਾਲ ਸਬੰਧਤ ਅਧਿਆਏ ਨੂੰ ਸਿਲੇਬਸ ਵਿੱਚੋਂ ਹਟਾਉਣ ਦਾ ਦੂਸਰਾ ਕਾਰਨ ਹੈ ਕਿ ਨੌਜਵਾਨਾਂ ਦੇ ਦਿਲਾਂ ਅਤੇ ਦਿਮਾਗਾਂ ਦੇ ਵਿਚੋਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਖ਼ਤਮ ਕੀਤਾ ਜਾ ਸਕੇ। ਕਿਉਂਕਿ ਜੇ ਦੇਸ਼ ਦੇ ਨੌਜਵਾਨ ਅਤੇ ਵਿਦਿਆਰਥੀ ਭਗਤ ਸਿੰਘ ਦੇ ਦੱਸੇ ਰਾਹ ਨੂੰ ਚਰਚਾ ਦਾ ਵਿਸ਼ਾ ਬਣਾਉਣਗੇ ਜਾਂ ਉਸ ਰਸਤੇ ਉੱਤੇ ਚੱਲਣਗੇ ਤਾਂ ਉਹ ਇਸ ਲੁਟੇਰੇ ਢਾਂਚੇ ਨੂੰ ਢਹਿ ਢੇਰੀ ਕਰਨ ਦੇ ਲਈ ਆਪਣੇ ਸਾਥੀਆਂ ਨੂੰ ਲਾਮਬੰਦ ਕਰਨਗੇ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਿਥੇ ਸਾਨੂੰ ਆਪਣੇ ਆਰਥਿਕ ਮਸਲਿਆਂ ਲਈ ਇਕੱਠੇ ਹੋ ਕੇ ਵਿਰੋਧ ਕਰਨ ਦੀ ਲੋੜ ਹੈ। ਉੱਥੇ ਹੀ ਸ਼ਹੀਦ ਭਗਤ ਸਿੰਘ ਦੇ ਦੱਸੇ ਅਨੁਸਾਰ ਸਾਨੂੰ ਵਿਦਿਆਰਥੀਆਂ ਨੂੰ ਰਾਜਨੀਤਕ ਮਸਲਿਆਂ ਉੱਪਰ ਵੀ ਆਪਣੀ ਠੋਸ ਸਮਝ ਰੱਖਣੀ ਚਾਹੀਦੀ ਹੈ। ਜਿੱਥੇ ਕਿਤੇ ਸਾਡੀ ਜਨਤਾ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ। ਉਸ ਦੇ ਖਿਲਾਫ਼ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਲੁੱਟੇ ਜਾ ਰਹੇ ਲੋਕਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ। ਅੱਜ ਮਸਲਾ ਕਰਨਾਟਕਾ ਦਾ ਨਹੀਂ ਬਲਕਿ ਸਰਕਾਰ ਦੀ ਉਸ ਨੀਤੀ ਦਾ ਹੈ। ਜੋ ਨੀਤੀ ਉਹ ਵਿਦਿਆਰਥੀਆਂ ਅਤੇ ਸਮੁੱਚੇ ਦੇਸ਼ ਦੇ ਖਿਲਾਫ ਆਪਣੇ ਭਗਵਾਂਕਰਨ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਲੈ ਕੇ ਆਏ ਹਨ।
ਇਸ ਮੌਕੇ ਕਾਲਜ ਦੇ ਸੁਖਵਿੰਦਰ ਕੌਰ, ਹਰਮਨਦੀਪ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਕੌਰ, ਗੁਰਪ੍ਰੀਤ ਸਿੰਘ ਪਲਾਸੌਰ, ਕੁਲਬੀਰ ਸਿੰਘ, ਰਵੀ ਕੌਹਰੀਆਂ ਆਦਿ ਸ਼ਾਮਿਲ ਸਨ।