ਕਰਨਾਟਕਾ ਸਰਕਾਰ ਵੱਲੋਂ ਦਸਵੀਂ ਜਮਾਤ ਦੇ ਸਿਲੇਬਸ ਵਿੱਚੋਂ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਪਾਠ ਕੱਢਣ 'ਤੇ ਰੋਸ
- ਸ਼ਹੀਦ ਭਗਤ ਸਿੰਘ ਦਾ ਪਾਠ ਹਟਾ ਕੇ ਆਰ.ਐੱਸ.ਐੱਸ. ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗਵਾਰ ਨਾਲ ਸੰਬੰਧਤ ਪਾਠ ਪਾਉਣ ਤੇ ਵਿਦਿਆਰਥੀਆਂ ਨੇ ਪ੍ਰਗਟਾਇਆ ਰੋਸ
ਦਲਜੀਤ ਕੌਰ ਭਵਾਨੀਗੜ੍ਹ
ਮਲੇਰਕੋਟਲਾ, 18 ਮਈ, 2022: ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਆਰ.ਐੱਸ.ਐੱਸ. ਦੇ ਫਿਰਕੂ ਫਾਸ਼ੀਵਾਦੀ ਏਜੰਡੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਇਲਾਕਾ ਪ੍ਰਧਾਨ ਕਿਰਨਪਾਲ ਕੌਰ ਹਥੋਆ ਅਤੇ ਕਾਲਜ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿਚ ਆਈ ਹੈ ਤਾਂ ਆਪਣਾ ਫਾਸ਼ੀਵਾਦ ਰੱਥ ਘੋੜੇ ਦੀ ਤਰ੍ਹਾਂ ਸਰਪੱਟ ਦੌੜਾ ਰਹੀ ਹੈ ਅਤੇ ਆਰ.ਐੱਸ.ਐੱਸ. ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ। ਰਾਸ਼ਟਰੀ ਸਵੈਸੇਵਕ ਸੰਘ ਦਾ ਸਿਆਸੀ ਵਿੰਗ ਬੀ.ਜੇ.ਪੀ.ਹੈ। ਬੀ.ਜੇ.ਪੀ. ਲਗਾਤਾਰ ਕੇਂਦਰ ਅਤੇ ਰਾਜ ਸਰਕਾਰਾਂ ਦੇ ਰਾਹੀਂ ਸੰਘ ਦਾ 'ਫਿਰਕੂ ਏਜੰਡਾ' ਦੇਸ਼ ਵੱਚ ਲਾਗੂ ਕਰ ਰਹੀ ਹੈ। ਇਸ ਏਜੰਡੇ ਤਹਿਤ ਵਿੱਦਿਅਕ ਅਦਾਰਿਆਂ ਦਾ ਵੀ 'ਭਗਵਾਂਕਰਨ' ਕੀਤਾ ਜਾ ਰਿਹਾ ਹੈ। ਇਸੇ 'ਭਗਵੇਂਕਰਨ' ਦੀ ਨੀਤੀ 'ਤੇ ਚੱਲਦਿਆਂ ਪਹਿਲਾਂ ਕਰਨਾਟਕ ਦੀ ਸਰਕਾਰ ਵੱਲੋਂ ਵਿੱਦਿਅਕ ਸੰਸਥਾਵਾਂ ਵਿੱਚ ਕੁੜੀਆਂ ਦੇ ਹਿਜਾਬ ਪਹਿਨਣ ਤੇ ਪਾਬੰਦੀ ਲਗਾਈ ਗਈ ਤੇ ਹੁਣ ਕਰਨਾਟਕ ਸਰਕਾਰ ਵੱਲੋਂ ਦਸਵੀਂ ਜਮਾਤ ਦੇ ਸਿਲੇਬਸ ਵਿੱਚੋਂ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਪਾਠ ਨੂੰ ਕੱਢ ਕੇ ਆਰ.ਐੱਸ.ਐੱਸ. ਦੇ ਸੰਸਥਾਪਕ ਅਤੇ ਸਾਬਕਾ ਸਰਸੰਘ ਸੰਚਾਲਕ ਕੇਸ਼ਵ ਬਲੀਰਾਮ ਹੇਡਗੇਵਾਰ ਨਾਲ ਸੰਬੰਧਤ ਪਾਠ ਸ਼ਾਮਿਲ ਕੀਤਾ ਗਿਆ ਹੈ।
ਵਿਦਿਆਰਥੀਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਵਿੱਦਿਆ ਉੱਪਰ ਇਸ ਭਗਵੇਂ ਹੱਲੇ ਦਾ ਵਿਰੋਧ ਕਰਦੀ ਹੈ। ਇਸ ਮੌਕੇ ਕਾਲਜ ਕਮੇਟੀ ਮੈਂਬਰ ਸੁਖਦੀਪ ਕੌਰ, ਪ੍ਰੀਤ, ਸ਼ਰਨ, ਗੁਰਦੀਪ ਕੌਰ, ਜਸਪ੍ਰੀਤ ਕੌਰ, ਯਾਮਿਨ ਆਦਿ ਹਾਜ਼ਰ ਸਨ।