ਐਸ ਐਮ ਡੀ ਸਕੂਲ ‘ਚ ਕਰਵਾਏ ਗਏ ਗੁਰਬਾਣੀ ਉਚਾਰਣ ਮੁਕਾਬਲੇ
ਦੀਪਕ ਗਰਗ
ਕੋਟਕਪੂਰਾ 18 ਮਈ 2022 - ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚੱਲ ਰਹੀ ਸੰਸਥਾ ਐਸ ਐਮ ਡੀ ਵਰਲਡ ਸਕੂਲ ਦੇ ਕਿੰਡਰ ਗਾਰਡਨ ਵਿਭਾਗ ਵਿੱਚ ਸੰਸਥਾ ਦੇ ਪਿ੍ਰੰਸੀਪਲ ਐਚ ਐਸ ਸਾਹਨੀ ਦੀ ਰਹਿਨੁਮਾਈ ਹੇਠ ਬੱਚਿਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਨਰਸਰੀ ਜਮਾਤ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਗੁਰਬਾਣੀ ਉਚਾਰਣ ਮੁਕਾਬਲੇ ਕਰਵਾਏ ਗਏ।ਸੰਸਥਾ ਦੇ ਸੰਚਾਲਕ ਮੇਘਾ ਥਾਪਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾ ਮੁਕਾਬਲਿਆਂ ਵਿੱਚ ਨੰਨੇ-ਮੁੰਨੇ ਬੱਚਿਆਂ ਵੱਲੋਂ ਬਹੁਤ ਸਹਿਜ ਤੇ ਨਿਮਰਤਾ ਨਾਲ ਗੁਰਬਾਣੀ ਦੀਆਂ ਵੱਖ ਵੱਖ ਪਵਿੱਤਰ ਪੰਕਤੀਆਂ ਦਾ ਉਚਾਰਨ ਕੀਤਾ ਗਿਆ।
ਮੁਕਾਬਲਿਆਂ ਦੀ ਸ਼ੁਰੂਆਤ ਵਿਚ ਪਰੈੱਪ-2 ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ ਤੇ ਪ੍ਰਭਜੋਤ ਕੌਰ ਵੱਲੋਂ ਮੂਲ ਮੰਤਰ ਦਾ ਜਾਪ ਕੀਤਾ ਗਿਆ।ਜਮਾਤ ਪਰੈੱਪ -1 ਦੇ ਵਿਦਿਆਰਥੀ ਹਰਨੂਰ ਸਿੰਘ ਵੱਲੋਂ ਇਕ ਧਾਰਮਿਕ ਗੀਤ ‘ਲੱਗੀ ਸੂਬੇ ਦੀ ਕਚਹਿਰੀ’ ਪੇਸ਼ ਕੀਤਾ ਗਿਆ ਅਤੇ ਇਸ ਉਪਰੰਤ ਪਹਿਲੀ ਜਮਾਤ ਦੇ ਵਿਦਿਆਰਥੀ ਜਸਕੀਰਤ ਸਿੰਘ, ਅਭਿਜੋਤ ਸਿੰਘ, ਏਕਨੂਰ ਸਿੰਘ ਅਤੇ ਤਨਵੀਰ ਕੌਰ ਵੱਲੋਂ ਪਹਿਲੀ ਪਉੜੀ ਦੇ ਪਾਠ ਦਾ ਉਚਾਰਨ ਬਹੁਤ ਹੀ ਸੁੱਚਜੇ ਢੰਗ ਨਾਲ ਕੀਤਾ ਗਿਆ।ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਵੱਲੋਂ ਵਿਦਿਆਰਥੀਆਂ ਦੀ ਹੌਸਲਾਂ ਅਫਜ਼ਾਈ ਕੀਤੀ ਗਈ ਅਤੇ ਇਸ ਸੁਚੱਜੇ ਉਪਰਾਲੇ ਲਈ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।ਇਸ ਸਮੇਂ ਕੋ-ਆਰਡੀਨੇਟਰ ਅਨੂ ਬਾਲੀ, ਰਜਨੀ ਅਤੇ ਬੇਅੰਤ ਕੌਰ ਵੀ ਮੌਜ਼ੂਦ ਸਨ।