ਆਜ਼ਾਦ ਕਲਾ ਰੰਗ ਮੰਚ ਦੀ ਪੇਸ਼ਕਾਰੀ 'ਹੋਸ਼ ਕਰੋ ਲੋਕੋ' ਨੇ ਖੱਟੀ ਵਾਹਵਾਹੀ
ਨਵਾਂਸ਼ਹਿਰ 18 ਮਈ 2022 - ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਬਹਿਰਾਮ ਵੱਲੋਂ ਸਾਂਝਾ ਉਪਰਾਲਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਆਓ, ਮਨ ਵਿਚ ਮਸ਼ਾਲ ਜਗਾਈਏ, ਜ਼ਿਲੇ ਨੂੰ ਨਸ਼ਾ ਮੁਕਤ ਬਣਾਈਏ’ ਸਲੋਗਨ ਤਹਿਤ ਇਕ ਸੈਮੀਨਾਰ ਕਾਲਜ ਕੈਂਪਸ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਸੰਦੀਪ ਕੁਮਾਰ ਸ਼ਰਮਾ ਐਸਐਸਪੀ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਨਵਾਂਸ਼ਹਿਰ ਦੇ ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ, ਆਮ ਆਦਮੀ ਪਾਰਟੀ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ, ਜਿਲ੍ਹਾ ਕਪੂਰਥਲਾ ਐਸ.ਸੀ. ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਭਾਜਪਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ, ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ, ਸਾਂਈ ਪੱਪਲ ਸ਼ਾਹ ਭਰੋ ਮਜਾਰਾ ਸ਼ਾਮਲ ਹੋਏ।
ਸਮਾਗਮ ਦਾ ਸ਼ੁੱਭ ਆਰੰਭ ਸ਼ਹੀਦ-ਏ-ਆਜਮ ਸ. ਭਗਤ ਸਿੰਘ ਨੂੰ ਮੁੱਖ ਮਹਿਮਾਨ ਅਤੇ ਪਤਵੰਤਿਆਂ ਵਲੋਂ ਸ਼ਰਧਾਂਜਲੀ ਦਿੰਦਿਆਂ ਕੀਤਾ ਗਿਆ। ਉਪਰੰਤ ਐਸ.ਐਸ.ਪੀ. ਐਸ.ਬੀ.ਐਸ. ਨਗਰ ਸੰਦੀਪ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਨੌਜਵਾਨਾਂ ਨੂੰ ਦਿ੍ਰੜ ਸੰਕਲਪ ਲੈ ਕੇ ਨਸ਼ਿਆਂ ਦੇ ਤਿਆਗ ਕਰਨ ਦਾ ਸੱਦਾ ਦਿੱਤਾ। ਉਹਨਾ ਕਿਹਾ ਕਿ ਉਹ ਨੌਜਵਾਨ ਜਿਹੜੇ ਨਸ਼ਿਆਂ ਤੋਂ ਮੁਕਤੀ ਚਾਹੁੰਦੇ ਹਨ, ਜ਼ਿਲਾ ਪੁਲਿਸ ਉਹਨਾ ਦੇ ਇਲਾਜ ਲਈ ਪ੍ਰਬੰਧ ਕਰਵਾਏਗੀ ਅਤੇ ਇਹ ਜ਼ਿਲਾ ਆਉਣ ਵਾਲੇ ਸਮੇਂ ‘ਚ ਨਸ਼ਾ ਮੁਕਤ ਜ਼ਿਲਾ ਬਣੇਗਾ। ਉਹਨਾਂ ਕਿਹਾ ਕਿ ਸਮਾਜ ਸੇਵੀ ਜੱਥੇਬੰਦੀਆਂ ਅਤੇ ਪੰਚਾਇਤਾਂ ਨੂੰ ਪੁਲਿਸ ਦੀ ਨਸ਼ਾ ਮੁਕਤੀ ਮੁਹਿੰਮ ‘ਚ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਨਸ਼ਾ ਕਾਰੋਬਾਰੀਆਂ ਦਾ ਪਤਾ ਦੱਸਣ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ।
ਸਮਾਗਮ ਦੌਰਾਨ ਆਜ਼ਾਦ ਕਲਾ ਰੰਗਮੰਚ ਫਗਵਾੜਾ ਵਲੋਂ ਬੀਬਾ ਕੁਲਵੰਤ ਦੀ ਅਗਵਾਈ ਹੇਠ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣ ਲਈ ‘ਹੋਸ਼ ਕਰੋ ਨਸ਼ੇੜੀਓ’ ਨਾਟਕ ਪੇਸ਼ ਕੀਤਾ। ਨਾਇਬ ਤਹਿਸੀਲਦਾਰ ਨਵਾਂ ਸ਼ਹਿਰ ਪਵਨ ਕੁਮਾਰ ਸ਼ਰਮਾ ਨੇ ਵੀ ਸਰਬ ਨੌਜਵਾਨ ਸਭਾ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਸੁਖਵਿੰਦਰ ਸਿੰਘ ਪ੍ਰਧਾਨ ਨੇ ਸਭਾ ਦੀਆਂ ਸਰਗਰਮੀਆਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਰਬ ਨੌਜਵਾਨ ਸਭਾ ਨੌਜਵਾਨਾਂ ਦੇ ਭਲੇ ਲਈ ਕੰਮ ਕਰਨ ਨੂੰ ਲੈ ਕੇ ਤੱਤਪਰ ਹੈ। ਸਮਾਗਮ ਦੇ ਸ਼ੁਰੂ ਵਿਚ ਕਾਲਜ ਪਿ੍ਰੰਸੀਪਲ ਕੁਲਵਿੰਦਰ ਸਿੰਘ ਬੇਦੀ ਨੇ ਐਸ.ਐਸ.ਪੀ. ਸੰਦੀਪ ਕੁਮਾਰ ਸ਼ਰਮਾ ਨੂੰ ਜੀ ਆਇਆਂ ਆਖਿਆ।
ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਪੰਜਾਬ ‘ਚ ਫੈਲੇ ਨਸ਼ਿਆਂ ਦੀ ਜੜ੍ਹ ਆਰਥਿਕਤਾ ਨੂੰ ਠਹਿਰਾਇਆ। ਸ਼੍ਰੀ ਮੰਡ ਨੇ ਕਿਹਾ ਕਿ ਸਮਾਜ ਦੇ ਸਹਿਯੋਗ ਤੋਂ ਬਿਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ‘ਚੋਂ ਕੱਢਿਆ ਨਹੀਂ ਜਾ ਸਕਦਾ। ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੀ ਪਹਿਲ ਸੂਬੇ ਨੂੰ ਭਿ੍ਰਸ਼ਟਾਚਾਰ ਅਤੇ ਨਸ਼ਿਆਂ ਤੋਂ ਮੁਕਤ ਕਰਨਾ ਹੈ। ਸੰਤੋਸ਼ ਕੁਮਾਰ ਗੋਗੀ ਨੇ ਨੌਜਵਾਨਾਂ ਨੂੰ ਪੰਜਾਬ ਨੂੰ ਰੰਗਲਾ ਬਨਾਉਣ ਲਈ ਮੌਜੂਦ ਸਰਕਾਰ ਦੇ ਪ੍ਰੋਗਰਾਮ ‘ਚ ਸਹਿਯੋਗ ਦੀ ਅਪੀਲ ਕੀਤੀ। ਇਸ ਸਮੇਂ ਕਾਲਜ ਦੇ ਵਿਦਿਆਰਥੀਆਂ ਨੂੰ ਅਕੈਡਮਿਕ ਇਨਾਮ ਦਿੱਤੇ ਗਏ ਅਤੇ ਕਈ ਸਖ਼ਸ਼ੀਅਤਾਂ ਨੂੰ ਸਨਮਾਨਿਆ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਗੁਰਦਿਆਲ ਸਿੰਘ ਐਸ.ਐਚ.ਓ. ਬਹਿਰਾਮ, ਹੁਸਨ ਲਾਲ ਸਬ-ਇੰਸਪੈਕਟਰ ਟ੍ਰੈਫਿਕ, ਰਵਿੰਦਰ ਸਿੰਘ ਰਾਏ ਉਪ ਪ੍ਰਧਾਨ, ਡਾ: ਵਿਜੇ ਕੁਮਾਰ ਜਨਰਲ ਸਕੱਤਰ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਜਗਜੀਤ ਸੇਠ, ਮਨਦੀਪ ਸਿੰਘ, ਰਾਜ ਕੁਮਾਰ ਕਨੌਜੀਆ, ਉਂਕਾਰ ਜਗਦੇਵ, ਆਰ.ਪੀ. ਸ਼ਰਮਾ, ਨਰਿੰਦਰ ਸੈਣੀ, ਅਨੂਪ ਦੁੱਗਲ, ਸੁਰਜੀਤ ਕੁਮਾਰ, ਬਲਵੀਰ ਸਿੰਘ ਸੇਵਾ ਮੁਕਤ ਐਸ.ਡੀ.ਓ., ਜਤਿੰਦਰ ਨਾਹਰ, ਵਿਜੇ ਬੰਗਾ, ਪਰਮਜੀਤ ਰਾਏ, ਚਰਨਜੀਤ ਸਿੰਘ ਸਰਪੰਚ ਬਹਿਰਾਮ, ਅਕਵਿੰਦਰ ਕੌਰ ਸਰਪੰਚ, ਬਲਵੰਤ ਸਿੰਘ ਸਰਪੰਚ ਚੱਕ ਬਿਲਗਾ, ਸੁਖਦੇਵ ਸਿੰਘ ਬਲਾਕ ਸੰਮਤੀ ਮੈਂਬਰ ਮੱਲਾ ਸੋਢੀਆਂ, ਸੁਸ਼ਮਾ ਦੇਵੀ ਸਰਪੰਚ ਮੱਲਾ ਸੋਢੀਆਂ, ਪ੍ਰਵੀਨ ਕੁਮਾਰ ਏ.ਐਸ.ਆਈ.ਟ੍ਰੈਫਿਕ, ਸਤਨਾਮ ਸਿੰਘ ਸਬ-ਇੰਸਪੈਕਟਰ ਟ੍ਰੈਫਿਕ, ਮਨਦੀਪ ਸਿੰਘ ਸੰਧੂ, ਵਿਜੈ ਪਾਲ ਆਦਿ ਹਾਜ਼ਰ ਸਨ।