ਬੀਕੇਯੂ ਉਗਰਾਹਾਂ ਵੱਲੋਂ ਪਾਣੀ ਦੇ ਮੁੱਦੇ ਤੇ ਮੁਹਿੰਮ ਵਿੱਢਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 16 ਮਈ 2022: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਭੁੱਚੋ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿੰਗਾਰਾ ਸਿੰਘ ਮਾਨ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਸੂਬਾ ਕਮੇਟੀ ਤੇ ਫੈਸਲੇ ਮੁਤਾਬਕ ਪਾਣੀ ਦਾ ਪੱਧਰ ਹੇਠਾਂ ਜਾਣ ਤੋਂ ਰੋਕਣ ,ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਰੋਕਣ ਅਤੇ ਬਰਸਾਤੀ, ਹੜ੍ਹਾਂ ਤੇ ਦਰਿਆਵਾਂ ਦੇ ਫਾਲਤੂ ਪਾਣੀ ਦਾ ਪ੍ਰਬੰਧ ਕਰ ਕੇ ਸਰਕਾਰ ਤੋਂ ਇਸ ਦੀ ਯੋਗ ਵਰਤੋਂ ਦਾ ਇੰਤਜਾਮ ਕਰਵਾਉਣ ਲਈ ਮੁਹਿੰਮ ਚਲਾਉਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਹੇਠਾਂ ਜਾਣ ਅਤੇ ਇਸ ਨੂੰ ਪ੍ਰਦੂਸ਼ਿਤ ਕਰਨ ਦਾ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ ਪਰ ਇਸ ਦੀਆਂ ਦੋਸ਼ੀ ਸਰਮਾਏਦਾਰੀ ਪੱਖੀ ਅਤੇ ਕਿਸਾਨ ਵਿਰੋਧੀ ਨੀਤੀਆਂ ਹਨ ਜਿਸ ਤਹਿਤ ਸਰਮਾਏਦਾਰ ਕੰਪਨੀਆਂ ਨੇ ਹਰੇ ਇਨਕਲਾਬ ਦੇ ਨਾਂ ਹੇਠ ਰੇਹ ,ਸਪਰੇਅ ਵੇਚ ਕੇ ਆਪਣੇ ਅੰਨੇ ਮੁਨਾਫ਼ੇ ਕਮਾਏ ਹਨ।
ਪੰਜਾਬ ਚ ਝੋਨੇ ਦੀ ਖੇਤੀ ਮੜਕੇ ਟਿਊਬਵੈੱਲ ,ਮੋਟਰਾਂ ਉੱਥੇ ਖੇਤੀ ਲਈ ਬਿਜਲੀ ਦਾ ਸਾਮਾਨ ਵੇਚ ਕੇ ਮੋਟਾ ਪੈਸਾ ਕਮਾਇਆ ਜਿਸ ਕਾਰਨ ਪਾਣੀ ਦਾ ਪੱਧਰ ਹੇਠਾਂ ਚਲਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹੁਣ ਇਸ ਦੂਸ਼ਿਤ ਪਾਣੀ ਨੂੰ ਸਾਫ਼ ਕਰ ਕੇ ਲੋਕਾਂ ਨੂੰ ਦੇਣ ਦੇ ਨਾਂ ਹੇਠ ਇਸ ਦਾ ਪ੍ਰਬੰਧ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ ਜੋ ਕਿ ਪਾਣੀ ਤੋਂ ਵੱਡੇ ਮੁਨਾਫ਼ੇ ਕਮਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ । ਇਸ ਦਾ ਦੋਸ਼ੀ ਕਿਸਾਨਾਂ ਨੂੰ ਮੰਨ ਕੇ ਉਨ੍ਹਾਂ ਨੂੰ ਸਮੇਂ ਸਿਰ ਝੋਨਾ ਬੀਜਣ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਿੰਡਾਂ ਵਿੱਚ ਮੀਟਿੰਗਾਂ ਅਤੇ ਧਰਨਿਆਂ ਰਾਹੀਂ ਲੋਕਾਂ ਨੂੰ ਚੇਤਨ ਕੀਤਾ ਜਾਵੇਗਾ ਕਿ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਦੂਸ਼ਿਤ, ਘੱਟ ਦੂਸ਼ਿਤ ਅਤੇ ਬਰਸਾਤੀ ਪਾਣੀ ਦਾ ਵੱਖੋ ਵੱਖਰਾ ਸਹੀ ਨਿਕਾਸ ਕਰ ਕੇ ਉਸ ਨੂੰ ਸਾਫ ਕਰ ਕੇ ਧਰਤੀ ਵਿੱਚ ਰੀਚਾਰਜ ਦਾ ਪ੍ਰਬੰਧ ਕਰੇ ।
ਆਗੂਆਂ ਨੇ ਮੰਗ ਕੀਤੀ ਕਿ ਜਹਿਰੀਲਾ ਪਾਣੀ ਦਰਿਆਵਾਂ ਅਤੇ ਧਰਤੀ ਵਿੱਚ ਪਾਉਣ ਵਾਲੀਆਂ ਫੈਕਟਰੀਆਂ ਬੰਦ ਕੀਤੀਆਂ ਜਾਣ ।ਨਹਿਰੀ ਪਾਣੀ ਟੇਲਾਂ ਅਤੇ ਮੋਘਿਆਂ ਤੇ ਵਾਧੂ ਪਾਣੀ ਨੂੰ ਧਰਤੀ ਚ ਰੀਚਾਰਜ ਕਰਨ ਦਾ ਵੀ ਪ੍ਰਬੰਧ ਕੀਤਾ ਜਾਏ। ਮੀਂਹ ਦੇ ਵਾਧੂ ਪਾਣੀ, ਹੜ੍ਹਾਂ ਅਤੇ ਦਰਿਆਵਾਂ ਦੇ ਅਜਾਈਂ ਜਾ ਰਹੇ ਪਾਣੀ ਨੂੰ ਡੈਮ ਬਣਾ ਕੇ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਵੇ । ਦਰਿਆਵਾਂ ਨਹਿਰਾਂ ਤੇ ਹਾਈਡਲ ਪ੍ਰੋਜੈਕਟ ਲਾ ਕੇ ਸਸਤੀ ਬਿਜਲੀ ਦਾ ਪ੍ਰਬੰਧ ਕੀਤਾ ਜਾਏ ।ਕਿਸਾਨ ਆਗੂਆਂ ਨੇ ਕਿਹਾ ਕਿ ਕੁਝ ਪਿੰਡਾਂ ਵਿਚ ਬਰਸਾਤੀ ਤੇ ਪਿੰਡਾਂ ਦੇ ਸਾਫ਼ ਨਿਕਾਸੀ ਪਾਣੀ ਨੂੰ ਛੱਪੜ ਬਣਾ ਕੇ ਧਰਤੀ ਵਿੱਚ ਰੀਚਾਰਜ ਕਰਨ ਦਾ ਜਥੇਬੰਦੀ ਵੱਲੋਂ ਸਰਕਾਰ ਨੂੰ ਨਮੂਨਾ ਪੇਸ਼ ਕੀਤਾ ਜਾਵੇਗਾ । ਝੋਨੇ ਦੀ ਖੇਤੀ ਦੇ ਬਦਲ ਵਜੋਂ ਸਰਕਾਰ ਵੱਲੋਂ ਮਿੱਥੇ ਤੇਈ ਫ਼ਸਲਾਂ ਦੀ ਐੱਮਐੱਸਪੀ ਤੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ । ਬਾਸਮਤੀ ਅਤੇ ਸਬਜ਼ੀਆਂ ਦਾ ਐੱਮਐੱਸਪੀ ਮਿਥ ਕੇ ਉਸ ਦੀ ਵੀ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ ਤਾਂ ਕਿ ਝੋਨੇ ਹੇਠੋਂ ਰਕਬਾ ਘਟਾਇਆ ਜਾ ਸਕੇ । ਸਿੱਧੀ ਬਿਜਾਈ ਅਤੇ ਬਾਸਮਤੀ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਏਕਡ ਰਿਸਕੀ ਭੱਤਾ ਦਿੱਤਾ ਜਾਵੇ ।
ਕਿਸਾਨ ਆਗੂਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਝੋਨੇ ਦੀ ਲਵਾਈ ਅਤੇ ਦਿਹਾੜੀ ਨੂੰ ਲੈ ਕੇ ਪਾਏ ਜਾਣ ਵਾਲੇ ਮਤਿਆਂ ਸਬੰਧੀ ਕਿਹਾ ਕਿ ਇਹ ਕਿਸਾਨਾਂ ਮਜਦੂਰਾਂ ਦੀ ਲੁੱਟ ਕਰਨ ਵਾਲਿਆਂ ਦੇ ਹੱਕ ਵਿੱਚ ਭੁਗਤਦੇ ਹਨ ਅਤੇ ਕਿਸਾਨਾਂ ਮਜ਼ਦੂਰਾਂ ਵਿਚ ਦੀ ਭਾਈਚਾਰਕ ਸਾਂਝ ਨੂੰ ਤੋੜਦੇ ਹਨ । ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਤੇ ਦਿਹਾੜੀ ਨੂੰ ਲੈ ਕੇ ਕਿਸਾਨਾਂ ਮਜਦੂਰਾਂ ਨੂੰ ਮਿਲ ਬੈਠ ਕੇ ਸਾਂਝੇ ਤੌਰ ਤੇ ਆਪਸ ਵਿੱਚ ਮਸਲੇ ਹੱਲ ਕਰਨੇ ਚਾਹੀਦੇ ਹਨ ।ਅੱਜ ਦੀ ਮੀਟਿੰਗ ਵਿੱਚ ਜਗਸੀਰ ਸਿੰਘ ਝੁੰਬਾ , ਜਸਵੀਰ ਸਿੰਘ ਬੁਰਜ ਸੇਮਾ , ਜਗਦੇਵ ਸਿੰਘ ਜੋਗੇਵਾਲਾ ,ਪਰਮਜੀਤ ਕੌਰ ਪਿੱਥੋ, ਕਰਮਜੀਤ ਕੌਰ ਲਹਿਰਾਖਾਨਾ , ਸੁਖਦੇਵ ਸਿੰਘ ਜਵੰਧਾ, ਨਛੱਤਰ ਸਿੰਘ ਢੱਡੇ ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਜਸਪਾਲ ਸਿੰਘ ਕੋਠਾਗੁਰੂ ,ਅਮਰੀਕ ਸਿੰਘ ਸਿਵੀਆਂ, ਕੁਲਵੰਤ ਰਾਏਕੇ ਕਲਾਂ, ਬਿੰਦਰ ਸਿੰਘ ਜੋਗੇਵਾਲਾ ਅਤੇ ਰਾਜਵਿੰਦਰ ਸਿੰਘ ਰਾਮਨਗਰ ਤੋਂ ਇਲਾਵਾ ਬਲਾਕਾਂ ਦੇ ਆਗੂ ਸ਼ਾਮਲ ਸਨ।