ਵਿਆਹ ਕਰਵਾ ਕੇ ਵੀ ਨਹੀਂ ਮਿਲੀ ਵਹੁਟੀ, ਪੜ੍ਹੋ ਮਾਛੀਵਾੜਾ ਦੇ ਨੌਜਵਾਨ ਨਾਲ ਕਿਵੇਂ ਹੋਈ ਠੱਗੀ
ਪਰਮਿੰਦਰ ਵਰਮਾ
ਮਾਛੀਵਾੜਾ, 16 ਮਈ, 2022: ਸਿਰ ’ਤੇ ਸਿਹਰਾ ਸਜਾ ਚਾਅ-ਚਾਅ ਲਾੜਾ ਵਿਆਹ ਕਰਵਾਉਣ ਲਈ ਗਿਆ ਜਿਸਦੇ ਮੰਦਰ ਵਿਚ ਫੇਰੇ ਵੀ ਹੋ ਗਏ ਪਰ ਲਾੜੀ ਦੀ ਡੋਲੀ ਤੋਰਨ ਮੌਕੇ ਵਿਚੋਲਣ ਵਲੋਂ ਦਿਖਾਈ ਗਈ ਦਾਦਾਗਿਰੀ ਕਾਰਨ ਇਸ ਲਾੜੇ ਨੂੰ ਬਿਨਾਂ ਵਹੁਟੀ ਤੋਂ ਬੇਰੰਗ ਪਰਤਣਾ ਪਿਆ।
ਮਾਛੀਵਾਡ਼ਾ ਨੇੜਲੇ ਪਿੰਡ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪਿੰਡ ’ਚ ਰਹਿੰਦੀ ਇੱਕ ਵਿਚੋਲਣ ਨਾਲ ਰਾਬਤਾ ਕਾਇਮ ਕੀਤਾ ਕਿ ਉਸਦਾ ਇੱਕ ਗਰੀਬ ਪਰਿਵਾਰ ਦੀ ਲੜ਼ਕੀ ਨਾਲ ਵਿਆਹ ਕਰਵਾ ਦੇਵੇਗੀ। ਵਿਚੋਲਣ ਵਿਆਹ ਕਰਵਾਉਣ ਵਾਲੇ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤਾ ਕਰਵਾਉਣ ਲਈ ਕਈ ਜਗ੍ਹਾ ਘੁੰਮਾਉਂਦੀ ਰਹੀ ਅਤੇ ਉਨ੍ਹਾਂ ਦੇ ਖਰਚ ਵੀ ਕਰਵਾ ਦਿੱਤੇ ਪਰ ਕਿਤੇ ਵੀ ਰਿਸ਼ਤਾ ਪੱਕਾ ਨਾ ਹੋਇਆ। ਫਿਰ 2 ਦਿਨ ਪਹਿਲਾਂ ਵਿਚੋਲਣ ਨੇ ਨੌਜਵਾਨ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਹਰਿਆਣਾ ਵਿਚ ਗਰੀਬ ਪਰਿਵਾਰ ਦੀ ਲੜ਼ਕੀ ਹੈ ਅਤੇ ਉਸਨੇ ਦੂਜੀ ਧਿਰ ਦੀ ਵਿਚੋਲਣ ਨਾਲ ਵੀ ਗੱਲ ਕਰ ਲਈ ਹੈ ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਚਾਅ ਚਾਅ ਵਿਚ ਵਿਆਹ ਕਰਵਾਉਣ ਲਈ ਪੰਚਕੂਲਾ ਪਹੁੰਚ ਗਿਆ। ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਰ ਵਿਖੇ ਪੁੱਜੇ ਜਿੱਥੇ ਵਿਚੋਲਣ ਇੱਕ ਸੁਮਨ ਨਾਮ ਦੀ ਲੜਕੀ ਨੂੰ ਲੈ ਕੇ ਆਈ ਸੀ ਅਤੇ ਆਪਣੇ ਆਪ ਨੂੰ ਉਸਦੀ ਮਾਸੀ ਦੱਸ ਰਹੀ ਸੀ। ਲੜਕੀ ਨਾਲ ਉਸਦਾ ਇੱਕ ਭਰਾ ਵੀ ਆਇਆ ਸੀ ਅਤੇ ਮੰਦਰ ਵਿਚ ਹਿੰਦੂ ਰੀਤੀ-ਰਿਵਾਜ਼ਾ ਮੁਤਾਬਿਕ ਵਿਆਹ ਵੀ ਸੰਪੰਨ ਹੋ ਗਿਆ। ਲੜਕੇ ਅਨੁਸਾਰ ਉਸਨੇ ਵਿਆਹ ਦੌਰਾਨ ਲੜਕੀ ਦੇ ਕੱਪੜੇ ਤੇ ਹੋਰ ਹਾਰ-ਸ਼ਿੰਗਾਰ ਦਾ ਸਮਾਨ ਵੀ ਖਰੀਦ ਕੇ ਲੈ ਗਿਆ ਸੀ ਜਿਸ ਉੱਪਰ ਉਸਦਾ 50 ਹਜ਼ਾਰ ਰੁਪਏ ਦਾ ਖਰਚਾ ਆਇਆ। ਇਸ ਤੋਂ ਇਲਾਵਾ ਵਿਚੋਲਣ ਨੇ 5 ਹਜ਼ਾਰ ਨਕਦ ਵੀ ਵਸੂਲ ਲਏ। ਫੇਰਿਆਂ ਤੋਂ ਬਾਅਦ ਜਦੋਂ ਡੋਲੀ ਤੋਰਨ ਦਾ ਸਮਾਂ ਆਇਆ ਤਾਂ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰ ਕੋਲਡ੍ਰਿੰਕ ਪਿਆਉਣ ਦੇ ਬਹਾਨੇ ਦੂਜੀ ਗੱਡੀ ਵਿਚ ਲੈ ਗਏ ਅਤੇ ਉਹ ਕਾਫ਼ੀ ਸਮਾਂ ਉਡੀਕ ਵੀ ਕਰਦੇ ਰਹੇ। ਜਦੋਂ ਇਸ ਸਬੰਧੀ ਉਸਨੇ ਆਪਣੀ ਵਿਚੋਲਣ ਨੂੰ ਡੋਲੀ ਤੋਰਨ ਲਈ ਕਿਹਾ ਤਾਂ ਉਸਨੇ ਦੱਸਿਆ ਕਿ ਲੜਕੀ ਵਾਲਿਆਂ ਵਲੋਂ ਆਈ ਵਿਚੋਲਣ 50 ਹਜ਼ਾਰ ਰੁਪਏ ਦੀ ਮੰਗ ਕਰ ਰਹੀ ਹੈ ਅਤੇ ਇਹ ਪੈਸੇ ਮਿਲਣ ਤੋਂ ਬਾਅਦ ਡੋਲੀ ਤੋਰੀ ਜਾਵੇਗੀ। ਲੜਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਉਹ 60-70 ਹਜ਼ਾਰ ਰੁਪਏ ਖਰਚ ਚੁੱਕਾ ਸੀ ਅਤੇ ਫਿਰ ਜਦੋਂ ਉਸਨੇ 50 ਹਜ਼ਾਰ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੂਜੀ ਧਿਰ ਦੀ ਵਿਚੋਲਣ ਦਾਦਗਿਰੀ ਦਿਖਾਉਂਦੇ ਹੋਏ ਲਾੜੀ ਨੂੰ ਲੈ ਕੇ ਫ਼ਰਾਰ ਹੋ ਗਏ ਜਿਸ ਕਾਰਨ ਉਨ੍ਹਾਂ ਨੂੰ ਬਿਨਾਂ ਵਹੁਟੀ ਤੋਂ ਬੇਰੰਗ ਪਰਤਣਾ ਪਿਆ। ਗੁਰਪ੍ਰੀਤ ਸਿੰਘ ਵਲੋਂ ਆਪਣੀ ਨਾਲ ਹੋਈ ਲੁੱਟ ਤੇ ਧੱਕੇਸ਼ਾਹੀ ਬਾਰੇ ਮਾਛੀਵਾੜਾ ਪੁਲਿਸ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਜਿਸ ’ਤੇ ਉਨ੍ਹਾਂ ਵਲੋਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ।