ਜ਼ਮੀਨੀ ਦੇ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਵਹੀਕਲਾਂ ਨੂੰ ਲਗਾਈ ਅੱਗ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 3 ਮਈ 2022: ਇੱਥੋਂ ਥੋੜ੍ਹੀ ਦੂਰ ਪੈਂਦੇ ਥਾਣਾ ਕਬੀਰਪੁਰ ਦੇ ਪਿੰਡ ਸ਼ੇਖਮਾਂਗਾ ਵਿਖੇ ਜ਼ਮੀਨ ਦੇ ਚੱਲਦੇ ਵਿਵਾਦ ਨੂੰ ਲੈ ਕੇ ਸੋਮਵਾਰ ਸ਼ਾਮ ਨੂੰ ਇਕ ਧਿਰ ਵੱਲੋਂ ਗੋਲੀਆਂ ਚਲਾਉਣ ਤੇ ਅੱਗ ਲਗਾ ਕੇ 2 ਮੋਟਰਸਾਈਕਲ ਸਾੜ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਪਾਤ ਜਾਣਕਾਰੀ ਅਨੁਸਾਰ ਕਰੀਬ ਇੱਕ ਹਫ਼ਤਾ ਪਹਿਲਾਂ ਸਭ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਵਿਖੇ ਸੰਤੋਖ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਸ਼ਾਹਵਾਲਾ ਅੰਦਰੀਸਾਂ ਨੇ ਸਕਾਇਤ ਦਰਜ ਕਰਵਾਈ ਸੀ ਕਿ ਪਿੰਡ ਸ਼ੇਖਮਾਂਗਾ ਦੇ ਨਿਵਾਸੀ ਬਲਬੀਰ ਸਿੰਘ ਵਗੈਰਾ ਉਸਦੀ ਮੱਕੀ ਦੀ ਫਸਲ, ਟਮਾਟਰ ਤੇ ਹੋਰ ਸਬਜ਼ੀਆਂ ਤਕਰੀਬਨ 6-7 ਏਕੜ ਵਾਹ ਗਏ ਹਨ ਤੇ ਖੇਤੀਬਾੜੀ ਦੇ ਸੰਦ ਵੀ ਚੋਰੀ ਕਰਕੇ ਲੈ ਗਏ ਸਨ। ਪੁਲਿਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਕੇਸ ’ਚ ਸ਼ਾਮਲ ਸਾਰੇ ਵਿਅਕਤੀ ਫਰਾਰ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਅਨੁਸਾਰ ਇਸੇ ਕੇਸ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਬਾਹਰੋਂ ਬੰਦੇ ਭੇਜ ਕੇ ਪਿੰਡ ਸ਼ੇਖਮਾਂਗਾ ਨੇੜੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਅੰਨੇਵਾਹ ਗੋਲੀਬਾਰੀ ਹੋਣ ਤੇ ਮੋਟਰਸਾਈਕਲ ਸਾੜਨ ਦੇ ਵਾਪਰੇ ਕਾਂਡ ਕਾਰਨ ਇਲਾਕੇ ਦੇ ਲੋਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਹੈ। ਉਧਰ, ਘਟਨਾ ਦੀ ਖਬਰ ਮਿਲਦੇ ਹੀ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਰਾਜੇਸ਼ ਕੱਕੜ ਵੀ ਮੌਕੇ ’ਤੇ ਪੁੱਜੇ ਤੇ ਜਾਂਚ ਆਰੰਭ ਕੀਤੀ।
ਥਾਣਾ ਕਬੀਰਪੁਰ ਦੇ ਮੁਖੀ ਜਸਪਾਲ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਗੋਲੀਆਂ ਚੱਲਣ ਤੇ 2 ਮੋਟਰਸਾਈਕਲ ਸਾੜੇ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਸਿਰਫ ਇੰਨਾ ਹੀ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਜਿਵੇਂ ਹੀ ਬਿਆਨ ਦਰਜ ਕਰਵਾਏ ਜਾਣਗੇ। ਕੇਸ ਦਰਜ ਕਰ ਕੇ ਸਾਰੇ ਮੁਲਜ਼ਮ ਗ੍ਰਿਫਤਾਰ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਹਾਲੇ ਪੁਲਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਕਿ ਗੋਲੀਆਂ ਚਲਾਉਣ ਵਾਲੇ ਕੌਣ ਸਨ।