ਸਮਾਜ ਦੇ ਨੈਤਿਕ ਪਤਨ ਦਾ ਇਲਾਜ ਸਿੱਖਾਂ ਕੋਲ : ਮਹੇਸ਼ ਭੱਟ
ਉਘੇ ਪੱਤਰਕਾਰ ਪਦਮਸ੍ਰੀ ਜਗਜੀਤ ਸਿੰਘ ਦਰਦੀ ਨਾਲ ਵਿਸ਼ੇਸ਼ ਵਾਰਤਾ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 30 ਮਾਰਚ 2022 : ਬੀਤੇ ਦਿਨੀਂ ਵਿਸ਼ਵ ਪ੍ਰਸਿੱਧ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨੇ ਆਪਣੇ ਇੱਕ ਟੀ. ਵੀ. ਪ੍ਰੋਗਰਾਮ ਲਈ ਕੁਝ ਨਾਮਵਰ ਹਸਤੀਆਂ ਦੀ ਇੰਟਰਵਿਊ ਲਈ, ਜਿਨ੍ਹਾਂ ਵਿਚੋਂ ਉਘੇ ਪੱਤਰਕਾਰ ਪਦਮਸ੍ਰੀ ਜਗਜੀਤ ਸਿੰਘ ਦਰਦੀ ਇੱਕ ਹਨ। ਦਰਦੀ ਨੂੰ ਸੰਬੋਧਿਤ ਹੁੰਦਿਆਂ ਮਹੇਸ਼ ਭੱਟ ਨੇ ਕਿਹਾ ਕਿ ਅੱਜ ਦੁਨੀਆ ਭਰ ਦੇ ਲੋਕਾਂ ਲਈ ਨੈਤਿਕ ਪਤਨ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ, ਇਸ ਨੈਤਿਕ ਗਿਰਾਵਟ ਦੇ ਕਾਰਨਾਂ ਨੂੰ ਲੱਭ ਕੇ ਸਿੱਖ ਕੌਮ ਕਿਸ ਤਰ੍ਹਾਂ ਆਪਣਾ ਯੋਗਦਾਨ ਪਾ ਸਕਦੀ ਹੈ, ਦੁਨੀਆ ਦੇ ਲੋਕਾਂ ਨੂੰ ਸਿੱਖਾਂ ਪਾਸੋਂ ਬਹੁਤ ਵੱਡੀਆਂ ਆਸਾਂ ਅਤੇ ਉਮੀਦਾਂ ਹਨ ਕਿਉਂਕਿ ਪਹਿਲਾਂ ਵੀ ਸਿੱਖਾਂ ਨੇ ਸਮਾਜ ਨੂੰ ਸਹਾਰਾ ਦੇ ਕੇ ਇਸ ਹਨੇਰੇ ਰਸਤੇ ਵਿਚ ਰੌਸ਼ਨੀ ਬਿਖੇਰੀ ਹੈ। ਇਸ ਲਈ ਇਸ ਨਮੋਸ਼ੀ ਭਰੇ ਸਮੇਂ ਵਿਚ ਇਨਸਾਨੀਅਤ ਨੂੰ ਸਿੱਖਾਂ ਤੋਂ ਮਾਰਗ ਦਰਸ਼ਨ ਦੀ ਸਖਤ ਲੋੜ ਹੈ।
ਇਸ ਦੇ ਜੁਆਬ ਵਿਚ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਵਿਕਾਸ ਨਾਲ ਦੁਨੀਆ ਭਰ ਵਿਚ ਇਹ ਬਹੁਤ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਕਿ ਜਿਸ ਕਾਰਨ ਇਨਸਾਨ ਆਪਣੀਆਂ ਕਦਰਾਂ ਕੀਮਤਾਂ ਨੂੰ ਭੁੱਲ ਕੇ ਹੈਵਾਨ ਅਤੇ ਸ਼ੈਤਾਨ ਬਣ ਰਿਹਾ ਹੈ। ਇਸ ਨੈਤਿਕ ਪਤਨ ਦਾ ਸਭ ਤੋਂ ਵੱਡਾ ਕਾਰਨ ਨਵੀਂ ਪੀੜ੍ਹੀ ਦਾ ਟੈਕਨਾਲੋਜੀ ਦੇ ਭਰਮੀ ਸੰਸਾਰ ਵਿਚ ਗਰਕਦੇ ਜਾਣਾ ਹੈ। ਮੋਬਾਇਲ ਦਾ ਰੁਝਾਨ ਨਿੱਤ ਵੱਧ ਰਿਹਾ ਹੈ। ਬੱਚਿਆਂ ਦਾ ਧਿਆਨ ਆਪਣੇ ਮਾਪਿਆਂ ਦੀ ਇੱਜ਼ਤ, ਘਰਾਂ ਦੀ ਮਰਿਆਦਾ ਅਤੇ ਆਗਿਆਕਾਰੀ ਹੋਣ ਦੀ ਥਾਂ ਸੋਸ਼ਲ ਮੀਡੀਆ ਉਤੇ ਮਿਲ ਰਹੀ ਅਸ਼ਲੀਲਤਾ, ਨੰਗੇਜ਼ ਅਤੇ ਖ਼ਤਰਨਾਕ ਖੇਡਾਂ ਵੱਲ ਵਧਦਾ ਜਾ ਰਿਹਾ ਹੈ। ਮਾਤਾ ਪਿਤਾ ਕੋਲ ਵੀ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਵਿਹਲ ਨਹੀਂ ਹੈ। ਜਿਸ ਕਰਕੇ ਬੱਚਿਆਂ ਦੀ ਸਿਹਤ ਖ਼ਰਾਬ ਹੋ ਰਹੀ ਹੈ ਅਤੇ ਬਿਮਾਰੀਆਂ ਵਿਚ ਅੰਤਾਂ ਦਾ ਵਾਧਾ ਹੋ ਰਿਹਾ ਹੈ। ਸ੍ਰੀ ਭੱਟ ਦੇ ਸੁਆਲਾਂ ਦੇ ਜੁਆਬ ਵਿਚ ਸ੍ਰ. ਦਰਦੀ ਨੇ ਕਿਹਾ ਕਿ ਨੇੜ ਭਵਿੱਖ ਇਹ ਸਮੱਸਿਆ ਹੋਰ ਗੰਭੀਰ ਹੁੰਦੀ ਜਾਵੇਗੀ ਕਿਉਂਕਿ ਬੁਰੇ ਪਾਸੇ ਵੱਲ ਜਲਦੀ ਜਾਣਾ ਇਨਸਾਨੀ ਫਿਤਰਤ ਹੈ।
ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਤਾਕਤ ਸਦਕਾ ਦੁਨੀਆ ਦੇ ਲੋਕਾਂ ਨੂੰ ਪਿਛਲੀਆਂ ਛੇ ਸਦੀਆਂ ਵਿਚ ਹਮੇਸ਼ਾ ਹੀ ਅਗਵਾਈ ਦੇ ਕੇ ਸਰਬੱਤ ਦਾ ਭਲਾ ਕੀਤਾ ਹੈ। ਹੁਣ ਇਹ ਕੰਮ ਹੋਰ ਜ਼ਿਆਦਾ ਗੁੰਝਲਦਾਰ ਅਤੇ ਮੁਸ਼ਕਿਲ ਹੋ ਗਿਆ ਹੈ, ਕਿਉਂਕਿ ਹਰ ਘਰ ਵਿਚ ਇਹ ਬਿਮਾਰੀ ਘਰ ਕਰ ਗਈ ਹੈ। ਹੁਣ ਚੰਗੀ ਕਿਸਮਤ ਵਾਲੇ ਲੋਕ ਪ੍ਰਭੂ ਸਿਮਰਨ ਅਤੇ ਗੁੁਰਬਾਣੀ ਨੂੰ ਪੜ੍ਹ ਅਤੇ ਸਮਝ ਕੇ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਕੇ ਹੀ ਆਪਣਾ ਬਚਾਅ ਕਰ ਸਕਣਗੇ।
ਸ੍ਰ. ਦਰਦੀ ਨੇ ਅੱਗੇ ਆਪਣੇ ਜੀਵਨ ਦੇ ਤਜਰਬੇ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਚਪਨ ਵਿਚ ਹੀ ਗੁਰਬਾਣੀ ਅਤੇ ਵਾਹਿਗੁਰੂ ਦੇ ਨਾਮ ਸਿਮਰਨ ਦੀਆਂ ਬਰਕਤਾਂ ਦੀ ਸੌਝੀ ਹੋ ਗਈ ਸੀ, ਜਿਸ ਸ਼ਕਤੀ ਸਦਕਾ ਉਹ ਬੁਰਾਈਆਂ ਤੋਂ ਬਚੇ ਰਹੇ ਅਤੇ ਲੋਕ ਸੇਵਾ ਦੇ ਨਾਲ ਨਾਲ ਸਰਬੱਤ ਦੇ ਭਲੇ ਲਈ ਸਾਰੀ ਉਮਰ ਕੰਮ ਕਰਦੇ ਰਹੇ। ਜਿਥੋਂ ਤੱਕ ਮਾਂ ਬੋਲੀ ਪੰਜਾਬੀ, ਪੰਜਾਬ ਅਤੇ ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਸਬੰਧ ਹੈ, ਗੁਰਬਾਣੀ ਪੜ੍ਹਨ ਵਾਲਿਆਂ ਦੇ ਜੀਵਨ ਵਿਚ ਇਹ ਸਹਿਜੇ ਹੀ ਸਮਾ ਜਾਂਦੀਆਂ ਹਨ। ਗੁਰਬਾਣੀ ਇਸ ਜਗਤ ਵਿਚ ਇੱਕ ਚਾਨਣ ਮੁਨਾਰਾ ਹੈ, ਜਿਸ ਤੋਂ ਸੰਸਾਰ ਰੌਸ਼ਨੀ ਪ੍ਰਾਪਤ ਕਰਕੇ ਆਪਣੇ ਜੀਵਨ ਵਿਚ ਨੈਤਿਕ ਪਤਨ ਤੋਂ ਬਚਦੇ ਹੋਏ ਜੀਵਨ ਨੂੰ ਸੁਹੇਲਾ ਬਣਾ ਸਕਦਾ ਹੈ। ਸ੍ਰ. ਦਰਦੀ ਨੇ ਬੜੇ ਵਿਸ਼ਵਾਸ ਨਾਲ ਕਿਹਾ ਕਿ ਇਨਸਾਨ ਦੀ ਹਰ ਮੈਦਾਨ ਫਤਿਹ ਦਾ ਭਰੋਸਾ ਵੀ ਗੁਰਬਾਣੀ ਪੜ੍ਹਨ ਉਪਰੰਤ ਹੋਣ ਵਾਲੀ ਵਾਹਿਗੁਰੂ ਦੀ ਮਿਹਰ ਵਿਚੋਂ ਹੀ ਮਿਲਦਾ ਹੈ ਅਤੇ ਉਨ੍ਹਾਂ ਨੂੰ ਇਸੇ ਬਖਸ਼ਿਸ਼ ਵਿਚੋਂ ਜ਼ਿੰਦਗੀ ਵਿਚ ਹਮੇਸ਼ਾ ਕਾਮਯਾਬੀਆਂ ਅਤੇ ਪਦਮਸ੍ਰੀ ਵਰਗੇ ਸਨਮਾਨ ਮਿਲੇ ਹਨ।