ਇਨਕਲਾਬੀ ਸੂਰਮਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਸਵੰਧ ਹੈਲਪ ਗਰੁੱਪ ਦਾ ਆਗਾਜ਼ ਕੀਤਾ
ਗੋਹਾ ਕੂੜਾ ਕਰਨ ਵਾਲੀ ਬਜ਼ੁਰਗ ਤੋਂ ਰੀਬਨ ਕਟਵਾਕੇ ਕੀਤੀ ਸ਼ੁਰੂਆਤ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 24 ਮਾਰਚ 2022: ਇਨਕਲਾਬੀ ਸੂਰਮੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੋੜਵੰਦਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਪਿੰਡ ਧਰਮਹੇੜੀ ਵਿਖੇ ਦਸਵੰਧ ਹੈਲਪ ਗਰੁੱਪ ਦਾ ਪਿੰਡ ਦਾ ਗੋਹਾ ਕੂੜਾ ਚੁੱਕਣ ਵਾਲੀ ਬਜ਼ੁਰਗ ਔਰਤ ਭਰਥੋ ਤੋਂ ਰੀਬਨ ਕਟਵਾਕੇ ਰਸਮੀ ਆਗਾਜ਼ ਕੀਤਾ ਗਿਆ। ਇਸ ਮੌਕੇ ਪਿੰਡ ਦੇ ਨੌਜਵਾਨਾਂ ਦੀ ਹਾਜ਼ਰੀ ਵਿਚ ਰੀਬਨ ਕੱਟਦਿਆਂ ਭਰਥੋ ਨੇ ਅਸੀਸਾਂ ਦਿੰਦੇ ਹੋਏ ਕਿਹਾ ਕਿ ਦਵਾਈ ਦਾਰੂ ਗਰੀਬ ਵਿਅਕਤੀ ਦੀ ਪਹਿਲੀ ਲੋੜ ਹੈ ਪਰ ਬਹੁਤ ਸਾਰੇ ਵਿੱਤੀ ਪੱਖੋਂ ਗਰੀਬ ਲੋਕ ਦਵਾਈ ਨਹੀਂ ਲੈ ਸਕਦੇ।
ਇਨ੍ਹਾਂ ਲੋਕਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਾਉਣ ਲਈ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ ’ਚ ਰਹਿੰਦੇ ਪ੍ਰਵਾਸੀ ਮਨਜੂਰ ਸਿੰਘ ਵਲੋਂ ਪਿੰਡ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਆਪਣੀ ਮਿਹਨਤ ਦੀ ਕਿਰਤ ਕਮਾਈ ’ਚੋ ਦਸਵੰਧ ਕੱਢਿਆ ਜਾਂਦਾ ਸੀ। ਹੁਣ ਇਹ ਵਿਚਾਰ ਆਇਆ ਹੈ ਕਿ ਸਰਬੱਤ ਦੇ ਭਲੇ ਦੀ ਸੋਚ ਨਾਲ ਦਸਵੰਧ ਦੇ ਜਰੀਏ ਇਕ ਪੱਕੇ ਟਿਕਾਣੇ ਤੋਂ ਆਪਣੇ ਪਿੰਡ ਧਰਮਹੇੜੀ ਦੇ ਲੋਕ ਜੋ ਆਪਣੀ ਆਮ ਦਵਾਈ ਨਹੀਂ ਖਰੀਦ ਸਕਦੇ ਉਨ੍ਹਾਂ ਲਈ ਉਹ ਸਹੂਲਤ ਪੱਕੇ ਤੌਰ ’ਤੇ ਸ਼ੁਰੂ ਕੀਤੀ ਜਾਵੇ।
ਇਸ ਉਪਰੰਤ ਅੱਜ ਪਿੰਡ ਵਿਚ ਪਿੰਡ ਲਈ ਸਥਾਈ ਟਿਕਾਣੇ ਦਾ ਰਸਮੀ ਆਗਾਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਡਾਕਟਰ ਦੀ ਪਰਚੀ ਤੇ ਇਥੇ ਤੈਨਾਤ ਨੌਜਵਾਨ ਪੜਤਾਲ ਕਰਕੇ ਸਬੰਧਿਤ ਵਿਅਕਤੀ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਏਗਾ। ਇਸ ਤੋਂ ਇਲਾਵਾ ਇਹ ਨੌਜਵਾਨ ਸ਼ਹਿਰ ’ਚ ਸਥਾਪਿਤ ਪੇਸ਼ੇਵਰ ਡਾਕਟਰਾਂ ਦੇ ਪਤੇ, ਪੇਸ਼ੇ ਦੀ ਮੁਹਾਰਤ ਦੇਖਣ ਦੇ ਸਮੇਂ ਬਾਰੇ ਵੀ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਇਥੇ ਮੁਫਤ ਮੈਡੀਕਲ ਕੈਂਪਾਂ ਦਾ ਵੀ ਇਹ ਸਮੂਹ ਸਮੇਂ ਸਮੇਂ ਤੇ ਪ੍ਰਬੰਧ ਕਰੇਗਾ।
ਲਵਪ੍ਰੀਤ ਸਿੰਘ ਨੇ ਦੱਸਿਆ ਕਿ ਦਸਵੰਧ ਗਰੁੱਪ ਨੂੰ ਜੋ ਵੀ ਲੋੜਵੰਦਾਂ ਲਈ ਵਿੱਤੀ ਸਹਾਇਤਾ ਭੇਜੇਗਾ ਉਹ ਅਤੇ ਜਿਸ ਨੂੰ ਦਵਾਈ ਜਾਂ ਹੋਰ ਮੈਡੀਕਲ ਵਿੱਤੀ ਸਹਾਇਤਾ ਕੀਤੀ ਜਾਵੇਗੀ ਹੈ । ਸਾਰੇ ਵਿੱਤੀ ਵੇਰਵੇ ਆਨਲਾਈਨ ਆਪਣੇ ਸੋਸ਼ਲ ਨੈਟਵਰਕ ਦੇ ਪੇਜ਼ ਤੇ ਹਰ ਰੋਜ਼ ਨਸ਼ਰ ਕਰੇਗਾ ਤਾਂ ਜੋ ਪਾਰਦਰਸ਼ਤਾ ਬਣੀ ਰਹੇ। ਉਨ੍ਹਾਂ ਕਿਹਾ ਕਿ ਇਸ ਗਰੁੱਪ ਦਾ ਅਗਲੇ ਸਮੇਂ ਵਿਚ ਨਤੀਜਿਆਂ ਮੁਤਾਬਿਕ ਵਿਸਥਾਰ ਕੀਤਾ ਜਾਵੇਗਾ।