ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਲਿਆ ਇਤਿਹਾਸਕ ਫੈਸਲਾ : ਕਿਰਨ ਢਿੱਲੋਂ
ਜੀ ਐਸ ਪੰਨੂ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ,24ਮਾਰਚ2022 : ਪਟਿਆਲਾ ਜ਼ਿਲ੍ਹੇ ਦੀ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੀਨੀਅਰ ਮੈਂਬਰ ਕਿਰਨ ਢਿੱਲੋਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਫੈਸਲੇ ਨੂੰ ਇਤਿਹਾਸਕ ਫੈਸਲਾ ਦੱਸਦਿਆਂ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਕ ਮਿਲਣਸਾਰ ਅਤੇ ਇਮਾਨਦਾਰ ਸਖਸ਼ੀਅਤ ਹਨ ਅਤੇ ਉਨ੍ਹਾਂ ਨੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀਆਂ ਸਮੂਹ ਪਾਰਟੀਆਂ ਨੂੰ ਪਹਿਲ ਦੇ ਆਧਾਰ ’ਤੇ ਅਹਿਮੀਅਤ ਦੇ ਕੇ ਸਮੁੱਚੇ ਸਦਨ ਦਾ ਦਿਲ ਜਿੱਤਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਉਹ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ ਪਰ 36 ਹਜ਼ਾਰ ਮੁਲਾਜ਼ਮ ਸਮਾਜ ਦੇ ਹਰ ਵਰਗ ਅਤੇ ਹਰ ਪਾਰਟੀ ਨਾਲ ਸਬੰਧਤ ਹਨ, ਜਿਸ ਨਾਲ ਇਸ ਫੈਸਲੇ ਨਾਲ ਸਮੂਹ ਵਰਗ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਮੂਹ ਪਾਰਟੀਆਂ ਨੂੰ ਨਾਲ ਲੈ ਕੇ ਪ੍ਰਗਤੀਸ਼ੀਲ ਪੰਜਾਬ ਦੀ ਸਥਾਪਨਾ ਕਰਨਗੇ, ਜਿਸ ਲਈ ਸਾਰੀਆਂ ਹੀ ਪਾਰਟੀਆਂ ਸਮੇਤ ਕਾਂਗਰਸ ਪਾਰਟੀ ਵੀ ਸਹਿਯੋਗ ਕਰਨ ਲਈ ਹਮੇਸ਼ਾ ਹੀ ਅੱਗੇ ਰਹੇਗੀ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਆਮ ਲੋਕਾਂ ਦੇ ਸਰਕਾਰੀ ਵਿਭਾਗਾਂ ਵਿਚ ਕੰਮ ਸੁਖਾਲੇ ਹੋਣੇ ਸ਼ੁਰੂ ਹੋ ਗਏ ਹਨ ਅਤੇ ਲੋਕਾਂ ਦਾ ਅਫਸਰਸ਼ਾਹੀ ਪ੍ਰਤੀ ਨਜ਼ਰੀਆ ਵੀ ਬਦਲ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਪੰਜਾਬ ਵਿਚ ਪਨਪ ਰਹੇ ਗੁੰਡਾਰਾਜ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੀ ਅਪੀਲ ਵੀ ਕੀਤੀ, ਜਿਸ ਨਾਲ ਸਮੂਹ ਪੰਜਾਬੀ ਬੇਖੌਫ ਹੋ ਕੇ ਆਪਣੀ ਜ਼ਿੰਦਗੀ ਜੀਅ ਸਕਣ ਅਤੇ ਕਾਰੋਬਾਰ ਕਰ ਸਕਣ।
ਜ਼ਿਕਰਯੋਗ ਹੈ ਕਿ ਕਿਰਨ ਢਿੱਲੋਂ ਨੇ ਜੋ ਗੁੰਡਾਗਰਦੀ ਅਤੇ ਸ਼ਰਾਰਤੀ ਅਨਸਰਾਂ ਦੀ ਗੱਲ ਕੀਤੀ ਹੈ ਇਹ ਹਰ ਸਾਬਕਾ ਪਾਰਟੀਆਂ ਨੇ ਚਾਲੂ ਰੱਖਿਆ ਹੈ ਜਿਸ ਵਿਚ ਜ਼ਿਆਦਾਤਰ ਇਕ ਪਾਰਟੀ ਦੇ ਕੁੱਝ ਗੁੰਡੇ ਲੋਕਾਂ ਨੇ ਉਨ੍ਹਾਂ ਦੇ ਘਰੇਲੂ ਝਗੜਿਆਂ 'ਚ ਸਮੁੰਲੀਅਤ ਕਰਕੇ ਜ਼ਮੀਨਾਂ ਤੇ ਜਾਂਲੀ ਵਸੀਅਤਾਂ ਬਣਾ ਕੇ ਕਬਜ਼ੇ ਪੁਲਿਸ ਦੀ ਸਹਾਇਤਾ ਨਾਲ ਕੀਤੇ ਹਨ । ਸਾਬਕਾ ਐਮ ਸੀ , ਪਾਰਟੀ ਦੇ ਨੁਮਾਇੰਦਿਆਂ ਨੇ ਕਈ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਿਆ ਹੈ ਇਥੋਂ ਕਿ ਸੰਸਥਾਵਾਂ ਦੇ ਨੁਮਾਇੰਦੇ ਬਣਕੇ ਸਕੂਲਾਂ ਦੀਆਂ ਲਾਵਾਰਸ ਲੜਕੀਆਂ ਦੀ ਇੱਜ਼ਤ ਵੀ ਮਹਫੂਜ਼ ਨਹੀਂ ਸਮਝੀਂ।
ਹਰ ਪਾਰਟੀ ਦੇ ਪ੍ਰਧਾਨਾਂ ਤੇ ਇਲਾਕਾ ਇਨਚਾਰਜ ਨੇ ਰਿਸ਼ਵਤਖੋਰੀ ਨੂੰ ਰੱਜ਼ ਕੇ ਵਧਾਵਾਂ ਦਿੱਤਾ ਹੈ। ਆਪ ਨੂੰ ਇਨ੍ਹਾਂ ਘਟਨਾ ਕਰਮਾਂ ਤੋਂ ਦੂਰ ਰਹਿਣ ਦੀ ਲੋੜ ਹੈ ਤੇ ਪੁਰਾਣੇ ਸਮੇਂ ਦੀ ਸਿੱਖਿਆਵਾਂ ਕਰ ਜਾਂਚ ਦੀ ਲੋੜ ਹੈ। ਇਸੇ ਲਈ ਕਿਰਨ ਢਿੱਲੋਂ ਨੇ ਕਿਹਾ ਹੈ ਕਿ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਅਪੀਲ ਵੀ ਕੀਤੀ, ਜਿਸ ਨਾਲ ਸਮੂਹ ਪੰਜਾਬੀ ਬੇਖੌਫ ਹੋ ਕੇ ਆਪਣੀ ਜ਼ਿੰਦਗੀ ਜੀਅ ਸਕਣ ਅਤੇ ਕਾਰੋਬਾਰ ਕਰ ਸਕਣ।