ਤਨਖਾਹਾਂ ਅਤੇ ਤਨਖਾਹ ਕਮਿਸ਼ਨ ਦੇ ਬਕਾਏ ਲਈ ਲੋੜੀਦਾ ਬਜ਼ਟ ਨਾ ਜਾਰੀ ਹੋਣ ਕਰਕੇ ਸੌਂਪਿਆ ਮੰਗ ਪੱਤਰ
ਪਹਿਲਾ ਸਰਕਾਰ ਅਤੇ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਢਿੱਲ ਮੱਠ ਕਾਰਨ ਮੁਲਾਜ਼ਮਾਂ ਚ ਪਾਇਆਂ ਜਾ ਰਿਹਾ ਹੈ ਵਿਆਪਕ ਰੋਸ਼
ਜੀ ਐਸ ਪੰਨੂ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ,5 ਮਾਰਚ, 2022:ਅਧਿਆਪਕਾਂ ਅਤੇ ਦਫ਼ਤਰੀ ਮੁਲਾਜ਼ਮਾਂ ਦੀਆਂ ਰੁਕੀਆਂ ਤਨਖਾਹਾਂ ਅਤੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਅਨੁਸਾਰ,ਮਿਲਣਯੋਗ ਤਨਖਾਹ ਵਾਧੇ ਲਈ ਬਜ਼ਟ ਜਾਰੀ ਨਾ ਹੋਣ ਦੇ ਵਿਰੋਧ ਵਿੱਚ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਅਧਿਆਪਕਾਂ ਦੇ ਸਮੂਹਿਕ ਵਫਦ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ।
ਤਨਖਾਹਾਂ ਜਾਰੀ ਕਰਵਾਉਣ ਲਈ ਉਲੀਕੇ ਇਸ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਸਾਂਝੀ ਕਰਦਿਆਂ ਮੋਰਚੇ ਦੇ ਆਗੂਆਂ ਵਿਕਰਮਦੇਵ,ਲਛਮਣ ਸਿੰਘ ਨਬੀਪੁਰ,ਪੁਸ਼ਪਿੰਦਰ ਹਰਪਾਲਪੁਰ, ਅਤੇ ਦਿਲਬਾਗ ਸਿੱਧੂ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਸਮੇਤ ਕਈ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਫਰਵਰੀ-2022 ਮਹੀਨੇ ਦੀਆਂ ਤਨਖਾਹਾਂ ਬਣਾਉਣ ਅਤੇ ਜਿਲ੍ਹੇ ਦੇ ਹਜਾਰਾਂ ਅਧਿਆਪਕਾਂ ਅਤੇ ਡੀ.ਈ.ਓ./ਬੀ.ਪੀ.ਈ.ਓ. ਦਫਤਰਾਂ ਦੇ ਮੁਲਾਜ਼ਮਾਂ ਨੂੰ, ਜੁਲਾਈ 2021 ਤੋਂ ਅਕਤੂਬਰ-2021 ਲਈ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਅਨੁਸਾਰ, ਮਿਲਣਯੋਗ ਤਨਖਾਹ ਵਾਧੇ ਦੇ ਏਰੀਅਲ ਲਈ ਕੋਈ ਵੀ ਬਜ਼ਟ ਪ੍ਰਾਪਤ ਨਹੀਂ ਹੋਇਆ ਹੈ।ਜਿਸ ਕਰਕੇ ਆਰਥਿਕ ਸਮੱਸਿਆਂਵਾਂ ਦਾ ਸਾਹਮਣਾ ਕਰ ਰਹੇ ਅਧਿਆਪਕਾਂ ਅਤੇ ਨਾਨ ਟੀਚਿੰਗ ਵਿੱਚ ਵਿਆਪਕ ਰੋਸ਼ ਪਾਇਆਂ ਜਾ ਰਿਹਾ ਹੈ।
ਅਧਿਆਪਕ ਆਗੂਆਂ ਪਰਮਜੀਤ ਸਿੰਘ,ਇਕਬਾਲ ਸਿੰਘ,ਅਤਿੰਦਰ ਪਾਲ ਸਿੰਘ ਅਤੇ ਗੁਰਪ੍ਰੀਤ ਗੁਰੂ ਨੇ ਕਿਹਾ ਕਿ ਇੱਕ ਤਾਂ ਪਹਿਲਾਂ ਪੰਜਾਬ ਦੀ ਕਾਂਗਰਸ ਸਰਕਾਰ ਨੇ 5 ਸਾਲ ਪਿੱਛੜ ਕੇ ਜਾਰੀ ਕੀਤੇ ਲੰਗੜੇ ਤਨਖਾਹ ਕਮਿਸ਼ਨ ਨੇ ਮੁਲਾਜਮਾਂ ਨੂੰ ਨਿਰਾਸ਼ ਕੀਤਾ ਹੈ ਦੂਜਾ ਹੁਣ ਮਿਲਣ ਵਾਲੇ ਨਾ ਮਾਤਰ ਵਾਧੇ ਦੇ ਏਰੀਅਲ ਸਮੇਤ ਤਨਖਾਹਾਂ ਲਈ ਵੀ ਢੁਕਵਾਂ ਬਜ਼ਟ ਜਾਰੀ ਨਾ ਕਰਕੇ ਮੁਲਾਜਮਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਮੰਗ ਪੱਤਰ ਦੇਣ ਉਪਰੰਤ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਵਿੱਚ ਲਗਾਤਾਰ ਤਿੱਖੀ ਹੋ ਰਹੀ ਖਿੱਚੋਤਾਣ ਦੇ ਸਿੱਟੇ ਵੱਜੋਂ ਮੁਲਾਜ਼ਮਾਂ ਉੱਤੇ ਪੈਣ ਵਾਲੇ ਸੰਭਾਵਿਤ ਕਿਸੇ ਵੀ ਆਰਥਿਕ ਬੋਝ ਖ਼ਿਲਾਫ਼ ਅਧਿਆਪਕਾਂ ਨੂੰ ਸਾਂਝੇ ਸੰਘਰਸ਼ਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਲਖਵੀਰ ਘਨੌਰ,ਹਰਵਿੰਦਰ ਰੱਖੜਾ,ਕਮਲ ਨੈਣ,ਰਕੇਸ਼ ਕੁਮਾਰ ਆਦਿ ਹਾਜ਼ਰ ਰਹੇ।