ਪ੍ਰੀ-ਪ੍ਰਾਇਮਰੀ ਜਮਾਤ ਦੇ ਲੱਖਾਂ ਬੱਚਿਆਂ ਦੀਆਂ ਮਾਵਾਂ ਨੇ ਇੱਕ ਦਿਨਾਂ ਵਰਕਸ਼ਾਪ 'ਚ ਲਿਆ ਹਿੱਸਾ
ਜੀ ਐਸ ਪੰਨੂ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 3 ਮਾਰਚ 2022 :ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ, ਡਾ ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਹਰਿੰਦਰ ਕੌਰ ਡੀ.ਪੀ.ਆਈ ਐਲੀਮੈਂਟਰੀ ਪੰਜਾਬ ਦੀ ਦੇਖ-ਰੇਖ ਵਿੱਚ
ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਜਮਾਤਾਂ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਵਿੱਚ ਪੜ੍ਹਦੇ 3 ਤੋਂ 6 ਸਾਲ ਦੇ ਬੱਚਿਆਂ ਦੀਆਂ ਮਾਵਾਂ ਲਈ ਇੱਕ ਦਿਨਾ ਵਿਸ਼ੇਸ਼ ਵਰਕਸ਼ਾਪ ਨੂੰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿੱ.) ਨੇ ਦੱਸਿਆ ਕਿ ਪਟਿਆਲੇ ਦੇ 940 ਦੇ ਕਰੀਬ ਸਕੂਲਾਂ ਵਿੱਚ ਵਿਦਿਆਰਥੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹ ਰਹੇ ਹਨ। ਇਹਨਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਮੇਂ-ਸਮੇਂ 'ਤੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਧੀਆ ਪੜ੍ਹਾਈ ਲਈ ਪ੍ਰਬੰਧ ਕੀਤੇ ਜਾਂਦੇ ਹਨ। ਇਹਨਾਂ ਬਾਰੇ ਜਾਣਕਾਰੀ ਦੇਣ ਲਈ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਮਾਵਾਂ ਨੂੰ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਨਵਿੰਦਰ ਕੌਰ ਭੁੱਲਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਮਾਵਾਂ ਨੂੰ ਜਾਗਰੂਕ ਕਰਨਾ ਸੀ ਕਿ ਕਿਹੜੀਆਂ ਖੇਡਾਂ ਸਿੱਖਣ ਵਿਧੀਆਂ ਰਾਹੀਂ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾਇਆ ਅਤੇ ਸਿਖਾਇਆਂ ਜਾਂਦਾ ਹੈ। ਸਕੂਲ ਮੁਖੀਆਂ ਨੇ ਮਾਵਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਆਪਣੇ ਬੱਚਿਆਂ ਦੀ ਸਿੱਖਿਆ ਲਈ ਵਡਮੁੱਲਾ ਯੋਗਦਾਨ ਪਾਉਣ ਜਿਸ ਲਈ ਮਾਂਵਾਂ ਦੁਆਰਾ ਘਰਾਂ ਵਿੱਚ ਬੱਚਿਆਂ ਨੂੰ ਕਰਵਾਈਆਂ ਜਾ ਸਕਣ ਵਾਲੀਆਂ ਕਿਰਿਆਵਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਇਹਨਾਂ ਕਿਰਿਆਵਾਂ ਨੂੰ ਕਰਕੇ ਵੀ ਦਿਖਾਇਆ ਗਿਆ। ਵਰਕਸ਼ਾਪ ਦੌਰਾਨ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਬੱਚੇ ਨੂੰ ਖੇਡ-ਖੇਡ ਵਿੱਚ ਕਿਵੇਂ ਪੜ੍ਹਾਈ ਲਈ ਤਿਆਰ ਕਰਕੇ ਸਿਖਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਸਕੂਲ, ਸਕੂਲ ਅਧਿਆਪਕਾਂ ਅਤੇ ਮਾਵਾਂ ਵਿੱਚ ਆਪਸੀ ਤਾਲਮੇਲ ਨੂੰ ਚੰਗੇਰਾ ਬਣਾਉਣਾ ਸੀ ਜਿਸ ਨਾਲ ਬੱਚਿਆਂ ਦੀ ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਹੋਰ ਪ੍ਰਭਾਵੀ ਬਣਾਇਆ ਜਾ ਸਕੇ ਜਿਸ ਵਿੱਚ ਸਿੱਖਿਆ ਵਿਭਾਗ ਸਫ਼ਲ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਵੰਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਨੇ ਦੱਸਿਆ ਕਿ ਮਾਵਾਂ ਨੂੰ ਸਕੂਲ ਅਧਿਆਪਕਾਂ ਨੇ ਪ੍ਰੀ-ਪ੍ਰਾਇਮਰੀ ਸਿੱਖਿਆ ਲਈ ਵਰਤੀ ਜਾਣ ਵਾਲੀ ਮਟੀਰੀਅਲ ਕਿੱਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸਦੇ ਨਾਲ ਹੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਮਾਵਾਂ ਨੂੰ ਪ੍ਰੀ-ਪ੍ਰਾਇਮਰੀ ਦੀਆਂ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੀਆਂ ਜਮਾਤਾਂ ਵਿੱਚ ਸਿੱਖਣ-ਸਿਖਾਉਣ ਪ੍ਰਕਿਰਿਆ ਲਈ ਵਰਤੀਆਂ ਜਾਣ ਵਾਲੀਆਂ ਵਰਕਸ਼ੀਟਾਂ ਨੂੰ ਭਰਨ ਦੀ ਐਕਟੀਵਿਟੀ ਕਰਵਾਉਣ ਦੇ ਨਾਲ-ਨਾਲ ਮਾਵਾਂ ਨੂੰ ਕਲੇਅ ਮਾਡਲਿੰਗ, ਪੇਪਰ ਕਟਿੰਗ, ਅਤੇ ਹੋਰ ਰੌਚਕ ਕਿਰਿਆਵਾਂ ਵੀ ਕਰਵਾਈਆਂ ਗਈਆਂ। ਮਾਵਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਬੱਚਿਆਂ ਨੂੰ ਕਰਵਾਏ ਜਾਣ ਵਾਲੇ ਪਾਠਕ੍ਰਮ ਦੀਆਂ ਕਿਰਿਆਵਾਂ ਨੂੰ 15 ਦਿਨ ਪਹਿਲਾਂ ਅਗਾਊਂ ਹੀ ਮਾਵਾਂ ਨਾਲ ਸਾਂਝਾ ਕੀਤਾ ਜਾਵੇਗਾ। ਜ਼ਿਲ੍ਹੇ ਦੀ ਇੱਕ ਰੋਜ਼ਾ ਮਾਂਵਾਂ ਦੀ ਵਰਕਸ਼ਾਪ ਦੀ ਕਵਰੇਜ ਮੇਜਰ ਸਿੰਘ ਅਤੇ ਅਨੂਪ ਸ਼ਰਮਾ ਦੁਆਰਾ ਕੀਤੀ ਗਈ।
ਸਿੱਖਿਆ ਵਿਭਾਗ ਵੱਲੋਂ ਮਾਵਾਂ ਨੂੰ ਪ੍ਰੀ-ਸਕੂਲ ਸਿੱਖਿਆ ਦੀ ਜਾਗਰੂਕਤਾ ਲਈ ਨਿਵੇਕਲੀ ਪਹਿਲ ਦਾਖ਼ਲਾ ਮੁਹਿੰਮ ਨੂੰ ਹੁਲਾਰੇ ਲਈ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਤੇ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ