ਐਸ ਐਸ ਐਮ ਉਮੀਦਵਾਰ ਰਵਨੀਤ ਬਰਾੜ ਨੇ ਮੋਹਾਲੀ ਦੇ ਵੱਖ ਵੱਖ ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ 'ਚ ਕੀਤਾ ਚੋਣ ਪ੍ਰਚਾਰ
ਮੋਹਾਲੀ, 26 ਜਨਵਰੀ 2022 - ਸੰਯੁਕਤ ਸਮਾਜ ਮੋਰਚਾ ਦੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਰਵਨੀਤ ਬਰਾੜ ਨੇ ਆਪਣੇ ਚੋਣ ਪ੍ਰਚਾਰ ਵਿੱਚ ਹੋਰ ਤੇਜ਼ੀ ਲਿਆਉਂਦੇ ਹੋਏ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਮੋਹਾਲੀ ਸ਼ਹਿਰ ਦੇ ਸੈਕਟਰਾਂ ਅਤੇ ਫੇਸਾਂ ਵਿੱਚ ਚੋਣ ਪ੍ਰਚਾਰ ਕੀਤਾ।
ਬਰਾੜ ਨੇ ਹਲਕੇ ਦੇ ਪਿੰਡ ਸਨੇਟਾ, ਧੀਰਪੁਰ, ਢੇਲਪੁਰ, ਗੋਬਿੰਦਗੜ੍ਹ ਅਤੇ ਮੋਹਾਲੀ ਸ਼ਹਿਰ ਦੇ ਫੇਸ 11 ਅਤੇ 10, ਸੈਕਟਰ 68 ਮਾਰਕੀਟ ਵਿੱਚ ਦੁਕਾਨਦਾਰ ਵੀਰਾਂ ਵਿੱਚ ਆਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਸੰਯੁਕਤ ਸਮਾਜ ਮੋਰਚਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਆਉਣ ਵਾਲੀ 20 ਫਰਵਰੀ ਨੂੰ ਸੰਯੁਕਤ ਸਮਾਜ ਮੋਰਚਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਹਲਕਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਬਰਾਡ਼ ਨੇ ਕਿਹਾ ਕਿ ਮੋਹਾਲੀ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਨੇ ਮੋਹਾਲੀ ਸ਼ਹਿਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਥਾਂ ਥਾਂ ਤੇ ਸੜਕਾਂ ਪੁੱਟੀਆਂ ਗਈਆਂ ਹਨ ਅਤੇ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਨੇ ਪਰਿਵਾਰਵਾਦ ਨੂੰ ਬੜ੍ਹਾਵਾ ਦਿੱਤਾ ਹੈ। ਸਿੱਧੂ ਨੇ ਹਲਕੇ ਵਿੱਚੋਂ ਕਿਸੇ ਹੋਰ ਨੂੰ ਉੱਠਣ ਨਾ ਦੇ ਕੇ ਆਪਣੇ ਹੀ ਭਰਾ ਨੂੰ ਮੇਅਰ ਬਣਾਇਆ। ਉਨ੍ਹਾਂ ਕਿਹਾ ਕਿ ਦੋਵੇਂ ਸਿੱਧੂ ਭਰਾਵਾਂ ਨੇ ਮਿਲ ਕੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਭਾਵੇਂ ਉਹ ਗਊਸ਼ਾਲਾ ਦੀ ਜ਼ਮੀਨ ਦਾ ਮਾਮਲਾ ਹੋਵੇ, ਪੀਪੀਈ ਕਿੱਟਾਂ ਦਾ ਮਾਮਲਾ ਹੋਵੇ ਜਾਂ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਦੱਬਣ ਦਾ ਮਾਮਲਾ ਹੋਵੇ, ਬਲਬੀਰ ਸਿੱਧੂ ਨੇ ਆਪਣੇ ਘਰ ਭਰਨ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ।
ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਆੜੇ ਹੱਥੀ ਲੈਂਦਿਆਂ ਬਰਾਡ਼ ਨੇ ਕਿਹਾ ਕਿ ਕੁਲਵੰਤ ਸਿੰਘ ਦਾ ਆਪਣਾ ਕੋਈ ਸਟੈਂਡ ਨਹੀਂ ਹੈ। ਉਹ ਆਪਣੀ ਸਹੂਲਤ ਮੁਤਾਬਕ ਹਰ ਵਾਰ ਚੋਣਾਂ ਵਿੱਚ ਪਾਰਟੀ ਬਦਲਦੇ ਹਨ। ਉਨ੍ਹਾਂ ਖਦਸ਼ਾ ਜਤਾਇਆ ਕਿ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਪੈਸਾ ਫੰਡ ਦੇ ਰੂਪ ਵਿੱਚ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਦੀ ਟਿਕਟ ਮੋਹਾਲੀ ਵਿਚੋਂ ਪੱਕੀ ਕੀਤੀ ਗਈ।
ਬੇਸ਼ੱਕ ਸੰਯੁਕਤ ਸਮਾਜ ਮੋਰਚਾ ਪਹਿਲੀ ਵਾਰ ਚੋਣ ਲੜ ਰਿਹਾ ਹੈ ਪਰ ਚੋਣ ਪ੍ਰਚਾਰ ਦੌਰਾਨ ਰਵਨੀਤ ਬਰਾੜ ਨੂੰ ਹਲਕੇ ਦੇ ਲੋਕਾਂ ਵੱਲੋਂ ਭਾਰੀ ਸਮਰਥਨ ਮਿਲਦਾ ਦਿਖਾਈ ਦੇ ਰਿਹਾ ਹੈ।