ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਬੈਂਸ ਵੱਲੋਂ ਅੱਧੀ ਦਰਜਨ ਵੈਕਸੀਨ ਕੈਪਾਂ ਦੀ ਚੈਕਿੰਗ
ਸਮਾਂ ਪੂਰਾ ਹੋਣ ਤੇ ਲੋਕ ਦੂਸਰੀ ਡੋਜ਼ ਜਰੂਰੀ ਲਗਵਾਉਣ - ਡਾ. ਰਾਜੀਵ ਬੈਂਸ
ਹਰਮਿੰਦਰ ਸਿੰਘ ਭੱਟ
ਸੰਦੌੜ, 24, ਜਨਵਰੀ, 2022: - ਸਿਵਲ ਸਰਜਨ ਮਾਲੇਰਕੋਟਲਾ ਡਾ. ਮੁਕੇਸ਼ ਚੰਦਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੀਵ ਬੈਂਸ ਵੱਲੋਂ ਅੱਜ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਵਿੱਚ ਅੱਧੀ ਦਰਜਨ ਦੇ ਕਰੀਬ ਵੱਖ ਵੱਖ ਸੈਂਟਰਾਂ ਦੇ ਲਗਾਏ ਜਾ ਰਹੇ ਵੈਕਸੀਨ ਕੈਪਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਡਾ. ਬੈਂਸ ਨੇ ਕਿਹਾ ਕਿ ਬਲਾਕ ਪੰਜਗਰਾਈਆਂ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਵਿਡ ਨੂੰ ਪੂਰੀ ਤਰ੍ਹਾਂ ਰੋਕਣ ਅਤੇ ਲੋਕਾਂ ਦੇ ਬਚਾਅ ਲਈ ਕੰਮ ਜੰਗੀ ਪੱਧਰ ਜਾਰੀ ਹੈ।
ਇਸੇ ਤਹਿਤ ਅੱਜ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਹਜ਼ਾਰਾਂ ਲੋਕਾਂ ਦੇ ਵੈਕਸੀਨ ਲਗਾਈ ਗਈ। ਉਹਨਾਂ ਅੱਗੇ ਕਿਹਾ ਕਿ ਸਾਰੇ ਲੋਕਾਂ ਨੂੰ ਕੋਵਿਡ 19 ਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਤੋਂ ਬਚਾਅ ਲਈ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ, ਅਤੇ ਦੂਸਰੀ ਡੋਜ਼ ਦਾ ਸਮਾਂ ਹੋਣ ਤੇ ਹਰ ਹੀਲੇ ਦੂਜੀ ਡੋਜ਼ ਲਗਵਾਉਣੀ ਚਾਹੀਦੀ ਹੈ ਅਤੇ ਤੀਸਰੀ ਲਹਿਰ ਨੂੰ ਰੋਕਣ ਲਈ 100 ਫ਼ੀਸਦੀ ਲੋਕਾਂ ਨੂੰ ਵੈਕਸੀਨ ਵੀ ਲਗਵਾਉਣੀ ਚਾਹੀਦੀ ਹੈ ਅਤੇ ਕਿਸੇ ਵੀ ਹਲਕੇ ਤੋਂ ਹਲਕੇ ਲੱਛਣ ਹੋਣ ਤੇ ਵੀ ਕੋਵਿਡ ਟੈਸਟ ਲਾਜ਼ਮੀ ਕਰਵਾਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਜਿਲ੍ਹਾ ਮਾਲੇਰਕੋਟਲਾ ਦਾ ਸਿਹਤ ਵਿਭਾਗ ਕੋਵਿਡ ਦੀ ਤੀਸਰੀ ਲਹਿਰ ਨੂੰ ਰੋਕਣ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਅਤੇ ਪੂਰੀ ਤਰ੍ਹਾਂ ਚੌਕਸ ਹੈ। ਇਸ ਮੌਕੇ ਉਹਨਾਂ ਵੱਲੋਂ ਬਧਰਾਵਾ, ਚੀਮਾ, ਕੁਠਾਲਾ, ਪੰਜਗਰਾਈਆਂ, ਅਲੀਪੁਰ ਆਦਿ ਵੈਕਸੀਨ ਕੈਪਾਂ ਦੀ ਚੈਕਿੰਗ ਕਰਦੇ ਹੋਏ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਐਮ. ਐਸ. ਭਸੀਨ, ਡਾ. ਕੰਵਲਵੀਰ ਸਿੰਘ, ਮਾਸ ਮੀਡੀਆ ਅਫ਼ਸਰ ਦਲਜੀਤ ਸਿੰਘ, ਐਸ ਆਈ ਨਿਰਭੈ ਸਿੰਘ, ਸਤਿਦਰ ਸਿੰਘ ਬਮਾਲ, ਬਲਵੀਰ ਕੌਰ, ਸੁਖਵਿੰਦਰ ਕੌਰ, ਰਾਜੇਸ਼ ਰਿਖੀ, ਪਰਮਿੰਦਰ ਸਿੰਘ, ਜਸਵਿੰਦਰ ਕੌਰ ਕਈ ਕਰਮਚਾਰੀ ਵੀ ਹਾਜ਼ਰ ਸਨ।