ਪ੍ਰੋ. ਭੁੱਲਰ ਦੀ ਰਿਹਾਈ ’ਚ ਅੜਿੱਕਾ ਡਾਹੁਣ ਵਾਲੀ ਆਪ ਪਾਰਟੀ ਨੂੰ ਗੈਰਤਮੰਦ ਪੰਜਾਬੀ ਕਦੇ ਵੋਟ ਨਹੀਂ ਪਾਉਣਗੇ : ਪ੍ਰੇਮ ਚੰਦੂਮਾਜਰਾ
- ਦਿੱਲੀ ਦੇ ਇਸ ਧਾੜਵੀ ਗੈਂਗ ਨੂੰ ਨਾ ਹੀ ਪੰਜਾਬ ਅਤੇ ਨਾ ਹੀ ਪੰਜਾਬੀਆਂ ਦੀ ਭਾਵਨਾ ਦੀ ਕਦਰ : ਪ੍ਰੋ ਚੰਦੂਮਾਜਰਾ
ਜੀ ਐਸ ਪੰਨੂ
ਘਨੌਰ, 23 ਜਨਵਰੀ ,2022 : ਹਲਕੇ ਦੇ ਪਿੰਡ ਉਲਾਣਾ ’ਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਈ ਪਰਿਵਾਰਾਂ ਨੇ ਪਾਰਟੀ ਛੱਡ ਕੇ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਹਮਾਇਤ ਦਾ ਐਲਾਨ ਕੀਤਾ।
ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਜਾਗਦੀ ਜਮੀਰ ਅਤੇ ਮਨੁੱਖੀ ਭਾਈਚਾਰੇ ਦੀ ਕਦਰ ਕਰਨ ਵਾਲਾ ਇਨਸਾਨ ਕਦੇ ਵੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਵੇਗਾ। ਉਨ੍ਹਾਂ ਆਖਿਆ ਕਿ ਸਜ਼ਾ ਪੂਰੀ ਕਰ ਚੁੱਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸਿਫਾਰਸ਼ਾਂ ਦੀ ਫਾਇਲ ਨੂੰ ਰੱਦ ਕਰਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਖਾਸ ਕਰਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਥਰਮਲਾਂ ਨੂੰ ਬੰਦ ਕਰਨ ਲਈ ਅਦਾਲਤਾਂ ’ਚ ਅਰਜ਼ੀਆਂ ਦੇਣ ਵਾਲਾ ਕੇਜਰੀਵਾਲ ਪੰਜਾਬ ਦਾ ਭਲਾ ਕਦੇ ਵੀ ਸੋਚ ਨਹੀਂ ਸਕਦਾ। ਦਿੱਲੀ ਦੇ ਇਸ ਧਾੜਵੀ ਗੈਂਗ ਨੂੰ ਨਾ ਹੀ ਪੰਜਾਬ ਅਤੇ ਨਾ ਹੀ ਪੰਜਾਬੀਆਂ ਦੀ ਭਾਵਨਾ ਦੀ ਕਦਰ ਹੈ। ਦਿੱਲੀ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸਥਾਨ ’ਤੇ ਪਿਆਊ ਢਾਹ ਕੇ, ਦਿੱਲੀ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਉਣ ਦੀ ਇਜ਼ਾਜਤ ਨਾ ਦੇਣਾ ਅਤੇ ਪੰਜਾਬ ਦੇ ਹਿੱਸੇ ਦਾ ਪਾਣੀ ਦਿੱਲੀ ਵਾਸੀਆਂ ਨੂੰ ਦੇਣ ਦਾ ਵਾਅਦਾ ਕਰਕੇ ਦਿੱਲੀ ਦੀ ਸੱਤਾ ਹਾਸਲ ਕਰਨ ਵਾਲਾ ਕੇਜਰੀਵਾਲ ਅਤੇ ਇਸਦੀ ਪਾਰਟੀ ਨੂੰ ਗੈਰਤਮੰਦ ਪੰਜਾਬੀ ਕਦੇ ਮੂੰਹ ਨਹੀਂ ਲਗਾਉਣਗੇ।
ਅਖ਼ੀਰ ਵਿਚ ਪ੍ਰੋ. ਚੰਦੂਮਾਜਰਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਕੋਝੀਆਂ ਚਾਲਾਂ ਤੋਂ ਲੋਕ ਸੁਚੇਤ ਰਹਿਣ ਅਤੇ ਆਉਣ ਵਾਲੀ ਅਕਾਲੀ-ਬਸਪਾ ਗਠਜੋੜ ਸਰਕਾਰ ’ਚ ਆਪਣਾ ਯੋਗਦਾਨ ਪਾਉਣ।
ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਵਾਲਿਆਂ ਵਿਚ ਜਗਦੀਪ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸੰਘ, ਰਣਜੀਤ ਕੌਰ, ਸੁਨਾਵ ਕੌਰ, ਜੋਗਿੰਦਰ ਕੌਰ, ਜਸਵੀਰ ਸਿੰਘ, ਅਭਿਜੋਤ ਸਿੰਘ, ਨਵਜੋਤ ਸਿੰਘ ਦੇ ਪਰਿਵਾਰ ਪ੍ਰਮੁਖ ਸਨ। ਇਸਤੋਂ ਇਲਾਵਾ ਪਿੰਡ ਸੌਂਟਾ ਵਿਖੇ ਕਾਂਗਰਸ ਛੱਡ ਕੇ ਜਸਵਿੰਦਰ ਸਿੰਘ, ਜਗਤਾਰ ਸਿੰਘ, ਚੰਦਨ ਸਿੰਘ, ਧਰਮਿੰਦਰ ਸਿੰਘ, ਸਤਨਾਮ ਸਿੰਘ, ਮਨੀ ਸਿੰਘ ਵੀ ਅਕਾਲੀ ਦਲ ’ਚ ਸ਼ਾਮਲ ਹੋਏ।
ਇਸ ਮੌਕੇ ਜਥੇਦਾਰ ਜਸਮੇਰ ਸਿੰਘ ਲਾਛੜੂ, ਜੰਗ ਸਿੰਘ ਰੁੜਕਾ, ਬਲਦੇਵ ਸਿੰਘ ਮਹਿਰਾ, ਜਸਪਾਲ ਸਿੰਘ ਕਾਮੀ, ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ ਸਰਪੰਚ ਰਾਮਪੁਰ,ਸਾਧੂ ਸਿੰਘ ਲਾਛੜੂ, ਹਰਬੰਸ ਸਿੰਘ ਵੀ ਹਾਜ਼ਰ ਸਨ।