ਚੋਣ ਡਿਊਟੀ ਨੂੰ ਜ਼ਿੰਮੇਵਾਰੀ ਅਤੇ ਆਪਸੀ ਤਾਲਮੇਲ ਨਾਲ ਨਿਭਾਉਣ ਅਧਿਕਾਰੀ ਅਤੇ ਕਰਮਚਾਰੀ- ਐਸ ਡੀ ਐਮ ਮਾਨਸਾ
- ਵਿਧਾਨ ਸਭਾ ਚੋਣਾਂ-2022 ਲਈ ਚੋਣ ਅਮਲੇ ਦੀ ਹੋਈ ਪਹਿਲੀ ਰਿਹਰਸਲ
ਸੰਜੀਵ ਜਿੰਦਲ
ਮਾਨਸਾ, 20 ਜਨਵਰੀ 2022 : ਵਿਧਾਨ ਸਭਾ ਚੋਣਾ-2022 ਲਈ ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ ਲਈ ਲਗਾਏ ਗਏ ਚੋਣ ਅਮਲੇ ਦੀ ਅੱਜ ਪਹਿਲੀ ਰਿਹਰਸਲ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਕਰਵਾਈ ਗਈ।
ਰਿਹਰਸਲ ਦੌਰਾਨ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮਾਨਸਾ ਹਰਜਿੰਦਰ ਸਿੰਘ ਜੱਸਲ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਚੋਣ ਅਮਲੇ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ 96-ਮਾਨਸਾ ਦੀ ਹਾਜ਼ਰੀ ਚੈਕ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਸਾਨੂੰ ਬਹੁਤ ਹੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਲਈ ਹਰੇਕ ਅਧਿਕਾਰੀ ਅਤੇ ਕਰਮਚਾਰੀ ਦਾ ਫਰਜ਼ ਹੈ ਕਿ ਉਹ ਆਪਣੀ ਡਿਊਟੀ ਪੂਰੀ ਗੰਭੀਰਤਾ, ਤਨਦੇਹੀ ਅਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹੇ, ਤਾਂ ਜੋ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।
ਉਨ੍ਹਾਂ ਨਾਲ ਹੀ ਕਿਹਾ ਕਿ ਟ੍ਰੇਨਿੰਗ ਦੌਰਾਨ ਹਰ ਇੱਕ ਗੱਲ ਨੂੰ ਬਹੁਤ ਸੰਜੀਦਗੀ ਅਤੇ ਧਿਆਨ ਨਾਲ ਸੁਣਿਆ ਜਾਵੇ, ਤਾਂ ਜੋ ਚੋਣਾ ਦੌਰਾਨ ਕੋਈ ਦਿੱਕਤ ਸਾਹਮਣੇ ਨਾ ਆਵੇ।
ਟ੍ਰੇਨਿੰਗ ਦੌਰਾਨ ਟ੍ਰੇਨਰਾਂ ਵੱਲੋਂ ਚੋਣ ਅਮਲੇ ਨੂੰ ਚੋਣਾ ਦੀ ਪੋਲਿੰਗ ਤੋਂ ਲੈ ਕੇ ਗਿਣਤੀ ਤੱਕ ਦੀ ਸਾਰੀ ਜਾਣਕਾਰੀ ਵਿਸਥਾਰ ਪੂਰਵਕ ਸਮਝਾਈ ਗਈ। ਚੋਣ ਅਮਲੇ ਨੂੰ ਈਵੀਐਮ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਅਤੇ ਵੀ.ਵੀ.ਪੈਟ. (ਵੋਟਰ ਵੈਰੀਫਾਇਡ ਪੇਪਰ ਆਡਿਟ ਟ੍ਰੇਲ) ਦੀ ਸਮੁੱਚੀ ਪ੍ਰਕਿ੍ਰਆ ਬਾਰੇ ਜਾਣਕਾਰੀ ਦਿੱਤੀ ਗਈ। ਟ੍ਰੇਨਰਾਂ ਵੱਲੋਂ ਚੋਣ ਅਮਲੇ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਚੋਣਾਂ ਨਾਲ ਸਬੰਧਿਤ ਹੋਰ ਤੱਥਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਚੋਣ ਸਮੱਗਰੀ ਲੈਣ ਸਮੇਂ ਅਤੇ ਵੋਟਾਂ ਪੁਆਉਣ ਉਪਰੰਤ ਪੂਰੀ ਮੁਸ਼ਤੈਦੀ ਨਾਲ ਧਿਆਨ ਰੱਖਿਆ ਜਾਵੇ, ਤਾਂ ਜੋ ਚੋਣਾਂ ਵਿਚ ਕਿਸੇ ਕਿਸਮ ਦਾ ਵਿਘਨ ਨਾ ਪੈ ਸਕੇ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਉਂਗਲ ’ਤੇ ਨਿਸ਼ਾਨ ਲਾਉਣ ਦਾ ਖ਼ਾਸ ਧਿਆਨ ਰੱਖਿਆ ਜਾਵੇ।