ਕਪੂਰਥਲਾ : ਨਿਜ਼ਾਮਪੁਰ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ 'ਚ ਮਾਰੇ ਗਏ ਨੌਜਵਾਨ ਦਾ ਹੋਇਆ ਸਸਕਾਰ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 24 ਦਸੰਬਰ 2021- ਪਿਛਲੇ ਦਿਨੀਂ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੋੜ (ਬਾਦਸ਼ਾਹਪੁਰ) ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਵਿਚ ਲੋਕਾਂ ਦੀ ਭੀੜ ਵੱਲੋਂ ਮਾਰੇ ਗਏ ਨੌਜਵਾਨ ਦਾ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੇ ਬੋਰਡ ਵਲੋਂ ਪੁਲਿਸ ਦੀ ਨਿਗਰਾਨੀ ਵਿਚ ਪੋਸਟਮਾਰਟਮ ਕੀਤਾ ਗਿਆ ਤੇ ਇਸ ਬੋਰਡ ਵਿਚ 5 ਡਾਕਟਰ ਸ਼ਾਮਿਲ ਕੀਤੇ ਗਏ | ਡੀ.ਐੱਸ.ਪੀ. ਸਬ ਡਵੀਜ਼ਨ ਸੁਰਿੰਦਰ ਸਿੰਘ ਤੇ ਕਾਰਜਕਾਰੀ ਐੱਸ.ਐੱਮ.ਓ. ਡਾ: ਨਰਿੰਦਰ ਸਿੰਘ ਦੀ ਦੇਖ ਰੇਖ ਹੇਠ ਪੋਸਟਮਾਰਟਮ ਦੀ ਕਾਰਵਾਈ ਮੁਕੰਮਲ ਕੀਤੀ ਗਈ | ਉਪਰੰਤ ਸ਼ਮਸ਼ਾਨਘਾਟ ਵਿਖੇ ਅਣਪਛਾਤੇ ਮਿ੍ਤਕ ਨੌਜਵਾਨ ਦਾ ਸਸਕਾਰ ਕੀਤਾ ਗਿਆ | ਇਸ ਬਾਰੇ ਡਾ: ਨਰਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਮੁੱਢਲੀ ਜਾਂਚ ਵਿਚ ਮਿ੍ਤਕ ਦੇ ਸਰੀਰ 'ਤੇ ਕਰੀਬ 5 ਥਾਵਾਂ 'ਤੇ ਜ਼ਖ਼ਮਾਂ ਦੇ ਨਿਸ਼ਾਨ ਸਨ, ਜੋ ਕਿ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹੋਏ ਲੱਗ ਰਹੇ ਸਨ ਤੇ ਬਾਕੀ ਰਿਪੋਰਟ ਵਿਸਰੇ ਦੀ ਜਾਂਚ ਉਪਰੰਤ ਸਾਹਮਣੇ ਆਵੇਗੀ |