ਅਮਨਪ੍ਰੀਤ ਸਿੰਘ ਦੀ ਫਾਈਲ ਫੋਟੋ
ਅਣਪਛਾਤੇ ਤੇਜ਼ ਰਫਤਾਰ ਵਾਹਨ ਵੱਲੋਂ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰਨ ਤੇ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖਮੀ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 22 ਦਸੰਬਰ 2021 ਸੁਲਤਾਨਪੁਰ ਲੋਧੀ ਡਡਵਿੰਡੀ ਮਾਰਗ ਤੇ ਡਿੱਗੇ ਪੁਲ ਤੋਂ ਥੋੜ੍ਹਾ ਅੱਗੇ ਬਣੇ ਐਂਟਰੀ ਗੇਟ ਦੇ ਨਜ਼ਦੀਕ ਇਕ ਅਣਪਛਾਤੇ ਵਾਹਨ ਵੱਲੋਂ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦੇਣ ਤੇ ਇਕ ਨੌਜਵਾਨ ਦੀ ਮੌਤ ਤੇ ਦੋ ਗੰਭੀਰ ਰੂਪ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਮੋਟਰਸਾਈਕਲ ਨੰਬਰ ਪੀ ਬੀ 09 ਏ 6620 ਤੇ ਸੁਲਤਾਨਪੁਰ ਲੋਧੀ ਤੋਂ ਡਡਵਿੰਡੀ ਮਾਰਗ ਨੂੰ ਜਾ ਰਿਹਾ ਸੀ ਤਾਂ ਕਿਸੇ ਤੇਜ਼ ਰਫਤਾਰ ਅਣਪਛਾਤੇ ਵਾਹਨ ਵੱਲੋਂ ਜ਼ਬਰਦਸਤ ਟੱਕਰ ਮਾਰ ਦੇਣ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਉਸ ਤੇਜ਼ ਰਫ਼ਤਾਰ ਵਾਹਨ ਅੱਗੇ ਜਾ ਰਹੇ ਇਕ ਹੋਰ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਅਤੇ ਗੰਭੀਰ ਰੂਪ ਚ ਜ਼ਖ਼ਮੀ ਕਰਕੇ ਵਾਹਨ ਸਮੇਤ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਾਜਬੀਰ ਸਿੰਘ ਪੁੱਤਰ ਅਸ਼ੋਕ ਕੁਮਾਰ ਪਿੰਡ ਝੱਲ ਲੇਈ ਵਾਲਾ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਵਿਖੇ ਮਿਰਜ਼ਾ ਪੂਰੀਏ ਜਸਬੀਰ ਸਿੰਘ ਦੀ ਦੁਕਾਨ ਤੇ ਕੰਮ ਕਰਦਾ ਹੈ ਸ਼ਾਮ ਨੂੰ ਉਹ ਆਪਣੇ ਜੀਜਾ ਸੁਨੀਲ ਅਟਵਾਲ ਪੁੱਤਰ ਦਲੀਪ ਪਿੰਡ ਹੈਬਤਪੁਰ ਦੇ ਨਾਲ ਆਪਣੇ ਮੋਟਰ ਸਾਈਕਲ ਪੀ ਬੀ 41 ਡੀ 2585 ਤੇ ਵਾਪਸ ਕੰਮ ਤੋਂ ਘਰ ਨੂੰ ਜਾ ਰਹੇ ਸਨ ਤਾਂ ਜਦੋਂ ਕਿਸੇ ਅਣਪਛਾਤੇ ਵਾਹਨ ਵੱਲੋਂ ਕਿਸੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰਨ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਪਿੱਛੇ ਮੁੜ ਕੇ ਵੇਖਿਆ ਪ੍ਰੰਤੂ ਉਸ ਤੇਜ਼ ਰਫਤਾਰ ਵਾਹਨ ਨੇ ਸਾਨੂੰ ਦੂਰ ਤਕ ਘਸੀਟ ਕੇ ਇੱਕ ਪਾਸੇ ਸੁੱਟ ਦਿੱਤਾ ਅਤੇ ਵਾਹਨ ਨੂੰ ਉਡਾ ਕੇ ਲੈ ਗਿਆ।
ਰੌਲਾ ਪੈਣ ਤੇ ਤੁਰੰਤ ਰਾਹਗੀਰਾਂ ਨੇ 108 ਨੰਬਰ ਐਂਬੂਲੈਂਸ ਰਾਹੀਂ ਘਟਨਾ ਦੀ ਖ਼ਬਰ ਮਿਲਦਿਆਂ ਐਸਐਚਓ ਸੁਲਤਾਨਪੁਰ ਲੋਧੀ ਹਰਜੀਤ ਸਿੰਘ ਵੀ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਦੱਸਿਆ ਕਿ ਉਕਤ ਤੇਜ਼ ਰਫਤਾਰ ਵਾਹਨ ਨੇ ਮੋਟਰਸਾਈਕਲ ਨੌਜਵਾਨ ਨੂੰ ਟੱਕਰ ਮਾਰਨ ਤੋਂ ਬਾਅਦ ਆਪਣਾ ਵਾਹਨ ਵੀ ਉਸ ਉਪਰੋਂ ਲੰਘਾ ਕੇ ਲੈ ਗਿਆ। ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਜੇਬ ਵਿੱਚੋਂ ਮਿਲੇ ਇੱਕ ਪਹਿਚਾਣ ਪੱਤਰ ਬੱਸ ਪਾਸ ਰਾਹੀਂ ਉਸ ਦੀ ਸ਼ਨਾਖਤ ਅਮਨਪ੍ਰੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਕਮਾਲਪੁਰ (ਮੋਠਾਂਵਾਲ) ਸੁਲਤਾਨਪੁਰ ਲੋਧੀ ਦੇ ਤੌਰ ਤੇ ਹੋਈ ਹੈ ਜੋ ਰਣਧੀਰ ਕਾਲਜ ਕਪੂਰਥਲਾ ਵਿਚ ਬੀਏ 5 ਵੇਂ ਸਮੈਸਟਰ ਦਾ ਵਿਦਿਆਰਥੀ ਸੀ ਅਤੇ ਉਹ ਪਿੰਡ ਤੋਂ ਕਿਸੇ ਜ਼ਰੂਰੀ ਵਸਤੂ ਖ਼ਰੀਦਣ ਲਈ ਸ਼ਹਿਰ ਆਇਆ ਤੇ ਵਾਪਸ ਪਿੰਡ ਜਾਣ ਸਮੇਂ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਤੇ ਜਾਂਚ ਉਪਰੰਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਾਹਨ ਨੂੰ ਖੰਘਾਲਣ ਲਈ ਪੁਲਸ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਗਾਲੇਗੀ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।