ਅੰਮ੍ਰਿਤਸਰ ਵਿਖੇ ਨਸ਼ੇ 'ਚ ਟੱਲੀ ਰਹਿੰਦੀ ਲੜਕੀ ਦਾ ਕਤਲ: ਵੱਲਾ ਸਬਜ਼ੀ ਮੰਡੀ ਨੇੜੇ ਮਿਲੀ ਲਾਸ਼
ਦੀਪਕ ਗਰਗ
ਅੰਮ੍ਰਿਤਸਰ, 8 ਦਸੰਬਰ 2021 - ਪੰਜਾਬ ਦੇ ਅੰਮ੍ਰਿਤਸਰ 'ਚ ਵੱਲਾ ਸਬਜ਼ੀ ਮੰਡੀ ਨੇੜੇ ਬੁੱਧਵਾਰ ਦੁਪਹਿਰ ਨੂੰ ਇਕ ਨੌਜਵਾਨ ਔਰਤ ਦੀ ਲਾਸ਼ ਮਿਲੀ। ਸਬਜ਼ੀ ਮੰਡੀ 'ਚ ਜਾ ਰਹੇ ਇਕ ਵਿਅਕਤੀ ਨੇ ਲਾਸ਼ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਨਸ਼ੇ ਦੀ ਆਦੀ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨਸ਼ੇ ਦੀ ਆਦੀ ਹੋ ਚੁੱਕੀ ਸੀ। ਉਸ ਦੇ ਨਸ਼ੇ ਦੀ ਲਤ ਕਾਰਨ ਪਰਿਵਾਰ ਨੂੰ ਵੀ ਉਸ ਨੇ ਦੁਖੀ ਕਰ ਦਿੱਤਾ ਸੀ। ਘਰ ਦਾ ਸਮਾਨ ਵੇਚ ਕੇ ਉਹ ਨਸ਼ਾ ਕਰਨ ਲਈ ਬਾਹਰ ਜਾਂਦੀ ਸੀ। ਬੁੱਧਵਾਰ ਰਾਤ ਨੂੰ ਵੀ ਉਹ ਘਰੋਂ ਹੀ ਨਸ਼ਾ ਕਰਨ ਲਈ ਨਿਕਲੀ ਸੀ। ਰਾਤ ਭਰ ਜਦੋਂ ਉਹ ਵਾਪਸ ਨਾ ਆਈ ਤਾਂ ਉਨ੍ਹਾਂ ਨੇ ਸਵੇਰੇ ਪੁਲੀਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਵੱਲਾ ਪੁਲਸ ਨੇ ਲਾਸ਼ ਮਿਲਣ ਤੋਂ ਬਾਅਦ ਸ਼ਨਾਖਤ ਲਈ ਬੁਲਾਇਆ।
ਪੁਲੀਸ ਅਨੁਸਾਰ ਲੜਕੀ ਦਾ ਸਿਰ ਅਤੇ ਪੇਟ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲੜਕੀ 'ਤੇ ਚੋਰੀ ਦਾ ਦੋਸ਼ ਵੀ ਹੈ। ਹਾਲ ਹੀ ਵਿੱਚ, ਉਹ ਦਰਬਾਰ ਸਾਹਿਬ ਵਿੱਚ ਸ਼ਰਧਾਲੂਆਂ ਦਾ ਸਮਾਨ ਚੋਰੀ ਕਰਦੀ ਫੜੀ ਗਈ ਸੀ। ਉਹ ਸਾਮਾਨ ਵੇਚ ਕੇ ਨਸ਼ਾ ਕਰਦੀ ਸੀ। ਪੁਲਸ ਥਾਣਾ ਕੋਤਵਾਲੀ ਨੇ ਮ੍ਰਿਤਕਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਇਸ ਦੇ ਬਾਵਜੂਦ ਵੀ ਉਹ ਨਸ਼ਾ ਕਰਨ ਤੋਂ ਨਹੀਂ ਹਟੀ ਅਤੇ ਨਸ਼ਾ ਕਰਨ ਲਈ ਘਰੋਂ ਭੱਜ ਜਾਂਦੀ ਸੀ।ਇਸ ਮਾਮਲੇ ਵਿਚ ਹੁਣ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਪੁਲਸ ਦਾ ਆਖਣਾ ਹੈ ਕਿ ਮ੍ਰਿਤਕਾ ਨਸ਼ੇ ਦੀ ਆਦੀ ਸੀ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।