ਚੰਡੀਗੜ੍ਹ ਤੇ ਹਰਿਆਣਾ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਸੀਨੀਅਰ ਪੱਤਰਕਾਰ ਰਾਮ ਸਿੰਘ ਬਰਾੜ
ਚੰਡੀਗੜ੍ਹ 8 ਦਸੰਬਰ 2021 - ਸੀਨੀਅਰ ਪੱਤਰਕਾਰ ਰਾਮ ਸਿੰਘ ਬਰਾੜ ਬੁੱਧਵਾਰ ਨੂੰ ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ ਯੂਨੀਅਨ (ਰਜਿ:) ਦੇ ਸੂਬਾ ਪ੍ਰਧਾਨ ਚੁਣੇ ਗਏ ।ਇੰਡੀਅਨ ਜਰਨਲਿਸਟ ਯੂਨੀਅਨ ਨਾਲ ਸਬੰਧਤ ਚੰਡੀਗਡ਼੍ਹ ਤੇ ਹਰਿਅਾਣਾ ਜਰਨਲਿਸਟ ਯੂਨੀਅਨ ਦੀ ਮੀਟਿੰਗ ਪ੍ਰੈੱਸ ਕਲੱਬ ਚੰਡੀਗੜ੍ਹ 'ਚ ਹੋਈ ਜਿੱਥੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਇਸ ਮੌਕੇ 'ਤੇ ਰਾਮ ਸਿੰਘ ਬਰਾਡ਼ ਨੂੰ ਪ੍ਰਧਾਨ, ਸ੍ਰੀਮਤੀ ਨਿਸ਼ਾ ਸ਼ਰਮਾ ਨੂੰ ਮੀਤ ਪ੍ਰਧਾਨ, ਸੁਰਿੰਦਰ ਗੋਇਲ ਨੂੰ ਜਨਰਲ ਸਕੱਤਰ, ਅਭਿਸ਼ੇਕ ਤਕਸ਼ਕ ਨੂੰ ਸਕੱਤਰ ਅਤੇ ਕ੍ਰਿਸ਼ਨ ਗਲਹੋਤਰਾ ਨੂੰ ਖਜ਼ਾਨਚੀ ਚੁਣਿਆ ਗਿਆ।
ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਤੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਬਲਵਿੰਦਰ ਜੰਮੂ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ। ਇਸ ਮੌਕੇ 'ਤੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਨਲਿਨ ਅਚਾਰੀਆ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਵਿਨੋਦ ਕਸ਼ਿਅਪ ਤੇ ਪੰਜਾਬ ਤੇ ਚੰਡੀਗੜ੍ਹ ਜਰਨਲਿਟਸ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਜੈ ਸਿੰਘ ਛਿੱਬਰ, ਸੀਨੀਅਰ ਪੱਤਰਕਾਰ ਸ੍ਰੀਕਾਂਤ ਅਚਾਰੀਆ , ਪ੍ਰਦੀਪ ਸ਼ਰਮਾ ਤੇ ਹੋਰ ਹਾਜ਼ਰ ਸਨ । ਮੀਟਿੰਗ ਵਿਚ ਪੱਤਰਕਾਰਾਂ ਦੀਆਂ ਮੰਗਾਂ ਸਰਕਾਰ ਤਕ ਪਹੁੰਚਾਉਣ ਅਤੇ ਉਨ੍ਹਾਂ ਦਾ ਹੱਲ ਕਰਨ ਕਰਨ ਲਈ ਗੰਭੀਰ ਮੰਥਨ ਕੀਤਾ ਗਿਆ ।
ਇਸ ਮੌਕੇ ਤੇ ਕੋਰੋਨਾ ਕਾਲ ਦੌਰਾਨ ਸ਼ਹੀਦ ਹੋਏ ਪੱਤਰਕਾਰਾਂ ਨੂੰ ਕੋਰੋਨਾ ਯੋਧੇ ਦੱਸਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਰਕਾਰ ਤੋਂ ਕੋਰੋਨਾ ਨਾਲ ਸ਼ਹੀਦ ਹੋਏ ਪੱਤਰਕਾਰਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਤੇ ਸਰਕਾਰੀ ਨੌਕਰੀ ਦੇਣ, ਐਕਰੀਡੇਟਿਡ ਦੇ ਨਿਯਮ ਸੌਖੇ ਕਰਨ, ਪੈਨਸ਼ਨ ਦੀ ਹੱਦ 60ਸਾਲ ਤੋਂ ਘਟਾ ਕੇ 55 ਸਾਲ ਕਰਨ ਤੇ ਪੈਨਸ਼ਨ ਵਿੱਚ ਵਾਧਾ ਕਰਨ , ਗ਼ੈਰ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ ਕੈਸ਼ਲੈੱਸ ਮੈਡੀਕਲ ਸੁਵਿਧਾ ਯੋਜਨਾ ਦਾ ਲਾਭ ਦੇਣ ਦੀ ਮੰਗ ਲਈ ਯੂਨੀਅਨ ਦਾ ਇਕ ਵਫਦ ਬਹੁਤ ਜਲਦੀ ਹਰਿਆਣਾ ਦੇ ਰਾਜਪਾਲ, ਮੁੱਖ ਮੰਤਰੀ, ਮੁੱਖ ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਮੁੱਖ ਸਕੱਤਰ ਅਤੇ ਡਾਇਰੈਕਟਰ ਨੂੰ ਮਿਲ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਮੰਗ ਪੱਤਰ ਦੇਵੇਗਾ ।