ਸੁਖਬੀਰ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਅਤੇ ਅਕਾਲੀ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਨਾ ਰੋਕ ਸਕਣ ਦੀ ਹੈ ਸਾਫ਼ ਬੌਖਲਾਹਟ: ਅਸ਼ਵਨੀ ਸ਼ਰਮਾ
ਜੀ ਐਸ ਪੰਨੂ
- ਅਸ਼ਵਨੀ ਸ਼ਰਮਾ ਨੇ ਪਟਿਆਲਾ ਭਾਜਪਾ ਦੇ ਵਰਕਰਾਂ ਨਾਲ ਰੁ-ਬ-ਰੁ ਹੋ ਕੇ ਉਨ੍ਹਾਂ ਦੇ ਚੋਣ ਉਤਸ਼ਾਹ ਨੂੰ ਦਿੱਤੀ ਧਾਰ।
ਪਟਿਆਲਾ, 4 ਦਸੰਬਰ, 2021:ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੂਥ ਪੱਧਰ ਤੱਕ ਦੇ ਜਥੇਬੰਦਕ ਢਾਂਚੇ ਦੀ ਮੁੜ-ਪੜਤਾਲ ਅਤੇ ਵਰਕਰਾਂ ਨਾਲ ਰੁ-ਬ-ਰੁ ਹੋ ਕੇ ਉਹਨਾਂ ਦੇ ਚੋਣ ਉਤਸ਼ਾਹ ਨੂੰ ਹੋਰ ਤੇਜ਼ ਕਰਨ ਲਈ ਪਟਿਆਲਾ ਪੁੱਜੇ। ਜਿੱਥੇ ਉਨ੍ਹਾਂ ਨੇ ਪਟਿਆਲਾ ਭਾਜਪਾ ਦੇ ਪ੍ਰਧਾਨ ਹਰਿੰਦਰ ਕੋਹਲੀ ਦੀ ਪ੍ਰਧਾਨਗੀ ਹੇਠ ਪਟਿਆਲਾ ਹਲਕੇ ਦੇ ਸ਼ਹਿਰੀ ਅਤੇ ਦਿਹਾਤੀ ਦੇ ਸੂਬਾ, ਜ਼ਿਲ੍ਹਾ, ਮੰਡਲ ਤੋਂ ਲੈ ਕੇ ਬੂਥ ਪੱਧਰ ਤੱਕ ਦੇ ਕਾਰਜਕਰਤਾਵਾਂ ਨਾਲ ਗੱਲਬਾਤ ਕੀਤੀ ਅਤੇ ਚੋਣ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਹਰਿੰਦਰ ਕੋਹਲੀ ਦਾ ਪਟਿਆਲਾ ਪਹੁੰਚਣ 'ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੀ ਟੀਮ ਸਮੇਤ ਸਵਾਗਤ ਕੀਤਾI ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਦੇ ਇੰਚਾਰਜ ਡਾ: ਸੁਭਾਸ਼ ਵਰਮਾ, ਸੂਬਾ ਭਾਜਪਾ ਮੀਡੀਆ ਸਲਾਹਕਾਰ ਜੈਬੰਸ ਸਿੰਘ, ਗੁਰਤੇਜ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨI
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਅਤੇ ਵਰਕਰ ਪੂਰੀ ਤਰ੍ਹਾਂ ਤਿਆਰ ਹਨ ਅਤੇ ਪੂਰੇ ਉਤਸ਼ਾਹਤ ਹਨ। ਉਨ੍ਹਾਂ ਭਾਜਪਾ ਆਗੂਆਂ ਤੇ ਵਰਕਰਾਂ ਦੀ ਲਗਨ ਅਤੇ ਮਿਹਨਤ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਇਨ੍ਹਾਂ ਵਰਕਰਾਂ ਦੀ ਫੌਜ ਦੇ ਦਮ ’ਤੇ ਹੀ ਚੋਣਾਂ ਲੜਦੀ ਅਤੇ ਜਿੱਤਦੀ ਆ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਵਾਰ ਪਾਰਟੀ ਦਾ ਮੁਕਾਬਲਾ ਹੋਰਨਾਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਖੁਦ ਆਪਣੇ-ਆਪ ਨਾਲ ਵੀ ਹੈ।
ਪਾਰਟੀ ਪ੍ਰਧਾਨ ਨੇ ਇਸ ਚੋਣ ਵਿੱਚ ਪਹਿਲੀ ਵਾਰ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦੇ ਪਾਰਟੀ ਦੇ ਫੈਸਲੇ ਨੂੰ ਦੁਹਰਾਉਂਦਿਆਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ-ਆਪਣੇ ਹਲਕੇ ਦੇ ਭਵਿੱਖੀ ਉਮੀਦਵਾਰ ਦੀ ਚੋਣ ਲਈ ਪੂਰੀ ਤਨਦੇਹੀ ਨਾਲ ਹੁਣ ਤੋਂ ਹੀ ਚੋਣ-ਮੈਦਾਨ ‘ਚ ਜੁੱਟ ਜਾਣ ਅਤੇ ਉਸ ਨੂੰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨ ਲਈ ਪੂਰੀ ਵਾਹ ਲਾਉਣ। ਉਨ੍ਹਾਂ ਨੇ ਪਾਰਟੀ ਕੇਡਰ ਨੂੰ ਪਾਰਟੀ ਦੀ ਵਿਚਾਰਧਾਰਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਹੇਠਲੇ ਪੱਧਰ ਤੱਕ ਜਾਣੂ ਕਰਵਾਉਣ ਲਈ ਅਤੇ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਨੇ ਦੇਸ਼ ਪੱਖੀ ਵਿਚਾਰਧਾਰਾ ਨੂੰ ਜ਼ਿੰਦਾ ਰੱਖਣ ਲਈ ਸਾਰਿਆਂ ਦੀ ਲੋੜ 'ਤੇ ਜ਼ੋਰ ਦਿੱਤਾ।
ਅਸ਼ਵਨੀ ਸ਼ਰਮਾ ਨੇ ਸੁਖਬੀਰ ਬਦਲ ਵਲੋਂ ਆਪਣੀ ਜਲੰਧਰ ਰੈਲੀ ਦੌਰਾਨ ਆਪਣੀ ਰੈਲੀ ਦੀ ਸਟੇਜ ਤੋਂ ਭਾਜਪਾ ਆਗੂਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਝੂਠਾ ਪ੍ਰਚਾਰ ਕਰਨ ਲਈ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸੁਖਬੀਰ ਬਾਦਲ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ , ਆਪਣੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ‘ਤੋਂ ਨਾ ਰੋਕ ਸਕਣ ਕਰਕੇ ਗੁੱਸੇ ਅਤੇ ਬੌਖਲਾਹਟ 'ਚ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਸੁਖਬੀਰ ਜੀ, ਤੁਸੀਂ ਭਾਜਪਾ ਆਗੂਆਂ ਦੀ ਚਿੰਤਾ ਕਰਨ ਦੀ ਬਜਾਏ ਆਪਣੇ ਅਕਾਲੀ ਦਲ ਦੇ ਆਗੂਆਂ ਨੂੰ ਦੂਜੀਆਂ ਪਾਰਟੀਆਂ ਵਿੱਚ ਜਾਣ ਤੋਂ ਰੋਕਣ ਦੀ ਚਿੰਤਾ ਕਰੋ। ਸ਼ਰਮਾ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਭਾਜਪਾ ਖਿਲਾਫ ਕੋਈ ਮੁੱਦਾ ਨਹੀਂ ਹੈ, ਇਸ ਲਈ ਸਾਰੀਆਂ ਵਿਰੋਧੀ ਪਾਰਟੀਆਂ ਭਾਜਪਾ ਖਿਲਾਫ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਵੋਟ ਬੈਂਕ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅਤੇ ਉਨ੍ਹਾਂ ਦੇ ਆਪਨੇ ਆਗਾਮੀ ਹਿੱਤਾਂ ਨੂੰ ਮੁੱਖ ਰੱਖਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਦਿਮਾਗ ਦੀ ਤੱਕੜੀ ਵਿੱਚ ਤੋਲ ਕੇ ਸਮਝਦਾਰੀ ਨਾਲ ਵੋਟ ਪਾਉਣ ਤਾਂ ਜੋ ਪੰਜਾਬ ਅਤੇ ਸੂਬੇ ਦੇ ਲੋਕਾਂ ਦਾ ਭਵਿੱਖ ਸੰਵਰ ਸਕੇ।
ਚੰਡੀਗੜ੍ਹ, 4 ਦਸੰਬਰ 2021 -
ਦੇਖੋ ਵੀਡੀਓ...