ਗੋਲੀ ਮਾਰਕੇ ਕਤਲ ਕੀਤੇ ਡੇਰਾ ਪ੍ਰੇਮੀ ਦਾ ਸਖਤ ਪਹਿਰੇ ਹੇਠ ਅੰਤਮ ਸਸਕਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਹਿਬ, 4 ਦਸੰਬਰ2021: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੂੰਦੜ ’ਚ ਸ਼ੁੱਕਰਵਾਰ ਸ਼ਾਮ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਕਤਲ ਕਰ ਦਿੱਤੇ ਗਏ ਡੇਰਾ ਸਿਰਸਾ ਪੈਰੋਕਾਰ ਚਰਨ ਦਾਸ ਦਾ ਅੱਜ ਪੁਲਿਸ ਦੀ ਕਰੜੀ ਸੁਰੱਖਿਆ ਹੇਠ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਕਤਲ ਕਾਰਨ ਪਿੰਡ ਭੂੰਦੜ ’ਚ ਤਣਾਅ ਅਤੇ ਸਹਿਮ ਦਾ ਮਹੌਲ ਬਣ ਗਿਆ ਸੀ ਜਿਸ ਨੂੰ ਦੇਖਦਿਆਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸ਼ਾਮ ਨੂੰ ਹੀ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕਰ ਦਿੱਤੀ ਸੀ। ਅੱਜ ਅੰਤਮ ਸਰਕਾਰ ਨੂੰ ਦੇਖਦਿਆਂ ਪਿੰਡ ਭੂੰਦੜ ਨੂੰ ਪੂਰੀ ਤਰਾਂ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ। ਪੁਲਿਸ ਅਫਸਰਾਂ ਦੇ ਆਦੇਸ਼ਾਂ ਤਹਿਤ ਪਿੰਡ ਨੂੰ ਜਾਣ ਵਾਲੀਆਂ ਸੜਕਾਂ, ਕੱਚੇ ਰਸਤਿਆਂ ਅਤੇ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਰਾਹ ਤੇ ਵੀ ਪੁਲਿਸ ਤਾਇਨਾਤ ਕੀਤੀ ਹੋਈ ਸੀ ਜਿਸ ’ਚ ਲੇਡੀ ਪੁਲਿਸ ਦੀਆਂ ਕਰਮਚਾਰਨਾਂ ਵੀ ਸ਼ਾਮਲ ਸਨ।
ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਕਰਮਚਾਰੀਆਂ ਵੱਲੋਂ ਵੀ ਹਰ ਆਉਣ ਜਾਣ ਵਾਲੇ ਵਿਅਕਤੀ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਸੁਰੱਖਿਆ ਦਾ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਐਸ ਐਸ ਪੀ ਮੁਕਤਸਰ ਸਰਬਜੀਤ ਸਿੰਘ ਅੰਤਮ ਸਸਕਾਰ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਪਿੰਡ ’ਚ ਮੌਜੂਦ ਰਹੇ। ਓਧਰ ਅੰਤਮ ਸਸਕਾਰ ਤੋਂ ਪਹਿਲਾਂ ਪੁਲਿਸ ਸੁਰੱਖਿਆ ਹੇਠ ਡੇਰਾ ਪ੍ਰੇਮੀ ਚਰਨਦਾਸ ਦੀ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੇ ਇੱਕ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ। ਦੱਸਿਆ ਜਾਂਦਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਪ੍ਰਕਿਰਿਆ ਦੀ ਬਕਾਇਦਾ ਵੀਡੀਓਗਰਾਫੀ ਵੀ ਕੀਤੀ ਗਈ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਪੋਸਟਮਾਰਟਮ ਉਪਰੰਤ ਲਾਸ਼ ਨੂੰ ਪਿੰਡ ਭੂੰਦੜ ਲਿਆਂਦਾ ਜਿੱਥੇ ਪਿੰਡ ਵਾਸੀਆਂ ਤੇ ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਆਦਿ ਦੀ ਮੌਜੂਦਗੀ ’ਚ ਅੰਤਮ ਸਸਕਾਰ ਕਰ ਦਿੱਤਾ ਗਿਆ।
ਮ੍ਰਿਤਕ ਦੀਆਂ ਆਖਰੀ ਰਸਮਾਂ ਸ਼ਾਂਤੀਪੂਰਵਕ ਨੇਪਰੇ ਚੜ੍ਹਨ ਕਾਰਨ ਪੁਲਿਸ ਨੇ ਸੁਖ ਦਾ ਸਾਹ ਲਿਆ ਹੈ। ਦੱਸਣਯੋਗ ਹੈ ਕਿ ਪਿੰਡ ਭੂੰਦੜ ਦੇ ਰਹਿਣ ਵਾਲੇ ਡੇਰਾ ਸਿਰਸਾ ਦੇ ਪੈਰੋਕਾਰ ਚਰਨਦਾਸ ਦੀ ਕਰਿਆਨੇ ਦੀ ਦੁਕਾਨ ਤੇ ਸ਼ੁੱਕਰਵਾਰ ਸ਼ਾਮ ਨੂੰ ਦੋ ਮੋਟਰਸਾਈਕਲ ਸਵਾਰ ਆਏ ਸਨ ਜਿੰਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਤੇ ਬੈਠਾ ਰਿਹਾ ਜਦੋਂਕਿ ਦੂਸਰਾ ਉਸਦੀ ਦੁਕਾਨ ’ਚ ਪੁੱਜ ਗਿਆ। ਇਸ ਨੌਜਵਾਨ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਦਾੜ੍ਹੀ ਬੰਨ੍ਹੀ ਹੋਈ ਸੀ। ਇਸ ਨੌਜਵਾਨ ਨੇ ਚਰਨਦਾਸ ਤੋਂ ਚਾਹ ਪੱਤੀ ਤੇ ਖੰਡ ਮੰਗੀ ਅਤੇ ਜਦੋਂ ਉਹ ਲਿਫਾਫੇ ’ਚ ਸਮਾਨ ਪਾਉਣ ਲੱਗਾ ਤਾਂ ਉਸ ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਮੱਥੇ ਤੇ ਲੱਗੀ । ਗੋਲੀ ਲੱਗਣ ਨਾਲ ਚਰਨਦਾਸ ਗੰਭੀਰ ਜਖਮੀ ਹੋ ਗਿਆ ਅਤੇ ਦੋਵੇਂ ਨੌਜਵਾਨ ਵਾਰਦਾਤ ਕਰਨ ਉਪਰੰਤ ਮੌਕੇ ਤੋਂ ਮੋਟਰਸਾਈਕਲ ਤੇ ਫਰਾਰ ਹੋ ਗਏ।
ਗੰਭੀਰ ਜਖਮੀ ਚਰਨਦਾਸ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਲੈ ਗਏ ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ । ਇਲਾਜ ਲਈ ਲਿਜਾਣ ਵਾਲੇ ਲੋਕ ਬਠਿੰਡਾ ਦੇ ਹਸਪਤਾਲ ’ਚ ਪੁੱਜੇ ਵੀ ਨਹੀਂ ਸੀ ਕਿ ਚਰਨਦਾਸ ਦੀ ਰਾਹ ’ਚ ਹੀ ਮੌਤ ਹੋ ਗਈ। ਹਸਪਾਤ ਪਹੰਚਣ ਤੇ ਡਾਕਟਰਾਂ ਨੇ ਚਰਨਦਾਸ ਨੂੰ ਮ੍ਰਿਤਕ ਕਰਾਰ ਦਿੱਤਾ। ਥਾਣਾ ਕੋਟਭਾਈ ਪੁਲਿਸ ਨੇ ਚਰਨਦਾਸ ਦੇ ਕਤਲ ਮਾਮਲੇ ’ਚ ਅਣਪਛਾਤਿਆਂ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਰੀਬ ਤਿੰਨ ਸਾਲ ਪਹਿਲਾਂ ਸਾਲ 2018 ’ਚ ਚਰਨਦਾਸ ਨੇ ਆਪਣੀ ਭਰਜਾਈ ਨਾਲ ਪਿੰਡ ਦੇ ਗੁਰੂ ਘਰ ਵਿੱਚੋਂ ਨੰਗੇ ਸਿਰ ਸ੍ਰੀ ਗੁਰੂ ਗਰੰਥ ਸਾਹਿਬ ਚੁੱਕ ਲਿਆ ਸੀ ਜਿਸ ਨੂੰ ਲੈਕੇ ਦੀ ਬੇਅਦਬੀ ਕਰਨ ਸਬੰਧੀ ਪੁਲਿਸ ਕੇਸ ਦਰਜ ਕੀਤਾ ਗਿਆ ਸੀ।
ਚਰਨਦਾਸ ਨੂੰ ਇਸ ਮਾਮਲੇ ’ਚ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਉਹ ਜਮਾਨਤ ਤੇ ਬਾਹਰ ਆਇਆ ਸੀ ਜਦੋਂਕਿ ਹੁਣ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਡੀਐਸਪੀ ਗਿੱਦੜਬਾਹਾ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਪਿੰਡ ’ਚ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਚਰਨਦਾਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪੂਰੀ ਤਰਾਂ ਸ਼ਾਂਤੀਪੂਰਵਕ ਮਹੌਲ ’ਚ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਕਤਲ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਡੇਰਾ ਸੱਚਾ ਸੌਦਾ ਸਰਸਾ ਦੇ 45 ਮੈਂਬਰ ਹਰਚਰਨ ਸਿੰਘ ਦਾ ਕਹਿਣਾ ਸੀ ਕਿ ਚਰਨਦਾਸ ਪਿਛਲੇ ਕਰੀਬ 8-10 ਸਾਲ ਤੋਂ ਡੇਰੇ ਨਹੀਂ ਆ ਰਿਹਾ ਸੀ । ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿੰਡ ’ਚ ਦੁਕਾਨ ਕਰਦਾਸੀ ਤੇ ਉਸ ਦਾ ਹੁਣ ਡੇਰੇ ਨਾਲ ਕੋਈ ਸਬੰਧ ਵੀ ਨਹੀਂ ਸੀ।