ਘਨੌਰ ਕਾਲਜ ਵਿਚ ਜੈਂਡਰ ਸੰਵੇਦਨਸ਼ੀਲਤਾ ਤੇ ਤਿੰਨ ਰੋਜ਼ਾ ਵਰਕਸ਼ਾਪ ਸਮਾਪਤ
ਜੀ ਐਸ ਪੰਨੂ
ਪਟਿਆਲਾ,28ਨਵੰਬਰ,2021 - ਯੂਨੀਵਰਸਿਟੀ ਕਾਲਜ ਘਨੌਰ ਵਿਚ ਜਾਗੋ ਰੀ ਗਰੁੱਪ ਦੇ ਸਾਥ ਨਾਲ ਜੈਂਡਰ ਸੰਵੇਦਨਸ਼ੀਲਤਾ ਬਾਰੇ ਕਮਲਾ ਭਸੀਨ ਯਾਦਗਾਰੀ ਤਿੰਨ ਰੋਜ਼ਾ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ ਹੋ ਗਈ। “ਅਜੋਕੇ ਯੁੱਗ ਵਿਚ ਸਮਾਜਿਕ ਬਰਾਬਰੀ” ਵਿਸ਼ੇ ਤੇ ਹੋਈ ਵਰਕਸ਼ਾਪ ‘ਬੇਟੀ ਬਚਾਓ ਬੇਟੀ ਪੜ੍ਹਾਓ ਮਿਸ਼ਨ’ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਰਕਸ਼ਾਪ ਵਿਚ 100 ਦੇ ਲਗਭਗ ਵਿਦਿਆਰਥੀਆਂ ਨੇ ਹਿੱਸਾ ਲਿਆ।
ਵਰਕਸ਼ਾਪ ਦੇ ਵਿਭਿੰਨ ਸੈਸ਼ਨਾ ਵਿਚ ਜੈਂਡਰ ਅਤੇ ਬਰਾਬਰੀ ਦੇ ਸਵਾਲ ਨਾਲ ਸਬੰਧਿਤ ਵਿਭਿੰਨ ਬੁਨਿਆਦੀ ਸਵਾਲਾਂ; ਜਿਵੇਂ ਪਿਆਰ ਦੀ ਰਾਜਨੀਤੀ, ਪਿਆਰ ਦਾ ਸੰਕਲਪ ਅਤੇ ਜੁਰਮ, ਸਰੀਰ, ਜੈਂਡਰ, ਬਲਾਤਕਾਰ, ਲਿੰਗ ਅਤੇ ਇਸ ਨਾਲ ਸਬੰਧਿਤ ਕਾਨੂੰਨਾਂ ਬਾਰੇ ਗੱਲਬਾਤ ਰਾਹੀਂ, ਗੀਤਾਂ ਰਾਹੀਂ ਤੇ ਪੋਸਟਰਾਂ ਰਾਹੀਂ ਵਿਦਿਆਰਥੀਆਂ ਨੂੰ ਚੇਤੰਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਔਰਤ-ਮਰਦ ਬਰਾਬਰੀ ਸਬੰਧੀ ਪੋਸਟਰ ਬਣਾਉਣ ਦੀ ਸਿਖਲਾਈ ਵੀ ਦਿੱਤੀ ਗਈ ਜਿਸ ਤਹਿਤ ਵਿਭਿੰਨ ਵਿਦਿਆਰਥੀ ਗਰੁੱਪਾਂ ਨੇ ਪੋਸਟਰ ਅਤੇ ਨਾਅਰੇ ਬਣਾਏ।
ਇਸ ਮੌਕੇ ਵਰਕਸ਼ਾਪ ਕਨਵੀਨਰ ਡਾ. ਤੇਗਿੰਦਰ ਨੇ ਕਿਹਾ ਕਿ ਇਹ ਵਰਕਸ਼ਾਪ ਸਾਡੇ ਵਿਦਿਆਰਥੀਆਂ ਨੂੰ ਜੈਂਡਰ ਨਾਲ ਸਬੰਧਿਤ ਅਣਗੌਲੇ ਅਤੇ ਵਰਜਿਤ ਵਿਸ਼ਿਆਂ ਨੂੰ ਸਮਝਣ ਅਤੇ ਚਰਚਾ ਕਰਨ ਲਈ ਲੋੜੀਦੀ ਭਾਸ਼ਾ ਮੁਹੱਈਆ ਕਰਵਾਏਗੀ ਜਿਸ ਨਾਲ ਉਹ ਆਪਣੇ ਬਾਰੇ ਤੇ ਸਮਾਜ ਬਾਰੇ ਵਧੇਰੇ ਸੁਚੇਤ ਹੋ ਸਕਣਗੇ। ਜਾਗੋ ਰੀ ਗਰੁੱਪ ਵਲੋਂ ਵਰਕਸ਼ਾਪ ਵਲੋਂ ਆਏ ਖਦੀਜ਼ਾ ਫਾਰੂਕੀ ਅਤੇ ਜ਼ਰੀਨਾ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਇਹ ਨੌਜਵਾਨ ਮੁੰਡੇ-ਕੁੜੀਆਂ ਭਵਿੱਖ ਵਿਚ ਜ਼ਿੰਦਗੀ ਨੂੰ ਸੋਹਣਾ ਬਣਾਉਣ ਵਿਚ ਇਕ ਦੂਜੇ ਦੇ ਸਹਿਯੋਗੀ ਹੋਣ ਨਾ ਕਿ ਇਕ ਦੂਜੇ ਨੂੰ ਦਬਾਉਣ ਤੇ ਹਿੰਸਾ ਕਰਨ। ਇਸ ਲਈ ਅਸੀ ਪ੍ਰੇਮ ਅਤੇ ਹਿੰਸਾ ਦੇ ਵਿਭਿੰਨ ਪੱਖਾਂ ਤੇ ਗੱਲ ਕਰ ਰਹੇ ਹਾਂ।
ਕਾਲਜ ਦੀ ਇੰਚਾਰਜ ਡਾ. ਨੈਨਾ ਸ਼ਰਮਾ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਵਿਭਿੰਨ ਗਿਆਨ ਸ਼ਾਖਾਵਾਂ ਨਾਲ ਜੋੜਨਾ ਹੈ ਤਾਂ ਜੋ ਉਹ ਜੀਵਨ ਦੇ ਹਰ ਪਹਿਲੂ ਤੋਂ ਜਾਣੂ ਹੋ ਸਕਣ। ਵਿਦਾਇਗੀ ਸਮਾਰੋਹ ਵਿਚ ਵਿਮੈਨ ਸਟੱਡੀਜ਼ ਸੈਂਟਰ ਦੇ ਡਾਇਰੈਕਰ ਡਾ ਰਿਤੂ ਲਹਿਲ ਨੇ ਪ੍ਰਸ਼ਾਸਕੀ ਅਹੁਦਿਆਂ ਤੇ ਔਰਤਾਂ ਦੀ ਘੱਟ ਪ੍ਰਤੀਸ਼ਤਤਾ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਡੀ.ਐਸ.ਪੀ. ਨੇਹਾ ਅਗਰਵਾਲ ਨੇ ਕੁੜੀਆਂ ਨੂੰ ਡਰਾਂ ਤੋਂ ਪਾਰ ਜਾਣ ਲਈ ਕਿਹਾ। ਭਰਤ ਨਾਟਿਆਮ ਦੇ ਪ੍ਰਸਿੱਧ ਡਾਂਸਰ ਨਵਤੇਜ ਜੌਹਰ ਨੇ ਪ੍ਰਧਾਨਗੀ ਸ਼ਬਦਾਂ ਵਿਚ ਕਿਹਾ ਕਿ ਬਰਾਬਰੀ ਦੀ ਚਾਹ ਸਾਡੇ ਸਾਰਿਆਂ ਦੇ ਅੰਦਰ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਬਰਾਬਰੀ ਸਮਾਜ ਵਿਚ ਮੌਜੂਦ ਹੋਵੇ ਜਿਸ ਨੂੰ ਅਸੀਂ ਸਾਰੇ ਜੀਅ ਮਾਣ ਰਹੇ ਹੋਈਏ। ਉਹਨਾਂ ਕਿਹਾ ਕਿ ਬਰਾਬਰੀ ਤੋਂ ਭਾਵ ਹੈ ਕਿ ਔਰਤ ਮਰਦ ਹੋਣ ਦੇ ਬੜੇ ਵਚਿੱਤਰ ਤਰੀਕੇ ਹੋਣ। ਮੰਚ ਸੰਚਾਲਣ ਦੀ ਜ਼ਿੰਮੇਵਾਰੀ ਪ੍ਰੋ. ਚੇਤਨਾ ਬਲਕਾਰ ਸਿੱਧੂ ਨੇ ਨਿਭਾਈ।