ਕਿਰਤੀ ਕਿਸਾਨ ਯੂਨੀਅਨ ਦੀ ਪਹਿਲਕਦਮੀ ਨੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਯੂਰੀਆ
ਜੀ ਐਸ ਪੰਨੂ
ਪਾਤੜਾਂ,28 ਨਵੰਬਰ,2021: ਕਣਕ ਦੀ ਬਜਾਈ ਵੇਲੇ ਲੋੜੀਂਦੀ ਡੀ ਏ ਪੀ ਦੀ ਕਿੱਲਤ ਨੂੰ ਲੈ ਕੇ ਕਿਸਾਨਾਂ ਦੀ ਹੋਈ ਖੱਜਲ ਖੁਆਰੀ ਅਤੇ ਆਰਥਿਕ ਲੁੱਟ ਮਗਰੋੰ ਹੁਣ ਕਿਸਾਨਾਂ ਨੂੰ ਯੂਰੀਏ ਲਈ ਖਾਦ ਸਟੋਰਾਂ ਦੇ ਗੇੜੇ ਲਾਉਣੇ ਪੈ ਰਹੇ ਹਨ।ਕਿਸਾਨਾਂ ਨੂੰ ਦਰਪੇਸ਼ ਇਸ ਮੁਸ਼ਕਿਲ ਦਾ ਜੱਥੇਬੰਦਕ ਤੌਰ ਤੇ ਹੱਲ ਕੱਢਿਆਂ ਗਿਆ। ਕਿਰਤੀ ਕਿਸਾਨ ਯੂਨੀਅਨ ਵੱਲੋੰ ਆਪ ਪਹਿਲਕਦਮੀ ਕਰਕੇ ਗੁਦਾਮਾਂ ਵਿੱਚ ਸਟੋਰ ਕੀਤਾ ਪਿਆ ਯੂਰੀਆ ਕਿਸਾਨਾਂ ਨੂੰ ਕੰਟਰੋਲ ਰੇਟ ਤੇ ਮੁਹੱਈਆ ਕਰਵਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਅਊ ਅਤੇ ਇਕਾਈ ਪਾਤੜਾਂ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਪਾਤੜਾਂ ਵਿਖੇ ਬਹੁਤ ਸਾਰੇ ਗੁਦਾਮਾਂ ਵਿੱਚ ਯੂਰੀਆ ਖਾਦ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਖਾਦ ਨਹੀ ਦਿੱਤੀ ਜਾ ਰਹੀ ਹੈ। ਕਿਸਾਨਾਂ ਦੀ ਲੁੱਟ ਕਰਨ ਲਈ ਉਹਨਾਂ ਨੂੰ ਖਾਦ ਦੇ ਨਾਲ ਦਵਾਈ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਹਿਲਾਂ ਕਣਕ ਦੀ ਬਿਜਾਈ ਸਮੇੰ ਵੀ ਡੀ.ਏ.ਪੀ ਖਾਦ ਲਈ ਇਸੇ ਤਰ੍ਹਾਂ ਹੀ ਕਿਸਾਨਾਂ ਨੂੰ ਮਹਿੰਗੇ ਭਾਅ ਖਾਦ ਵੇਚ ਕਿ ਉਹਨਾਂ ਦੀ ਵੱਡੀ ਆਰਥਿਕ ਲੁੱਟ ਕੀਤੀ ਗਈ ਸੀ।
ਉਸ ਵੇਲੇ ਕਿਸਾਨ ਜੱਥੇਬੰਦੀਆਂ ਵੱਲੋੰ ਸਹਿਕਾਰੀ ਸਭਾਵਾਂ ਵਿੱਚ ਉੱਚਿਤ ਮਾਤਰਾ ਵਿੱਚ ਖਾਦ ਨਾ ਹੋਣ,ਨਕਲੀ ਡੀ ਏ ਪੀ ਅਤੇ ਖਾਦ ਦੀ ਜਮਾਂਖੋਰੀ ਸਬੰਧੀ ਮਾਮਲੇ ਪਾਤੜਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕਿਸਾਨਾਂ ਦੇ ਪੱਲੇ ਨਿਰਾਸ਼ਾ ਹੀ ਪਈ।ਜਿਸ ਦੇ ਨਤੀਜੇ ਵੱਜੋੰ ਇਸ ਵਾਰ ਕਿਰਤੀ ਕਿਸਾਨ ਯੂਨੀਅਨ ਨੂੰ ਪ੍ਰਸ਼ਾਸਨ ਦੀ ਕਿਸਾਨਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਆਪ ਨਿਭਾਉਣ ਲਈ ਮਜ਼ਬੂਰ ਹੋਣਾ ਪਿਆ। ਯੂਰੀਏ ਦੀ ਘਾਟ ਦਾ ਮਸਲਾ ਜੱਥੇਬੰਦੀ ਦੀ ਬਲਾਕ ਪਾਤੜਾਂ ਕਮੇਟੀ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਮੋਕੇ ਤੇ ਡੀਲਰਾਂ ਨਾਲ ਗੱਲ ਕਰਕੇ ਬੰਦ ਪਏ ਗੁਦਾਮ ਖੁਲਵਾਏ ਅਤੇ ਕਿਸਾਨਾਂ ਨੂੰ ਕੰਟਰੋਲ ਰੇਟ ਤੇ ਯੂਰੀਆ ਖਾਦ ਜਾਰੀ ਕਰਵਾਈ ਗਈ ਕਿਸਾਨ ਆਗੂ ਲਾਭ ਸਿੰਘ ਅਤੇ ਅਮਰਿੰਦਰ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਵਾਜਬ ਮੁੱਲ ਤੇ ਪੂਰੀ ਮਾਤਰਾ ਵਿੱਚ ਖਾਦ ਉੱਪਲਬਧ ਕਰਵਾਉਣਾ ਯਕੀਨੀ ਬਣਾਏ।ਕਿਸਾਨਾਂ ਨੂੰ ਭਵਿੱਖ ਵਿੱਚ ਕਿਸੇ ਵੀ ਦਰਪੇਸ਼ ਸਮੱਸਿਆ ਦੇ ਹੱਲ ਲਈ ਕਿਰਤੀ ਕਿਸਾਨ ਯੂਨੀਅਨ ਮੋਹਰੀ ਸਫਾਂ ਵਿੱਚ ਸੰਘਰਸ਼ ਅਤੇ ਪਹਿਲਕਦਮੀ ਜਾਰੀ ਰੱਖੇਗੀ। ਇਸ ਮੋਕੇ ਮਨਵੀਰ ਸਿੰਘ,ਮਨਪ੍ਰੀਤ ਹਰਿਅਊ, ਰਣਜੀਤ ਬਕਰਾਹਾ ,ਲਾਭ ਸਿੰਘ ਪਾਤੜਾਂ, ਬੂਟਾ ਹਰਿਅਊ, ਸੁਖਵਿੰਦਰ ਪਾਤੜਾਂ, ਹਰਦੀਪ ਖਾਂਗ, ਪ੍ਰਵੀਨ ਖਾਂਗ ਹਾਜ਼ਰ ਰਹੇ।