ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਵਿਚ 13 ਟੀਮਾਂ ਖੇਡਣਗੀਆਂ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਬੰਗਾ 27 ਨਵੰਬਰ- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵੱਲੋਂ ਹਰਦੇਵ ਸਿੰਘ ਕਾਹਮਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 23ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਵਿਚ ਰਾਜ ਪੱਧਰੀ 13 ਫੁੱਟਬਾਲ ਕਲੱਬਾਂ ਭਾਗ ਲੈਣਗੀਆਂ। ਇਸ ਸਬੰਧੀ ਇਕ ਜ਼ਰੂਰੀ ਮੀਟਿੰਗ ਗੁਰਦਿਆਲ ਸਿੰਘ ਜਗਤਪੁਰ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਡਾਕਟਰ ਸੋਹਣ ਸਿੰਘ ਪਰਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਸ਼ਹੀਦ ਭਗਤ ਸਿੰਘ ਦੀਆਂ ਖਟਕੜ ਕਲਾਂ ਵਿਖੇ ਰੱਖੀਆਂ ਹੱਡੀਆਂ ਅਤੇ ਰੇਤ ਮਿੱਟੀ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਾ ਕਰਨ ਸਬੰਧੀ ਵਿਚਾਰ ਪ੍ਰਗਟ ਕੀਤੇ।
ਮੀਟਿੰਗ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਮੇਟੀ ਦੇ ਪ੍ਰਬੰਧਕੀ ਸਕੱਤਰ ਪਰਮਜੀਤ ਕਾਹਮਾ, ਪ੍ਰੈਸ ਸਕੱਤਰ ਹਰਬੰਸ ਹੀਉਂ ਅਤੇ ਸੱਕਤਰ ਹਰਜੀਤ ਸਿੰਘ ਮਾਹਿਲ ਨੇ ਦੱਸਿਆ ਕਿ ਪੰਜਾਬ ਪੁਲਿਸ, ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ, ਦਲਬੀਰ ਫੁੱਟਬਾਲ ਅਕੈਡਮੀ ਪਟਿਆਲਾ, ਜੇ ਸੀ ਕੀ ਫੁੱਟਬਾਲ ਅਕੈਡਮੀ ਫਗਵਾੜਾ, ਪ੍ਰਿੰ. ਹਰਭਜਨ ਸਿੰਘ ਫੁੱਟਬਾਲ ਅਕੈਡਮੀ ਮਾਹਿਲਪੁਰ, ਸੰਤ ਬਾਬਾ ਭਾਗ ਸਿੰਘ ਫੁੱਟਬਾਲ ਅਕੈਡਮੀ ਖਿਆਲਾਂ, ਦੋਆਬਾ ਫੁੱਟਬਾਲ ਕਲੱਬ ਜਲੰਧਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕੈਡਮੀ ਬੰਗਾ, ਗੁਰੂ ਫੁੱਟਬਾਲ ਕਲੱਬ ਜਲੰਧਰ, ਜਗਤ ਸਿੰਘ ਪਲਾਹੀ ਫੁੱਟਬਾਲ ਅਕੈਡਮੀ ਫਗਵਾੜਾ, ਸੀ ਆਰ ਪੀ ਫੁੱਟਬਾਲ ਕਲੱਬ ਜਲੰਧਰ, ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਅਤੇ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਟੂਰਨਾਮੈਂਟ ਵਿਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ। ਮੀਟਿੰਗ ਵਿਚ ਫੁੱਟਬਾਲ ਕੋਚ ਅਲੀ ਹਸਨ ਅਤੇ ਸਤਨਾਮ ਸਿੰਘ ਦੇ ਬੇਵਕਤ ਅਚਾਨਕ ਹੋਏ ਦਿਹਾਂਤ ਸਬੰਧੀ ਸ਼ੋਕ ਮਤਾ ਪਾਸ ਕਰਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਅੱਜ ਦੀ ਮੀਟਿੰਗ ਵਿਚ ਸੁਰਿੰਦਰ ਸਿੰਘ ਡੀ ਪੀ ਐੱਡ, ਤਰਲੋਚਨ ਸਿੰਘ ਪੂੰਨੀ, ਡਾ. ਗੁਰਮੀਤ ਸਿੰਘ ਸਰਾਂ, ਦਲਜੀਤ ਸਿੰਘ ਸੁੱਜੋਂ, ਕੁਲਵਿੰਦਰ ਸਿੰਘ ਢਾਡੀਆਂ, ਜੋਗਾ ਸਿੰਘ ਚਾਹਲ, ਚਰਨਜੀਤ ਕੁਮਾਰ, ਅਮਨਦੀਪ ਸਿੰਘ ਥਾਂਦੀ ਆਦਿ ਵੀ ਹਾਜ਼ਰ ਸਨ।