ਸੁਵਿਧਾ ਕੈਂਪਾਂ ਨੇ ਹਜ਼ਾਰਾਂ ਲਾਭਪਾਤਰੀਆਂ ਲਈ ਆਸਾਨ ਕੀਤੀ ਭਲਾਈ ਸਕੀਮਾਂ ਦੀ ਪ੍ਰਾਪਤੀ : ਅਰੋੜਾ
- ਐਮ.ਐਲ.ਏ. ਅਰੋੜਾ ਨੇ ਸਰਕਾਰੀ ਕਾਲਜ ’ਚ ਲਾਭਪਾਤਰੀਆਂ ਨੂੰ ਸੌਂਪੇ ਦਸਤਾਵੇਜ਼
- ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਸ਼ੁਕਰਵਾਰ ਦੇ ਸੁਵਿਧਾ ਕੈਂਪ ਤੋਂ ਪੂਰਾ ਲਾਹਾ ਲੈਣ ਦੀ ਅਪੀਲ
ਹੁਸ਼ਿਆਰਪੁਰ, 28 ਅਕਤੂਬਰ 2021 - ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨਜ਼ਦੀਕ ਹੀ ਸਾਰੀਆਂ ਸਹੂਲਤਾਂ ਦੇਣ ਲਈ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਦੋ ਦਿਨਾਂ ਸੁਵਿਧਾ ਕੈਂਪ ਦੇ ਪਹਿਲੇ ਦਿਨ ਸਥਾਨਕ ਸਰਕਾਰੀ ਕਾਲਜ ਵਿਚ ਐਮ.ਐਲ.ਏ. ਸੁੰਦਰ ਸ਼ਾਮ ਅਰੋੜਾ ਨੇ ਵੱਖ-ਵੱਖ ਸਕੀਮਾਂ ਦੇ ਕੁਝ ਲਾਭਪਾਤਰੀਆਂ ਨੂੰ ਮੌਕੇ ’ਤੇ ਹੀ ਦਸਤਾਵੇਜ਼ ਸੌਂਪੇ।
ਕੈਂਪ ਦੌਰਾਨ ਲੋਕਾਂ ਨੂੰ 5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ, ਘਰਾਂ ਵਿਚ ਪਖਾਨੇ, ਐਲ.ਪੀ.ਜੀ. ਗੈਸ ਕੁਨੈਕਸ਼ਨ, ਐਸ.ਸੀ./ਬੀ.ਸੀ. ਕਾਰਪੋਰੇਸ਼ਨਾਂ ਦੇ ਲੋਨ, 2 ਕਿਲੋਵਾਟ ਦੇ ਬਿਜਲੀ ਬਿੱਲਾਂ ਦੇ ਬਕਾਇਆਂ ਦੀ ਮੁਆਫ਼ੀ, ਕੱਚੇ-ਪੱਕੇ ਮਕਾਨ ਦੀ ਸਹੂਲਤ, ਬਿਜਲੀ ਕੁਨੈਕਸ਼ਨ, ਅਸ਼ੀਰਵਾਦ ਸਕੀਮ ਆਦਿ ਭਲਾਈ ਸਕੀਮਾਂ ਦੇ ਫਾਰਮ ਮੌਕੇ ’ਤੇ ਹੀ ਭਰੇ ਗਏ। ਲਾਭਪਾਤਰੀਆਂ ਨੂੰ ਇੰਤਕਾਲ, ਮਗਨਰੇਗਾ ਜ਼ਾਬ ਕਾਰਡ, ਬੱਸ ਪਾਸ,ਯੂ.ਡੀ.ਆਈ.ਡੀ. ਕਾਰਡ, ਵੱਖ-ਵੱਖ ਪੈਨਸ਼ਨਾਂ ਦੀ ਪ੍ਰਵਾਨਗੀ ਆਦਿ ਸਹੂਲਤਾਂ ਸਬੰਧੀ ਮੌਕੇ ’ਤੇ ਹੀ ਦਸਤਾਵੇਜ਼ ਲਾਭਪਾਤਰੀਆਂ ਨੂੰ ਸੌਂਪੇ ਗਏ।
ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਲਾਭਪਾਤਰੀਆਂ ਨੂੰ ਦਸਤਾਵੇਜ਼ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਹਰ ਵਰਗ ਦੀ ਭਲਾਈ ਲਈ ਵੱਡੇ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਲਾਈ ਸਕੀਮਾਂ ਦਾ ਪੂਰਾ ਲਾਭ ਦੇਣ ਲਈ ਲਗਾਏ ਗਏ ਇਨ੍ਹਾਂ ਸੁਵਿਧਾ ਕੈਂਪਾਂ ਨੇ ਹਜ਼ਾਰਾਂ ਲੋਕਾਂ ਨੂੰ ਆਸਾਨ ਢੰਗ ਨਾਲ ਭਲਾਈ ਸਕੀਮਾਂ ਮੁਹੱਈਆ ਕਰਵਾਉਣ ਦਾ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ ਸੁਵਿਧਾ ਕੈਂਪਾਂ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਆਪਣੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੁਕਰਵਾਰ ਨੂੰ ਲੱਗਣ ਵਾਲੇ ਸੁਵਿਧਾ ਕੈਂਪਾਂ ਵਿਚ ਪਹੁੰਚ ਕੇ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੰਮ ਕਰਾਉਣ ਲਈ ਪਹੁੰਚਣ ਤਾਂ ਜੋ ਉਨ੍ਹਾਂ ਦੇ ਕੰਮ ਮੌਕੇ ’ਤੇ ਹੀ ਨੇਪਰੇ ਚਾੜ੍ਹੇ ਜਾ ਸਕਣ।
ਜ਼ਿਲ੍ਹੇ ਵਿਚ ਬਿਜਲੀ ਬਿੱਲਾਂ ਦੇ ਬਕਾਇਆਂ ਦੀ ਮੁਆਫ਼ੀ ਲਈ ਅੱਜ 913 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਤਹਿਤ ਖਪਤਕਾਰਾਂ ਦਾ 64.73 ਲੱਖ ਰੁਪਏ ਦਾ ਬਕਾਇਆ ਮੁਆਫ਼ ਦੀ ਕਾਰਵਾਈ ਸ਼ੁਰੂ ਕੀਤੀ ਗਈ। ਜ਼ਿਲ੍ਹੇ ਵਿਚ ਹੁਣ ਤੱਕ 6281 ਖਪਤਕਾਰਾਂ ਦਾ 4.95 ਕਰੋੜ ਰੁਪਏ ਦਾ ਬਕਾਇਆ ਮੁਆਫ਼ ਕੀਤਾ ਜਾ ਚੁੱਕਾ ਹੈ।
ਕੈਂਪ ਦੌਰਾਨ ਬੁਢਾਪਾ ਅਤੇ ਵਿਧਵਾ ਪੈਨਸ਼ਨ ਸਕੀਮ ਤਹਿਤ 12 ਕੇਸਾਂ ਨੂੰ ਮੌਕੇ ’ਤੇ ਹੀ ਮਨਜ਼ੂਰੀ ਦੇ ਦਿੱਤੀ ਗਈ ਅਤੇ ਯੋਗ ਲਾਭਪਾਤਰੀਆਂ ਦੇ ਜਿਲ੍ਹੇ ਵਿਚ 17 ਯੂ.ਡੀ.ਆਈ.ਡੀ. ਕਾਰਡ ਵੀ ਮੌਕੇ ’ਤੇ ਮਨਜ਼ੂਰ ਕੀਤੇ ਗਏ। ਇਸੇ ਤਰ੍ਹਾਂ 11 ਦਿਵਆਂਗ ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਮਕਾਨ ਉਸਾਰੀ ਸਕੀਮ ਤਹਿਤ 7 ਲਾਭਪਾਤਰੀਆਂ ਦੇ ਖਾਤਿਆਂ ਵਿਚ 2.90 ਲੱਖ ਰੁਪਏ ਲਾਭਪਾਤਰੀਆਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ ਗਏ ਅਤੇ 7 ਹੋਰ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਸੌਂਪੇ ਗਏ।