ਮਾਮਲਾ ਪੁਲਿਸ ਵੱਲੋਂ ਕਿਸਾਨਾਂ ਵਿਰੁੱਧ ਝੂਠੇ ਕੇਸ ਦਰਜ ਕਰਨ ਦਾ: ਧਨੌਲਾ ਥਾਣੇ ਮੂਹਰੇ 29 ਅਕਤੂਬਰ ਦੇ ਧਰਨੇ ਦੀਆਂ ਤਿਆਰੀਆਂ ਮੁਕੰਮਲ : ਕਿਸਾਨ ਆਗੂ
ਦਲਜੀਤ ਕੌਰ ਭਵਾਨੀਗੜ੍ਹ
- ਅੱਜ ਟੀਕਰੀ ਬਾਰਡਰ 'ਤੇ ਸ਼ਹੀਦ ਹੋਈਆਂ ਬੀਬੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ
- ਝੋਨਾ ਮੰਡੀਆਂ ਦੀਆਂ ਬਦ-ਇੰਤਜਾਮੀਆਂ ਕਾਰਨ ਕਿਸਾਨ ਹੋ ਰਹੇ ਹਨ ਖੱਜਲ-ਖੁਆਰ; ਖਰੀਦ, ਚੁਕਾਈ ਤੇ ਭੁਗਤਾਨ 'ਚ ਹੋ ਰਹੀ ਹੈ ਲੰਬੀ ਦੇਰੀ: ਕਿਸਾਨ ਮੋਰਚਾ
- ਸਰਕਾਰ ਅੰਦੋਲਨ ਦੇ ਕੌਮਾਂਤਰੀ ਹਮਾਇਤੀਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੇ: ਕਿਸਾਨ ਮੋਰਚਾ
ਚੰਡੀਗੜ੍ਹ, 28 ਅਕਤੂਬਰ, 2021: ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਧਰਨਿਆਂ ਦੇ 393ਵੇਂ ਦਿਨ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਧਨੌਲਾ ਪੁਲਿਸ ਨੇ ਬੀਜੇਪੀ ਨੇਤਾ ਹਰਜੀਤ ਸਿੰਘ ਗਰੇਵਾਲ ਦੇ ਦਬਾਅ ਹੇਠ ਕਿਸਾਨਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਹਨ।
ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਕਿਸਾਨ ਮੋਰਚੇ ਦਾ ਵਫਦ ਜਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਮਿਲਿਆ ਅਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ, ਪਰ ਅਧਿਕਾਰੀਆਂ ਨੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ। ਸੋ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਕੱਲ੍ਹ 29 ਅਕਤੂਬਰ ਨੂੰ 11 ਵਜੇ ਦਾਣਾ ਮੰਡੀ ਧਨੌਲਾ ਵਿਖੇ ਇਕੱਠੇ ਹੋਣ ਬਾਅਦ ਬਾਜਾਰ ਵਿਚੋਂ ਦੀ ਰੋਸ ਪ੍ਰਦਰਸ਼ਨ ਕਰਨ ਉਪਰੰਤ ਥਾਣੇ ਮੂਹਰੇ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਸਭ ਨੂੰ ਭਲਕੇ 11 ਵਜੇ ਸਿੱਧੇ ਦਾਣਾ ਮੰਡੀ ਧਨੌਲਾ ਪਹੁੰਚਣ ਦੀ ਅਪੀਲ ਕੀਤੀ।
ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ ਟਿੱਕਰੀ ਬਾਰਡਰ ਦਿੱਲੀ ਵਿਖੇ ਇੱਕ ਬਹੁਤ ਦੁਖਦਾਈ ਘਟਨਾ ਵਾਪਰੀ। ਆਟੋ ਰਿਕਸ਼ਾ ਉਡੀਕ ਰਹੀਆਂ ਸੱਤ ਅੰਦੋਲਨਕਾਰੀਆਂ ਬੀਬੀਆਂ ਨੂੰ ਇੱਕ ਟਰੱਕ ਨੇ ਕੁਚਲ ਦਿੱਤਾ। ਤਿੰਨ ਬੀਬੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ। ਅੱਜ ਧਰਨੇ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਕਿਸਾਨ ਅੰਦੋਲਨ ਦੀਆਂ ਇਨ੍ਹਾਂ ਤਾਜ਼ਾ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਕਿਸਾਨ ਆਗੂਆਂ ਨੇ ਅੱਜ ਝੋਨਾ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਦਾ ਮਸਲਾ ਇੱਕ ਵਾਰ ਫਿਰ ਉਠਾਇਆ। ਆਗੂਆਂ ਨੇ ਕਿਹਾ ਕਿ ਸਰਕਾਰ ਮੰਡੀਆਂ ਦੀਆਂ ਬਦ-ਇੰਤਜਾਮੀਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਬਿਨਾਂ-ਬਜਾਹ ਝੋਨੇ ਦੀ ਖਰੀਦ, ਚੁਕਾਈ ਤੇ ਭੁਗਤਾਨ ਵਿੱਚ ਲੰਬੀ ਦੇਰੀ ਹੋ ਰਹੀ ਹੈ।ਆਗੂਆਂ ਨੇ ਸਰਕਾਰ ਨੂੰ ਕਿਸਾਨਾਂ ਦੀ ਖੱਜਲ-ਖੁਆਰੀ ਬੰਦ ਕਰਨ ਲਈ ਤੁਰੰਤ ਜਰੂਰੀ ਕਦਮ ਉਠਾਉਣ ਲਈ ਕਿਹਾ।
ਬੁਲਾਰਿਆਂ ਨੇ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਕੌਮਾਂਤਰੀ ਸਮਰਥਕਾਂ ਨੂੰ ਨਿਸ਼ਾਨਾ ਬਣਾਉਣ ਦੀ ਸਖ਼ਤ ਨਿਖੇਧੀ ਕੀਤੀ। ਦਰਸ਼ਨ ਸਿੰਘ ਧਾਲੀਵਾਲ ਨੂੰ ਏਅਰਪੋਰਟ ਤੋਂ ਵਾਪਸ ਕਰਨ ਬਾਅਦ, ਹੁਣ ਕਨੇਡਾ 'ਚ ਵਸਦੇ ਭਾਰਤੀ ਮੂਲ ਦੇ ਨਾਗਰਿਕਾਂ ਦੇ ਲੰਬੀ ਮਿਆਦ ਦੇ ਵੀਜੇ ਅਤੇ ਆਈਓਸੀ ਕਾਰਡ ਰੱਦ ਕਰ ਦਿੱਤੇ ਹਨ। ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹ ਸਭ ਭਾਰਤ ਵਿਚਲੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਅਤੇ ਭਾਰਤ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕਰਦੇ ਹਨ। ਅਸੀਂ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਦੀ ਸਖਤ ਨਿਖੇਧੀ ਕਰਦੇ ਹਾਂ।