31 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਗਰਜਣਗੇ ਅਧਿਆਪਕ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ/ਸੰਦੌੜ, 21, ਅਕਤੂਬਰ, 2021: ਸੂਬਾ ਸਰਕਾਰ ਵਲੋਂ ਸੂਬੇ ਦੇ ਮੁਲਾਜਮਾਂ ਨੂੰ ਦਿੱਤੇ ਜਾ ਰਹੇ 6ਵੇਂ ਪੇ ਕਮਿਸ਼ਨ ਵਿਚ 1-1-2016 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੇ ਜਾਣ ਅਤੇ ਉਨਾਂ ਨੂੰ ਅਣਗੋਲੇ ਜਾਣ ਦੇ ਰੋਸ ਵਜੋਂ ਸੰਯੁਕਤ ਅਧਿਆਪਕ ਫਰੰਟ ਪੰਜਾਬ ਵੱਲੋਂ ਦਿੱਤੇ 31 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਮੋਰਿੰਡਾ ਵਿਖੇ ਮਹਾਂ ਰੈਲੀ ਦੇ ਦਿੱਤੇ ਸੱਦੇ ਦੇ ਸਬੰਧ ਵਿੱਚ ਅੱਜ ਇੱਥੋਂ ਦੇ ਸਥਾਨਿਕ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ 6060 ਯੂਨੀਅਨ ਦੇ ਨੁਮਾਇੰਦਿਆਂ, 3582 ਯੂਨੀਅਨ , 5178 ਯੂਨੀਅਨ ਅਤੇ 6505 ਯੂਨੀਅਨ ਦੇ ਨੁਮਾਇੰਦਿਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਹੋਈ । ਇਸ ਵਿੱਚ ਯੂਨੀਅਨ ਆਗੂਆਂ ਨੇ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਬੋਲਦਿਆਂ 6060 ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਬੀਰ ਖਾਨ , 3582 ਤੋਂ ਸਾਥੀ ਮੁਹੰਮਦ ਸ਼ਹਿਬਾਜ਼ ਅਤੇ 4500 ਅਤੇ 2005 ਈ.ਟੀ.ਟੀ. ਯੂਨੀਅਨ ਤੋਂ ਸਾਥੀ ਅਮਜਦ ਖਾਨ ਤੇ ਹਰਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ ਛੇਵੇਂ ਪੇਅ ਕਮਿਸ਼ਨ ਵਿੱਚ 1-1-2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿਚ ਵਾਧਾ ਨਹੀਂ ਹੋ ਰਿਹਾ ।
ਉਨ੍ਹਾਂ ਆਖਿਆ ਕਿ ਸਰਕਾਰ ਨਵ ਨਿਯੁਕਤ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਬੰਦ ਕਰੇ ।ਉਨਾਂ ਆਖਿਆ ਕਿ ਅੱਗੇ ਜਿੰਨੇ ਵੀ ਪੇ ਕਮਿਸ਼ਨ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲੇ ਹਨ ਉਨ੍ਹਾਂ ਵਿੱਚ ਨਵੇਂ ਮੁਲਾਜ਼ਮਾਂ ਨੂੰ ਕਾਫ਼ੀ ਫ਼ਾਇਦਾ ਹੁੰਦਾ ਸੀ ਪਰ ਕਾਂਗਰਸ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇਹ ਪਹਿਲਾ ਪੇ ਕਮਿਸ਼ਨ ਹੈ ਜਿਸ ਵਿੱਚ ਨਵੇਂ ਮੁਲਾਜ਼ਮਾਂ ਦੀ ਤਨਖ਼ਾਹ ਵੱਧਣ ਦੀ ਥਾਂ ਤੇ ਜਾਂ ਤਾਂ ਘੱਟ ਰਹੀ ਹੈ ਤੇ ਜਾਂ ਉਨ੍ਹਾਂ ਦੀ ਤਨਖ਼ਾਹ ਵਿੱਚ ਬਹੁਤ ਘੱਟ ਵਾਧਾ ਹੋ ਰਿਹਾ ਹੈ ਜੋ ਕਿਸੇ ਵੀ ਢੰਗ ਨਾਲ ਤਰਕ ਸੰਗਤ ਨਹੀਂ ਹੈ।ਉਨ੍ਹਾਂ ਆਖਿਆ ਕਿ ਪੇ ਕਮਿਸ਼ਨ ਵੱਲੋਂ ਨਵੇਂ ਮੁਲਾਜ਼ਮਾਂ ਨੂੰ 2.64 ਦਾ ਗੁਣਾਂਕ ਦੇਣ ਦੀ ਗੱਲ ਕੀਤੀ ਗਈ ਹੈ ਪਰ ਵਿੱਤ ਵਿਭਾਗ ਵੱਲੋਂ ਨਵੇਂ ਮੁਲਾਜ਼ਮਾਂ ਤੇ 2.25 ਦਾ ਗੁਣਾਂਕ ਥੋਪਿਆ ਜਾ ਰਿਹਾ ਹੈ ਜੋ ਬਰਦਾਸ਼ਤ ਯੋਗ ਨਹੀਂ ਹੈ। ਉਨਾਂ ਆਖਿਆ ਕਿ ਸਰਕਾਰ ਵੱਲੋਂ 1-1-2016 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਸੰਯੁਕਤ ਅਧਿਆਪਕ ਫ਼ਰੰਟ ਦੇ ਬੈਨਰ ਹੇਠ ਸਮੁੱਚੇ ਪੰਜਾਬ ਦੇ ਨਵ ਨਿਯੁਕਤ ਮੁਲਾਜ਼ਮ ਸੀ.ਐੱਮ. ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ 31 ਅਕਤੂਬਰ ਦਿਨ ਐਤਵਾਰ ਨੂ੍ੰ ਇੱਕ ਲਾਮਿਸਾਲ ਰੈਲੀ ਕਰਨਗੇ ਜਿਸ ਵਿੱਚ ਹੋਣ ਵਾਲਾ ਇਕੱਠ ਸੂਬਾ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗਾ ।ਇਸ ਮੌਕੇ 31 ਅਕਤੂਬਰ ਦੀ ਰੈਲੀ ਸਬੰਧੀ ਵੱਖ ਵੱਖ ਸਾਥੀਆਂ ਦੀ ਡਿਊਟੀ ਲਗਾਈ ਗਈ ਅਤੇ ਰੈਲੀ ਵਿੱਚ ਬਹੁਤ ਵੱਡਾ ਇਕੱਠ ਕਰਨ ਦਾ ਅਹਿਦ ਕੀਤਾ ਗਿਆ।ਇਸ ਮੌਕੇ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਸਹਿਯੋਗ ਦੇਣ ਦੀ ਗੱਲ ਕੀਤੀ ਗਈ। ਇਸ ਮੌਕੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ 1-1-2016 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ 125 ਪ੍ਰਤੀਸ਼ਤ ਡੀ.ਏ. ਦੇ ਨਾਲ ਬਣਦਾ 20 ਪ੍ਰਤੀਸ਼ਤ ਵਾਧਾ ਦਿੱਤਾ ਜਾਵੇ , 15-1-15 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ , ਮੁਲਾਜ਼ਮਾਂ ਦੇ ਬਣਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ । ਉਨ੍ਹਾਂ ਨੇ ਆਖਿਆ ਕਿ ਜੇ ਸੂਬਾ ਸਰਕਾਰ ਨਵੇਂ ਭਰਤੀ ਮੁਲਾਜ਼ਮਾਂ ਨੂੰ ਇਸ ਤਰਾਂ ਹੀ ਅਣਗੋਲਦੀ ਰਹੀ ਤਾਂ ਸੂਬਾ ਸਰਕਾਰ ਜੁਝਾਰੂ ਮੁਲਾਜਮਾਂ ਦੇ ਵੱਡੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ । ਇਸ ਮੌਕੇ ਉਨ੍ਹਾਂ ਨੇ ਪੂਰੇ ਪੰਜਾਬ ਦੇ ਸਮੂਹ ਨਵੇਂ ਭਰਤੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ 31 ਅਕਤੂਬਰ ਦੀ ਇਸ ਇਤਿਹਾਸਕ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਸ ਰੈਲੀ ਨੂੰ ਸਫਲ ਬਨਾਉਣ ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਮੁਹੰਮਦ ਜਮੀਲ, ਵਿਨੋਦ ਕੁਮਾਰ,ਅੰਮ੍ਰਿਤ ਸਿੰਘ, ਰੇਸ਼ਮ ਸਿੰਘ,ਬੇਅੰਤ ਸਿੰਘ , ਕੁਲਦੀਪ ਸਿੰਘ, ਮੁਹੰਮਦ ਸ਼ਮਸ਼ਾਦ,, ਮੁਹੰਮਦ ਸ਼ਕੀਲ, ਮੁਹੰਮਦ ਨਦੀਮ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਸਾਥੀ ਹਾਜਰ ਸਨ।ਇਸ ਮੌਕੇ ਪੈਨਸ਼ਨ ਯੂਨੀਅਨ ਵੱਲੋਂ ਵੀਂ ਸਾਥੀ ਸ਼ਾਮਿਲ ਹੋਏ l