ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਜਨਤਕ ਜੱਥੇਬੰਦੀਆਂ ਵੱਲੋਂ ਇੱਕ ਰਿਕਾਰਡ ਤੋੜ ਇਕੱਠ ਪੜ੍ਹੋ ਕਦੋਂ ਤੇ ਕਿਉਂ ?
ਜੀ ਐਸ ਪੰਨੂ
ਪਟਿਆਲਾ, 16 ਅਕਤੂਬਰ,2021: ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਅਤੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ 14 ਨਵੰਬਰ 2021 ਨੂੰ ਲੁਧਿਆਣਾ ਵਿਖੇ ਪੰਜਾਬ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਵੱਖ—ਵੱਖ ਜਨਤਕ ਜੱਥੇਬੰਦੀਆਂ ਵੱਲੋਂ ਇੱਕ ਰਿਕਾਰਡ ਤੋੜ ਇਕੱਠ ਕਰਕੇ ਪੰਜਾਬ ਅਤੇ ਦੇਸ਼ ਦੀ ਸਰਕਾਰ ਵੱਲੋਂ ਮਿਹਨਤਕਸ਼ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਪੱਖ ਤੋਂ ਕੀਤੀ ਜਾ ਰਹੀ ਦੁਰਦਸ਼ਾ ਦੇ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾਵੇਗੀ।
ਪੰਜਾਬ ਏਟਕ, ਸੀ.ਟੀ.ਯੂ. ਪੰਜਾਬ, ਏਕਟੂ ਤੋਂ ਇਲਾਵਾ ਜਨਤਕ ਜੱਥੇਬੰਦੀਆਂ ਜਿਵੇਂ ਕਿ ਕਿਸਾਨ ਸਭਾਵਾਂ, ਖੇਤ ਮਜ਼ਦੂਰ, ਨੌਜਵਾਨ ਸਭਾਵਾਂ, ਮੁਲਾਜ਼ਮ ਫੈਡਰੇਸ਼ਨਾਂ, ਵਿਦਿਆਰਥੀ ਜੱਥੇਬੰਦੀਆਂ ਤੇ ਅਧਾਰਿਤ ਗਠਿਤ ਕੀਤੇ ਗਏ “ਪੰਜਾਬ ਬਚਾਓ, ਦੇਸ਼ ਬਚਾਓ ਸੰਯੁਕਤ ਮੋਰਚੇ” ਵੱਲੋਂ ਜਿਨ੍ਹਾਂ ਮੰਗਾਂ ਸਬੰਧੀ 12 ਅਕਤੂਬਰ ਨੂੰ ਜਲੰਧਰ ਵਿਖੇ ਹੋਈ ਕਨਵੈਨਸ਼ਨ ਵਿੱਚ ਮਤਾ ਲਿਆਂਦਾ ਗਿਆ ਸੀ, ਉਨ੍ਹਾਂ ਵਿੱਚ ਕਿਸਾਨਾਂ ਸਮੇਤ ਸਾਰੇ ਮਿਹਨਤਕਸ਼ਾਂ ਦੀ ਰੋਜ਼ੀ ਰੋਟੀ ਖੋਹਣ ਵਾਲੇ ਤਿੰਨੇ ਕਾਲੇ ਖੇਤੀ ਵਿਰੋਧੀ ਕਾਨੂੰਨ ਵਾਪਸ ਕਰਾਉਣੇ, ਮਜ਼ਦੂਰ ਵਿਰੋਧੀ 4 ਲੇਬਰ ਕੋਡਜ਼ ਵਾਪਸ ਕਰਾਉਣੇ, ਪਬਲਿਕ ਸੈਕਟਰ ਦਾ ਨਿੱਜੀਕਰਨ ਰੋਕਣਾ, ਦੇਸ਼ ਦੇ ਕੁਦਰਤੀ ਸੋਮਿਆਂ ਤੇ ਕਾਰਪੋਰੇਟਾਂ ਦੇ ਕਬਜੇ ਰੋਕਣਾ, ਡੀਜਲ, ਪੈਟਰੋਲ, ਰਸੋਈ ਗੈਸ ਦੀਆਂ ਲੱਕਤੋੜ ਕੀਮਤਾਂ, ਜਰੂਰੀ ਵਸਤਾਂ ਦੀ ਮਹਿੰਗਾਈ, ਠੇਕੇਦਾਰੀ ਪ੍ਰਥਾ ਖਤਮ ਕਰਾਉਣਾ, ਕੰਟਰੈਕਟ—ਆਊਟਸੋਰਸ ਸਿਸਟਮ ਖਤਮ ਕਰਨਾ ਅਤੇ ਸਾਰੇ ਕੱਚੇ ਕਾਮੇ ਪੱਕੇ ਕਰਨੇ, ਵਿਦਿਆ ਅਤੇ ਸਿਹਤ ਸਹੂਲਤਾਂ ਦਾ ਵਪਾਰੀਕਰਨ ਰੋਕਣਾ, ਬੇਰੁਜਗਾਰੀ ਦਾ ਹੱਲ ਕੱਢਣਾ, ਬੇਜਮੀਨੇ ਪੇਂਡੂ ਮਜਦੂਰਾਂ ਨੂੰ ਮੁਫਤ ਰਿਹਾਇਸ਼ੀ ਪਲਾਟ ਦੇਣ ਅਤੇ ਉਨ੍ਹਾਂ ਦਾ ਸਾਰਾ ਕਰਜਾ ਮੁਆਫ ਕਰਨਾ, ਹਰ ਕਿਸਮ ਦੇ ਸਕੀਮ ਵਰਕਰਾਂ ਨੂੰ ਘੱਟੋ—ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਉਣਾ, ਪੇ ਕਮਿਸ਼ਨ ਦੀ ਮੁਲਾਜਮ ਵਿਰੋਧੀ ਰਿਪੋਰਟ ਨੂੰ ਤਰਕ ਸੰਗਤ ਬਣਾ ਕੇ ਯੋਗ ਵਾਧਾ ਕਰਾਉਣਾ, ਸੰਵਿਧਾਨ ਤੇ ਹਮਲਾ, ਫਿਰਕਾਪ੍ਰਸਤੀ ਅਤੇ ਸੰਵਿਧਾਨਿਕ ਸੰਸਥਾਵਾਂ ਦਾ ਭਗਵਾਕਰਨ ਰੋਕਣਾ, ਆਮ ਜਨਤਾ ਤੇ ਟੈਕਸਾਂ ਦਾ ਭਾਰ ਘਟਾਉਣਾ ਅਤੇ ਗੁਜਾਰੇ ਦੇ ਅਨੁਕੂਲ ਬੁਢਾਪਾ ਪੈਨਸ਼ਨ ਦੇਣਾ।
ਬਰਾੜ ਅਤੇ ਧਾਲੀਵਾਲ ਨੇ ਪੰਜਾਬ ਦੀਆਂ ਏਟਕ ਨਾਲ ਸਬੰਧਤ ਜੱਥੇਬੰਦੀਆਂ, ਫੈਡਰੇਸ਼ਨਾਂ ਅਤੇ ਜਨਤਕ ਜੱਥੇਬੰਦੀਆਂ ਦੇ ਸਮੁੱਚੇ ਮਿਹਨਤਕਸ਼ਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ 14 ਨਵੰਬਰ ਦੀ ਲੁਧਿਆਣਾ ਰੈਲੀ ਨੂੰ ਮੀਲ ਪੱਥਰ ਸਾਬਤ ਕਰਨ ਲਈ ਰੈਲੀ ਵਿੱਚ ਸ਼ਿਰਕਤ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਰੈਲੀ ਦੀ ਤਿਆਰੀ ਲਈ ਅਤੇ ਮੁੱਦਿਆਂ ਦੀ ਗੰਭੀਰਤਾ ਤੇ ਡੂੰਘੀਆਂ ਵਿਚਾਰਾਂ ਕਰਨ ਲਈ ਪੰਜਾਬ ਏਟਕ ਅਤੇ ਜਨਤਕ ਜੱਥੇਬੰਦੀਆਂ ਦੀ 24 ਅਕਤੂਬਰ 2021 ਨੂੰ ਲੁਧਿਆਣਾ ਵਿਖੇ ਮੀਟਿੰਗ ਸੱਦੀ ਗਈ ਹੈ।