ਐਨ. ਸੀ. ਸੀ. ਕਰਮਚਾਰੀ ਯੂਨੀਅਨ ਦੇ ਵਫ਼ਦ ਨੇ ਕੀਤੀ ਉਚੇਰੀ ਸਿੱਖਿਆ ਮੰਤਰੀ ਪੰਜਾਬ ਨਾਲ ਮੁਲਾਕਾਤ
ਜਗਤਾਰ ਸਿੰਘ
ਚੰਡੀਗੜ੍ਹ, 16 ਅਕਤੂਬਰ 2021: -ਐਨ. ਸੀ. ਸੀ. ਕਰਮਚਾਰੀ ਯੂਨੀਅਨ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਸੁਖਦੇਵ ਸਿੰਘ ਹਵਾਸ ਅਤੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਮਾਹੀ ਦੀ ਅਗਵਾਈ ਹੇਠ ਪੰਜਾਬ ਭਵਨ ਚੰਡੀਗੜ੍ਹ ਵਿਖੇ ਉਚੇਰੀ ਸਿੱਖਿਆ ਮੰਤਰੀ ਮੰਤਰੀ ਪ੍ਰਗਟ ਸਿੰਘ ਨੂੰ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਲਈ ਮਿਲਿਆ।
ਜਨਰਲ ਸਕੱਤਰ ਰਾਜਿੰਦਰ ਸਿੰਘ ਮਾਹੀ ਨੇ ਮੀਟਿੰਗ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਮੀਟਿੰਗ ਵਿਚ ਜਿਨ੍ਹਾਂ ਮੰਗਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ’ਚ ਐਨ. ਸੀ. ਸੀ. ਵਿੰਗ (ਸਿੱਖਿਆ ਵਿਭਾਗ ਕਾਲਜਾਂ) ਦੇ ਕਰਮਚਾਰੀਆਂ ਦੀਆਂ ਤਰੱਕੀਆਂ ਲੰਬੇ ਸਮੇਂ ਤੋਂ ਸਮੇਂ ਸਿਰ ਨਹੀਂ ਕੀਤੀਆਂ ਜਾ ਰਹੀਆਂ, ਸਾਲ 2007 ਤੋਂ ਬਾਅਦ 50-50 ਦੇ ਅਨੁਪਾਤ ਵਿੱਚ ਕਲਰਕਾਂ ਨੂੰ ਜੂਨੀਅਰ ਸਹਾਇਕ ਪਲੇਸਮੈਂਟ ਨਹੀਂ ਦਿੱਤੀ ਗਈ, ਸੀਨੀਅਰ ਸਹਾਇਕ ਤੇ ਸੁਪਰਡੈਂਟਾਂ ਦੀਆਂ ਅਨੇਕਾਂ ਖਾਲੀ ਆਸਾਮੀਆਂ ਹੋਣ ਦੇ ਬਾਵਜੂਦ ਵੀ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਨਾਲ਼ ਕਰਮਚਾਰੀਆਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ।
ਇਸ ਤੋਂ ਇਲਾਵਾ ਮੁੱਖ ਦਫਤਰ ਦੀਆਂ ਸ਼ਕਤੀਆਂ ਐਨ. ਸੀ. ਸੀ. ਡਾਇਰੈਟੋਰੇਟ ਨੂੰ ਨਾ ਸੌਂਪਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਉਚੇਰੀ ਸਿੱਖਿਆ ਮੰਤਰੀ ਵਲੋਂ ਮੌਜੂਦ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਕਿ੍ਰਸਨ ਕੁਮਾਰ ਨਾਲ ਵੀ ਵਿਚਾਰ-ਵਟਾਂਦਰਾ ਕਰਕੇ ਸਮੁੱਚੀਆਂ ਮੰਗਾਂ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਉਪਰੋਕਤ ਮੀਟਿੰਗ ’ਚ ਮੀਤ ਪ੍ਰਧਾਨ ਬਲਵਿੰਦਰ ਸਿੰਘ ਭਿੰਡਰ ਅਤੇ ਕਾਰਜਕਾਰੀ ਮੈਂਬਰ ਪੰਕਜ ਰਤਨ ਵੀ ਮੌਜੂਦ ਸਨ।