ਤਿਉਹਾਰਾਂ ਦੇ ਜਸ਼ਨਾਂ ਪਈ ਨੂੰ ਗੁਲਾਬੀ ਸੁੰਡੀ ਦੇ ਕਹਿਰ ਦੀ ਮਾਰ
ਅਸ਼ੋਕ ਵਰਮਾ
ਬਠਿੰਡਾ, 16 ਅਕਤੂਬਰ 2021:ਨਕਲੀ ਕੀਟਨਾਸ਼ਕਾਂ ਕਾਰਨ ਪੈਦਾ ਹੋਈ ਗੁਲਾਬੀ ਸੁੰਡੀ ਦੇ ਕਹਿਰ ਨੇ ਐਤਕੀਂ ਤਿਉਹਾਰਾਂ ਦੇ ਰੰਗ ਫਿੱਕੇ ਪਾ ਦਿੱਤੇ ਹਨ । ਬਹੁਤੇ ਕਿਸਾਨਾਂ ਨੂੰ ਐਤਕੀਂ ਖਾਲੀ ਜੇਬ ਹੀ ਦੁਸ਼ਿਹਰਾ ਮਨਾਉਣਾ ਪਿਆ ਹੈ ਜਦੋਂਕਿ ਇਹੋ ਹਾਲ ਮਜਦੂਰਾਂ ਦਾ ਹੈ ਜਿੰਨ੍ਹਾਂ ਦੇ ਰੁਜਗਾਰ ਖੁੱਸ ਗਏ ਹਨ। ਕਪਾਹ ਪੱਟੀ ‘ਚ ਤਕਰੀਬਨ ਵੱਡੇ ਰਕਬੇ ’ਚ ਨਰਮੇ ਕਪਾਹ ਦੀ ਫਸਲ ਤਬਾਹ ਹੋਈ ਹੈ। ਇਸ ਤਬਾਹੀ ਦਾ ਕਿਸਾਨ ਧਿਰਾਂ ਢੁੱਕਵਾਂ ਮੁਆਵਜਾ 60 ਹਜਾਰ ਰੁਪਏ ਪ੍ਰਤੀ ਏਕੜ ਮੰਗ ਰਹੀਆਂ ਹਨ ਜਦੋਂ ਕਿ ਮਜਦੂਰਾਂ ਦੇ ਖਤਮ ਹੋਏ ਰੁਜਗਾਰ ਦਾ ਪ੍ਰਤੀ ਪ੍ਰੀਵਾਰ 30 ਹਜਾਰ ਰੁਪਿਆ ਇਸ ਤੋਂ ਵੱਖਰਾ ਹੈ । ਕਪਾਹ ਪੱਟੀ ਦੇ ਕਿਸਾਨ ਤਾਂ ਇਸ ਵਾਰ ਭੋਰਾ ਵੀ ਤਸੱਲੀ ਵਿੱਚ ਨਹੀਂ ਹਨ। ਭਾਵੇਂ ਨਰਮੇ ਦਾ ਭਾਅ ਪਿਛਲੇ ਸਾਲ ਨਾਲੋਂ ਕਾਫੀ ਵੱਧ ਹੈ ਪਰ ਫਸਲ ਤਾਂ ਸਾਰੀ ਗੁਲਾਬੀ ਸੁੰਡੀ ਖਾ ਗਈ ਹੈ।
ਕਿਸਾਨ ਆਖਦੇ ਹਨ ਕਿ ਉਹ ਕਿਸ ਮੂੰਹ ਨਾਲ ਖੁਸ਼ੀਆਂ ਮਨਾਉਣ,ਇਸ ਵਾਰ ਤਾਂ ਲਾਗਤ ਖਰਚਾ ਵੀ ਨਹੀਂ ਮੁੜ ਰਿਹਾ ਹੈ। ਝਾੜ ‘ਚ ਵੱਡੀ ਕਟੌਤੀ ਕਰ ਕੇ ਨਰਮਾ ਉਤਪਾਦਕ ਵੀ ਫਿਕਰਮੰਦ ਹਨ, ਜਿਸ ਕਰ ਕੇ ਬਾਜ਼ਾਰਾਂ ਵਿੱਚ ਐਤਕੀਂ ਦੁਸਹਿਰੇ ਮੌਕੇ ਕਿਸਾਨ ਭਾਈਚਾਰੇ ਦੀ ਬਹੁਤੀ ਚਹਿਲ-ਪਹਿਲ ਵੇਖਣ ਨੂੰ ਨਹੀਂ ਮਿਲੀ ਅਤੇ ਇਹੋ ਹਾਲ ਦਿਵਾਲੀ ਵੇਲੇ ਰਹਿਣ ਦੇ ਅਨੁਮਾਨ ਲੱਗ ਰਹੇ ਹਨ। ਉਪਰੋਂ ਕਿਸਾਨ ਨੂੰ ਵੱਡਾ ਫਿਕਰ ਝੋਨੇ ਦੀ ਫਸਲ ਦੀ ਸਾਂਭ-ਸੰਭਾਲ ਦਾ ਹੈ ਜੋ ਖਰੀਦ ਏਜੰਸੀਆਂ ਦੀ ਨਮੀਂ ਲੇਖੇ ਲੱਗਣ ਲੱਗੀ ਹੈ। ਬਠਿੰਡਾ ਦੀ ਅਨਾਜ ਮੰਡੀ ‘ਚ ਤਾਂ ਹਾਲੇ ਤੱਕ ਪੂਰੀ ਫਸਲ ਵੀ ਨਹੀਂ ਆਉਣ ਲੱਗੀ ਹੈ ਜਿਸ ਨੇ ਲੇਬਰ ਨੂੰ ਫਿਕਰਾਂ ’ਚ ਪਾਇਆ ਹੋਇਆ ਹੈ। ਇਸ ਮੰਡੀ ’ਚ ਬੈਠੇ ਕਿਸਾਨਾਂ ਦੇ ਚਿਹਰਿਆਂ ਤੇ ਤਬਾਹ ਹੋਈਆਂ ਫਸਲਾਂ ਕਾਰਨ ਕਰਜੇ ਵਧਣ ਦਾ ਖੂਫ ਸਾਫ ਦਿਖਾਈ ਦੇ ਰਿਹਾ ਸੀ।
ਕਿਸਾਨ ਬਲਕੌਰ ਸਿੰਘ ਨੇ ਕਿਹਾ ਕਿ ਇਸ ਸਾਲ ਤਾਂ ਕਿਸਾਨ ਨਰਮੇ ਨੇ ਮਾਰ ਦਿੱਤਾ ਹੈ । ਉਸ ਦਾ ਕਹਿਣਾ ਸੀ ਕਿ 6 ਦਿਨ ਹੋ ਗਏ ਮੰਡੀ ‘ਚ ਬੈਠਿਆਂ ਨਰਮੇ ਨੇ ਸਿੱਲ੍ਹੇ ਕਰ ਛੱਡਿਆ ਹੈ। ਉਸ ਨੇ ਸਪਸ਼ਟ ਕੀਤਾ ਕਿ ਰੌਣਕਾਂ ਮੇਲੇ ਵੀ ਜੇਬ ‘ਚ ਚਾਰ ਪੈਸੇ ਹੋਣ ਨਾਲ ਹੀ ਚੰਗੇ ਲਗਦੇ ਹਨ । ਉਸ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਦੁੱਖ ਨਹੀਂ ਪਛਾਣ ਰਹੀ ਹੈ ਜੇ ਪਛਾਣਦੀ ਤਾਂ ਏਦਾਂ ਨਹੀਂ ਹੋਣਾ ਸੀ। ਕਿਸਾਨ ਬਲਵੰਤ ਸਿੰਘ ਨੇ ਵੀ ਨਰਮੇ ਦੀ ਫਸਲ ਸਬੰਧੀ ਇਹੋ ਕਹਾਣੀ ਬਿਆਨ ਕੀਤੀ ਹੈ। ਉਹ ਆਖਦਾ ਹੈ ਕਿ ਨਰਮੇ ਦੇ ਚੰਗੇ ਭਾਅ ਨੂੰ ਮਾੜੇ ਝਾੜ ਨੇ ਗ੍ਰਹਿਣ ਲਾ ਦਿੱਤਾ ਹੈ। ਉਸਨੇ ਕਿਹਾ ਕਿ ਕੁਦਰਤ ਦੇ ਬਦਲੇ ਮਿਜ਼ਾਜ ਨੇ ਵੀ ਕਿਸਾਨਾਂ ਨੂੰ ਫਿਕਰਾਂ ਵਿੱਚ ਹੀ ਪਾਇਆ ਹੋਇਆ ਹੈ । ਇਸ ਕਿਸਾਨ ਨੇ ਕਿਹਾ ਕਿ ਸਰਕਾਰ ਝੋਨੇ ਵਿਚਲੀ ਸਿੱਲ੍ਹ ਦੇ ਮਾਪਦੰਡਾਂ ਤੇ ਮੁੜ ਵਿਚਾਰ ਕਰੇ।
ਉਸਨੇ ਕਿਹਾ ਕਿ ਤਿਉਹਾਰ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਪਰ ਬੀਤੇ ਕਈ ਵਰਿ੍ਹਆਂ ਤੋਂ ਖੇੇਤੀ ਲਈ ਕੋਈ ਵੀ ਚੰਗਾ ਤਿਉਹਾਰ ਨਹੀਂ ਆਇਆ ਹੈ। ਉਸਨੇ ਕਿਹਾ ਕਿ ਐਤਕੀਂ ਵਾਰ ਤਾਂ ਨਰਮੇ ਦੀ ਫਸਲ ਨੇ ਕਿਸਾਨਾਂ ਨੂੰ ਬੁਰੇ ਦਿਨ ਦਿਖਾ ਦਿੱਤੇ ਹਨ। ਕਪਾਹ ਪੱਟੀ ‘ਚ ਹਜਾਰਾਂ ਕਿਸਾਨਾਂ ਦੀ ਇਹੋ ਹੋਣੀ ਹੈ ਜੋ ਪਿਛਲੇ ਕੁਝ ਮਹੀਨਿਆਂ ਦੌਰਾਨ ਗੁਲਾਬੀ ਸੁੰਡੀ ਨਾਲ ਲੜਦਿਆਂ ਆਰਥਿਕ ਕੰਗਾਲੀ ਦੇ ਕੰਢੇ ਪੁੱਜ ਗਏ ਹਨ। ਜਿਲ੍ਹਾ ਬਠਿੰਡਾ ‘ਚ ਕਪਾਹ ਦੀ ਬਿਜਾਂਦ ਵਾਲੇ ਤਕਰੀਬਨ ਸਾਰੇ ਹੀ ਇਲਾਕੇ ’ਚ ਨਰਮੇ ਕਪਾਹ ਦੀ ਫਸਲ ਬਰਬਾਦ ਹੋਈ ਹੈ ਤੇ ਹੁਣ ਉਨ੍ਹਾਂ ਨੂੰ ਮੁਢਲੇ ਪੜਾਅ ਤੇ ਹੀ ਝੋਨਾਂ ਵੇਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੋ ਹਾਲ ਮਜਦੂਰ ਵਰਗ ਦਾ ਹੈ ਜੋ ਪੰਜਾਬ ਸਰਕਾਰ ਦੇ ਮਾਲੀ ਸੰਕਟ ਦੇ ਪੈਰ ਹੇਠਾਂ ਆਕੇ ਮਿੱਧਿਆ ਗਿਆ ਹੈ ਬੇਸ਼ੱਕ ਅਜੇ ਦਿਵਾਲੀ ਵਰਗੇ ਅਹਿਮ ਬਾਕੀ ਹਨ ਪਰ ਜੋ ਹਾਲਾਤ ਹਨ ਉਨ੍ਹਾਂ ਲੋਕਾਂ ਨੂੰ ਇਸ ਵਾਰ ਖਾਲੀ ਜੇਬ੍ਹ ਹੀ ਹਰ ਤਿਉਹਾਰ ਮਨਾਉਣਾ ਪਵੇਗਾ
ਬਿਨਾਂ ਪੈਸੇ ਤੋਂ ਕਾਹਦੇ ਤਿਉਹਾਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਬਿਨਾਂ ਪੈਸਿਆਂ ਤੋਂ ਕਾਹਦੇ ਤਿਉਹਾਰ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਮਜਦੂਰਾਂ ਨੂੰ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ । ਉਨ੍ਹਾਂ ਆਖਿਆ ਕਿ ਏਦਾਂ ਦੇ ਹਾਲਾਤ ਵਿੱਚ ਗੁਜ਼ਾਰਾ ਮੁਸ਼ਕਲ ਹੈ, ਤਿਉਹਾਰ ਮਨਾਉਣੇ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਅੱਜ ਵੀ ਇਹੋ ਆਖਿਆ ਕਿ ਸਰਕਾਰ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਦਾ ਪੂਰਾ ਮੁਆਵਜਾ ਜਾਰੀ ਕਰੇ ਨਹੀਂ ਤਾਂ ਉਹ ਇਸ ਤੋਂ ਵੀ ਤਿੱਖਾ ਸੰਘਰਸ਼ ਵਿੱਢਣਗੇ।
ਸੁੱਕੇ ਲੰਘਣਗੇ ਸਭ ਤਿਉਹਾਰ: ਸੇਵੇਵਾਲਾ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਖੇਤੀ ਤੇ ਆਏ ਸੰਕਟ ਦਾ ਅਸਰ ਸਮੁੱਚੇ ਅਰਥਚਾਰੇ ਤੇ ਵੇਖਣ ਨੂੰ ਮਿਲ ਰਿਹਾ ਹੈ । ਉਨ੍ਹਾਂ ਆਖਿਆ ਕਿ ਖੇਤ ਮਜਦੂਰਾਂ ਅਤੇ ਮੰਡੀਆਂ ’ਚ ਕੰਮ ਕਰਨ ਵਾਲੀ ਲੇਬਰ ਨੂੰ ਤਾਂ ਵੀ ਵੱਡੀ ਮਾਰ ਝੱਲਣੀ ਪੈ ਰਹੀ ਹੈ ਜਿਸ ਦੇ ਚਲਦਿਆਂ ਐਤਕੀਂ ਤਾਂ ਸਭ ਤਿਉਹਾਰ ਹੀ ਸੁੱਕੇ ਲੰਘਣਗੇ। ਉਨ੍ਹਾਂ ਆਖਿਆ ਕਿ ਕਿਸਾਨ ਮਜਦੂਰ ਧਿਰਾਂ ਨੇ ਤਾਂ ਮਸਲਿਆਂ ਦੇ ਹੱਲ ਲਈ ਅੱਜ ਸੰਘਰਸ਼ੀ ਤਿਉਹਾਰ ਮਨਾਉਂਦਿਆਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਹਨ।