ਸੰਯਕੁਤ ਕਿਸਾਨ ਮੋਰਚਾ ਦਾ 18 ਅਕਤੂਬਰ ਨੂੰ ਰੇਲ ਰੋਕੋ ਪ੍ਰੋਗਰਾਮ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 16 ਅਕਤੂਬਰ 2021- ਅੱਜ ਸੋਲਖੀਆਂ ਟੋਲ ਪਲਾਜ਼ਾ ਤੇ ਸੰਯੁਕਤ ਕਿਸਾਨ ਮੋਰਚਾ ਰੋਪੜ ਦੀ ਮੀਟਿੰਗ ਕਾਮਰੇਡ ਦਲੀਪ ਸਿੰਘ ਘਨੌਲਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਲਿਆ ਗਿਆ ਕਿ 16 ਅਕਤੂਬਰ ਨੂੰ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ 18 ਅਕਤੂਬਰ ਨੂੰ ਰੇਲ ਰੋਕੋ ਪ੍ਰੋਗਰਾਮ ਰੋਪੜ ਦੇ ਨੰਗਲ਼ ਚੌਂਕ ਨੇੜੇ ਫਲਾਈ ਓਵਰ ਦੇ ਹੇਠਾਂ ਫਾਟਕਾਂ ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਜਾਵੇਗਾ।
ਇਸ ਦੀ ਤਿਆਰੀ ਲਈ ਸਾਰੀਆਂ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਰਾਹੀਂ ਕਿਸਾਨਾਂ ਮਜ਼ਦੂਰਾਂ ਨੂੰ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਜਾਵੇਗਾ। ਮੋਰਚੇ ਵੱਲੋਂ ਸਾਰੀਆਂ ਕਿਸਾਨ ਹਮਾਇਤੀ ਜਥੇਬੰਦੀਆਂ ਨੂੰ ਪੂਰਣ ਸਹਿਯੋਗ ਦੀ ਅਪੀਲ ਕੀਤੀ ਗਈ ਤਾਂ ਜੋ ਕਿਸਾਨ ਮਜ਼ਦੂਰ ਏਕਤਾ ਨਾਲ ਸੰਘਰਸ਼ ਨੂੰ ਮਜ਼ਬੂਤ ਕਰਕੇ ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਇਸ ਮੌਕੇ ਕਨਵੀਨਰ ਸਤਨਾਮ ਸਿੰਘ ਮਾਜਰੀ ਜੱਟਾਂ, ਕੁਲਵਿੰਦਰ ਸਿੰਘ ਪੰਜੋਲਾ, ਬਲਵਿੰਦਰ ਸਿੰਘ ਅਸਮਾਨ ਪੁਰ, ਕੁਲਵੰਤ ਸਿੰਘ ਸਰਾੜੀ, ਗੁਰਦੇਵ ਸਿੰਘ ਬਾਗੀ, ਗੁਰਇਕਬਾਲ ਸਿੰਘ ਬਰਦਾਰ,ਦਲਵਾਰਾ ਸਿੰਘ ਭਿਉਰਾ, ਸੁਰਿੰਦਰ ਸਿੰਘ ਮੀਆਂਪੁਰ, ਜਗਦੀਪ ਕੌਰ ਢੱਕੀ, ਪਰਵਿੰਦਰ ਕੌਰ, ਬਲਦੇਵ ਸਿੰਘ ਆਦਿ ਹਾਜ਼ਰ ਸਨ।