ਗੁਲਾਬੀ ਸੁੰਡੀ ਹੱਥੋਂ ਹਾਰੇ ਕਿਸਾਨਾਂ ਲਾਗਿਓਂ ਮੁੜਿਆ ਨਵਾਂ ‘ਕਪਤਾਨ’
ਅਸ਼ੋਕ ਵਰਮਾ
ਲੰਬੀ, 15ਅਕਤੂਬਰ2021: ਪੰਜਾਬ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬਠਿੰਡਾ ਤੋਂ ਵਾਪਿਸ ਪਰਤ ਗਿਆ ਜਦੋਂਕਿ ਗੁਲਾਬੀ ਸੁੰਡੀ ਦੇ ਹੱਥੋ ਹਾਰੇ ਕਿਸਾਨ ਬਾਦਲ ਮੋਰਚੇ ’ਚ ਉਨ੍ਹਾਂ ਨੂੰ ਉਡੀਕਦੇ ਰਹੇ। ਕਿਸਾਨਾਂ ਨੂੰ ਉਮੀਦ ਸੀ ਕਿ ਜਦੋਂ ਚਰਚਾ ਹੈ ਕਿ ਚੰਨੀ ਮਸਲੇ ਹੱਲ ਕਰਦਾ ਹੈ ਤਾਂ ਉਨ੍ਹਾਂ ਦੇ ਫੱਟਾਂ ਤੇ ਵੀ ਮੁੱਖ ਮੰਤਰੀ ਮਲ੍ਹਮ ਲਾਉਣ ਲਈ ਆਉਣਗੇ। ਨਰਮਾ ਅਤੇ ਹੋਰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪੰਜ ਜਿਲ੍ਹਿਆਂ ਵੱਲੋਂ ਪੰਜ ਅਕਤੂਬਰ ਤੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਲਾਗੇ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਕੁਦਰਤ ਤਾਂ ਉਨ੍ਹਾਂ ਦੀ ਵੈਰੀ ਬਣੀ ਹੀ ਸੀ ਹੁਣ ਤਾਂ ਹਕੂਮਤਾਂ ਵੀ ਉਨ੍ਹਾਂ ਦੇ ਦੁੱਖ ਸੁਣਨ ਤੋਂ ਭੱਜਣ ਲੱਗੀਆਂ ਹਨ ਇਹ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਖਾ ਦਿੱਤਾ ਹੈ।
ਅੱਜ ਮੋਰਚੇ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ,ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਜਿਲ੍ਹਾ ਫਾਜ਼ਿਲਕਾ ਦੇ ਜਨਰਲ ਸਕੱਤਰ ਗੁਰਬਾਜ ਸਿੰਘ ਨੇ ਮੁੱਖ ਮੰਤਰੀ ਅਤੇ ਖਜਾਨਾ ਮੰਤਰੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਮੌਜੂਦਾ ਹਕੂਮਤ ਕਿਸਾਨ ਮਜਦੂਰ ਪੱਖੀ ਹੈ ਪਰ ਗਿਆਰਾਂ ਦਿਨਾਂ ਤੋਂ ਆਪਣੀਆਂ ਮੰਗਾਂ ਮਸਲੇ ਲਈ ਬਾਦਲ ਬੈਠੇ ਕਿਸਾਨਾਂ ਕੋਲ ਆ ਕੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਸਾਦਗੀ ਦੇ ਅਲੰਬਰਦਾਰ ਬਣੇ ਬੈਠੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣਾ ਪ੍ਰੋਗਰਾਮ ਕਰਕੇ ਬਠਿੰਡਾ ਚੋਂ ਹੀ ਵਾਪਸ ਚਲੇ ਗਏ ਹਨ ਜੋਕਿ ਸਿਆਸੀ ਆਗੂਆਂ ਦਾ ਪਾਖੰਡ ਅਤੇ ਕਿਸਾਨ ਮਜ਼ਦੂਰ ਵਿਰੋਧੀ ਚਿਹਰਾ ਮੋਹਰਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਵੀਰਵਾਰ ਨੂੰ ਹੋਈ ਸੂਬੇ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਪੰਜ ਜ਼ਿਲਿ੍ਹਆਂ ਦੇ ਕਿਸਾਨਾਂ ਵੱਲੋਂ ਚੱਲ ਰਹੇ ਬਾਦਲ ਮੋਰਚੇ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦਾ ਇਕੱਠ ਕਰ ਕੇ ਸੂਬਾ ਪੱਧਰੀ ਤਾਕਤ ਦੇ ਜ਼ੋਰ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਘੇਰਾ ਵਧਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਰਾਜਾਂ ਤੋਂ ਅਧਿਕਾਰ ਖੋਹਣ ਅਤੇ ਲੋਕਾਂ ਦੇ ਹੱਕੀ ਸੰਘਰਸ਼ ਨੂੰ ਕੁਚਲਣ ਵਾਸਤੇ ਸੁਰੱਖਿਆ ਫੋਰਸਾਂ ਦੀ ਦੁਰਵਰਤੋਂ ਦਾ ਮਾਮਲਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸਮਝਦਿਆਂ ਹੁਣ ਦੁਸ਼ਹਿਰੇ ਵਾਲੇ ਦਿਨ ਦੀ ਥਾਂ16 ਅਕਤੂਬਰ ਨੂੰ ਪ੍ਰਧਾਨ ਮੰਤਰੀ,ਗ੍ਰਹਿ ਮੰਤਰੀ ਅਤੇ ਸਾਮਰਾਜ ਦੇ ਵੱਡੇ ਦਿਓ ਕੱਦ ਬੁੱਤ ਨੂੰ ਬਾਦਲ ਦੇ ਬੱਸ ਅੱਡੇ ਤੇ ਅੱਗ ਲਾਈ ਜਾਵੇਗੀ ।
ਨਾਟਕਾਂ ਦਾ ਦੌਰ ਵੀ ਚੱਲਿਆ
ਅੱਜ ਦੀ ਸਟੇਜ ਤੋਂ ਤੀਰਥ ਸਿੰਘ ਚੜਿੱਕ ਦੀ ਨਿਰਦੇਸ਼ਨਾ ਹੇਠ ‘ਸ਼ਹੀਦ ਭਗਤ ਸਿੰਘ ਕਲਾ ਰੰਗਮੰਚ ਚੜਿੱਕ’ ਦੀ ਟੀਮ ਵੱਲੋਂ ‘ਇਹ ਧਰਤੀ ਕਿਸੇ ਦੇ ਬਾਪ ਦੀ ਨਹੀਂ‘ ਅਤੇ ‘ਲੀਰਾਂ ਨਾਟਕ ਦੀ ਪੇਸ਼ਕਾਰੀ ਕੀਤੀ ਗਈ । ਲੋਕ ਪੱਖੀ ਗਾਇਕ ਅਜਮੇਰ ਸਿੰਘ ਅਕਲੀਆ, ਰਾਮ ਸਿੰਘ ਹਠੂਰ, ਨਿਰਮਲ ਸਿੰਘ ਸਿਵੀਆਂ ਅਤੇ ਮਿੱਠੁ ਸਿੰਘ ਕਿਲਾ ਭਰੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ । ਅੱਜ ਦੇ ਧਰਨੇ ਨੂੰ ਗੁਰਪਾਸ਼ ਸਿੰਘ ਸਿੰਘੇਵਾਲਾ , ਜਗਦੇਵ ਸਿੰਘ ਜੋਗੇਵਾਲਾ ਅਤੇ ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਆਗੂ ਰਾਮ ਸਿੰਘ ਭਲਾਈਆਣਾ ਨੇ ਵੀ ਸੰਬੋਧਨ ਕੀਤਾ । ਸਟੇਜ ਸੰਚਾਲਨ ਪਰਮਜੀਤ ਕੌਰ ਪਿੱਥੋ ਨੇ ਕੀਤਾ ।