ਖੂਨਦਾਨ ਕਰਨਾ ਮਨੁੱਖਤਾ ਦੀ ਵੱਡਮੁੱਲੀ ਸੇਵਾ: ਮੈਨੇਜਰ ਗੁਰਪ੍ਰੀਤ ਸਿੰਘ ਰੋਡੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 14 ਅਕਤੂਬਰ 2021 - ਖੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣਾ ਮਨੁੱਖਤਾ ਦੀ ਵੱਡਮੁਲੀ ਸੇਵਾ ਹੈ।ਕਿਉਂਕਿ ਖੂਨ ਦਾ ਕੋਈ ਬਦਲ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਨੇ ਪਟਿਆਲਾ ਤੋਂ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਦੇ ਆਗੂ ਹਰਦੀਪ ਸਿੰਘ ਸਨੌਰ ਤੇ ਮੈਂਬਰਾਂ ਦੇ ਇੱਕ ਵਫਦ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਖੂਨ ਇੱਕ ਅਜਿਹਾ ਤਰਲ ਹੈ ਜੋ ਕਿਸੇ ਫੈਕਟਰੀ ਜਾਂ ਕਾਰਖਾਨੇ ਵਿਚ ਨਹੀਂ ਬਣਦਾ, ਇਹ ਸਿਰਫ ਇਨਸਾਨੀ ਸਰੀਰ ਅੰਦਰ ਕੁਦਰਤੀ ਤੌਰ *ਤੇ ਬਣਦਾ ਹੈ।
ਲੋੜ ਪੈਣ *ਤੇ ਇੱਕ ਇਨਸਾਨ ਹੀ ਦੂਜੇ ਇਨਸਾਨ ਲਈ ਖੂਨਦਾਨ ਕਰਕੇ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਕੇ ਦੂਜੇ ਦੀ ਜਾਨ ਵੀ ਬਚਦੀ ਹੈ ਅਤੇ ਖੁਦ ਵੀ ਨਿਰੋਗ ਤੇ ਤੰਦਰੁਸਤ ਰਹਿ ਸਕਦੇ ਹਾਂ। ਹਰਦੀਪ ਸਿੰਘ ਸਨੌਰ ਨੇ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਕੀਤੀ ਜਾ ਰਹੀ ਸੇਵਾ ਸੰਬੰਧੀ ਦੱਸਿਆ ਕਿ ਖੂਨਦਾਨ ਕੈਂਪਾਂ ਰਾਹੀਂ ਥੈਲਾਸੀਮਕ ਬੱਚਿਆਂ ਨੂੰ, ਡਿਲਵਰੀ, ਐਕਸੀਡੈਂਟ, ਕੈਂਸਰ ਤੇ ਲੋੜਵੰਦ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗਰੁੱਪ ਦੇ ਉਪਰਾਲੇ ਸਦਕਾ ਸਰਕਾਰੀ ਹਸਪਤਾਲਾਂ ਵਿਚ ਦਾਖਲ ਮਰੀਜਾਂ ਲਈ ਸਰਕਾਰੀ ਬਲੱਡ ਬੈਂਕਾਂ ਵਿਚੋਂ ਮਿਲਣ ਵਾਲੇ ਖੂਨ ਦੇ ਟੈਸਟਾਂ ਦੀ ਫੀਸ 1 ਜਨਵਰੀ 2019 ਤੋਂ ਮਾਫ ਹੋ ਚੁੱਕੀ ਹੈ। ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਨੇੜ ਭਵਿੱਖ ਵਿਚ ਖੂਨਦਾਨ ਕੈਂਪ ਵਿਚ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਰਿੰਕੂ ਕੁਮਾਰ, ਹਰਮੀਤ ਸਿੰਘ, ਸੁਖਚੈਨ ਸਿੰਘ ਤੇ ਹੈਪੀ ਸੱਗੂ ਹਾਜ਼ਰ ਸਨ।