ਡੀ ਏ ਪੀ ਦੇ ਅਣਅਧਿਕਾਰਤ ਥੈਲੇ ਫੜੇ, ਵੱਧ ਕੀਮਤ ਲੈਣ 'ਤੇ ਵੀ ਹੋਵੇਗੀ ਕਾਰਵਾਈ : ਖੇਤੀਬਾੜੀ ਮੁੱਖ ਅਫਸਰ
ਜੀ ਐਸ ਪੰਨੂ
ਪਟਿਆਲਾ /ਸਮਾਣਾ, 12 ਅਕਤੂਬਰ,2021 - ਖੇਤੀਬਾੜੀ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਟੀਮ ਵੱਲੋਂ ਚੈਕਿੰਗ ਦੌਰਾਨ ਸਮਾਣਾ ਦੀ ਫ਼ਰਮ ਦੇ ਗੁਦਾਮ 'ਚ ਅਣਅਧਿਕਾਰਤ ਡੀ.ਏ.ਪੀ. ਖਾਦ (ਆਈ ਪੀ ਐਲ ਕੰਪਨੀ) ਦੇ 273 ਥੈਲੇ ਫੜੇ ਗਏ ਹਨ। ਜਿਸ ਦਾ ਫ਼ਰਮ ਕੋਲ ਬਿੱਲ ਨਹੀਂ ਸੀ ਅਤੇ ਨਾ ਹੀ ਉਸਨੇ ਮੌਕੇ 'ਤੇ ਦੱਸਿਆ ਕਿ ਇਹ ਖਾਦ ਉਸਨੇ ਕਿਸ ਤੋਂ ਖ਼ਰੀਦੀ ਹੈ। ਟੀਮ 'ਚ ਬਲਾਕ ਖੇਤੀਬਾੜੀ ਅਫ਼ਸਰ ਡਾ. ਕੁਲਦੀਪ ਇੰਦਰ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀ ਸ਼ਾਮਲ ਸਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਪਾਲ ਸਿੰਘ ਨੇ ਵਿਸਥਾਰ 'ਚ ਜਾਣਕਾਰੀ ਦਿੰਦਿਆ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਨੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਅਚਨਚੇਤ ਚੈਕਿੰਗ ਕਰਨ ਸਬੰਧੀ ਹਦਾਇਤਾਂ ਕੀਤੀਆਂ ਹਨ ਤਾਂ ਜੋ ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਤਹਿ ਕੀਮਤ ਅਤੇ ਸਮੇਂ ਸਿਰ ਖਾਦ ਉਪਲਬਧ ਹੋ ਸਕੇ। ਉਨ੍ਹਾਂ ਦੱਸਿਆ ਕਿ ਅੱਜ ਮੌਕੇ 'ਤੇ ਸਬੰਧਿਤ ਫ਼ਰਮ ਦਾ ਸੈਂਪਲ ਭਰ ਕੇ ਅਣਅਧਿਕਾਰਤ ਡੀ.ਏ.ਪੀ. ਖਾਦ ਦੀ ਸੇਲ ਬੰਦ ਕੀਤੀ ਗਈ ਹੈ ਤੇ ਸਬੰਧਿਤ ਫ਼ਰਮ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਸ਼ਕਾਇਤ ਵੀ ਕੀਤੀ ਗਈ ਸੀ ਕਿ ਫ਼ਰਮ ਡੀ.ਏ.ਪੀ. ਖਾਦ ਨਿਰਧਾਰਿਤ ਕੀਮਤ ਤੋਂ ਜ਼ਿਆਦਾ ਕੀਮਤ 'ਤੇ ਖਾਦ ਵੇਚ ਰਹੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਖਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਖਾਦ ਵਿਕਰੇਤਾ ਡੀ.ਏ.ਪੀ. ਖਾਦ ਨਿਰਧਾਰਿਤ ਕੀਮਤ ਤੋਂ ਵੱਧ ਨਾ ਵੇਚੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।