ਚੰਨੀ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰਕੇ ਨੋਟੀਫਿਕੇਸ਼ਨ ਜਾਰੀ ਕਰਨ - ਨੰਬਰਦਾਰ ਯੂਨੀਅਨ
ਬਲਵਿੰਦਰ ਸਿੰਘ ਧਾਲੀਵਾਲ
- ਪੰਜਾਬ ਦੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ 50-50 ਲੱਖ ਦਾ ਮੁਆਵਜਾ ਦੇਵੇ ਪੰਜਾਬ ਸਰਕਾਰ - ਗਿੱਲ
ਸੁਲਤਾਨਪੁਰ ਲੋਧੀ , 8 ਅਕਤੂਬਰ 2021 ਪੰਜਾਬ ਨੰਬਰਦਾਰ ਯੂਨੀਅਨ ਰਜਿ. ਦੀ ਤਹਿਸੀਲ ਸੁਲਤਾਨਪੁਰ ਲੋਧੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਬਿਧੀਪੁਰ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਕੰਪਲੈਕਸ ਵਿਖੇ ਹੋਈ । ਜਿਸ ਵਿੱਚ ਵੱਡੀ ਗਿਣਤੀ 'ਚ ਵੱਖ ਵੱਖ ਪਿੰਡਾਂ ਦੇ ਨੰਬਰਦਾਰਾਂ ਸ਼ਿਰਕਤ ਕੀਤੀ । ਕੋਰੋਨਾ ਮਹਾਂਮਾਰੀ ਕਾਰਨ ਯੂਨੀਅਨ ਦੀ ਮੀਟਿੰਗ ਕਾਫੀ ਮਹੀਨਿਆਂ ਬਾਅਦ ਹੋਈ ਜਿਸ ਵਿਚ ਨੰਬਰਦਾਰਾਂ ਦੇ ਵੱਖ ਵੱਖ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ । ਇਸ ਸਮੇ ਯੂਨੀਅਨ ਵੱਲੋਂ ਸਰਬਸੰਮਤੀ ਨਾਲ ਵੱਖ ਵੱਖ ਮਤੇ ਪਾਸ ਕੀਤੇ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਗਈ ਕਿ ਨੰਬਰਦਾਰਾਂ ਦੀਆਂ ਵੱਖ ਵੱਖ ਮੰਗਾਂ ਜਿਵੇਂ ਜੱਦੀ ਪੁਸ਼ਤੀ ਨੰਬਰਦਾਰੀ ਤੇ ਨੰਬਰਦਾਰਾਂ ਦਾ ਮਾਣ ਭੱਤਾ ਵਧਾ ਕੇ 5 ਹਜਾਰ ਰੁਪਏ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ ।
ਇਸਤੋਂ ਇਲਾਵਾ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀਆਂ 'ਚ ਨੰਬਰਦਾਰਾਂ ਦੇ ਪੰਜ ਨੁਮਾਇੰਦੇ ਲਾਜਮੀ ਲਏ ਜਾਣ ਤੇ ਸਬ ਡਵੀਜ਼ਨ ਪੱਧਰ ਦੀਆਂ ਕਮੇਟੀਆਂ 'ਚ ਵੀ ਨੰਬਰਦਾਰ ਲਾਜਮੀ ਲਏ ਜਾਣ , ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤੀ ਮਤਿਆਂ ਤੇ ਨੰਬਰਦਾਰਾਂ ਦੇ ਦਸਤਖਤ ਲਾਜਮੀ ਕਰਵਾਉਣਾ ਲਾਜਮੀ ਕੀਤਾ ਜਾਵੇ , ਹਰੇਕ ਨੰਬਰਦਾਰ 5 ਲੱਖ ਤੱਕ ਦਾ ਫਰੀ ਬੀਮਾ , ਤੇ ਫਰੀ ਬੱਸ ਸਫਰ ਦੀ ਸਹੂਲਤ ਲਾਜਮੀ ਕੀਤੀ ਜਾਵੇ ਤੇ ਹੋਰ ਪਹਿਲਾਂ ਸੂਬਾ ਪੱਧਰ ਤੇ ਜਿਲ੍ਹਾ ਪੱਧਰ ਤੇ ਨੰਬਰਦਾਰ ਯੂਨੀਅਨ ਵੱਲੋਂ ਦਿੱਤੇ ਗਏ ਮੰਗ ਪੱਤਰਾਂ ਅਨੁਸਾਰ ਸੂਬਾ ਸਰਕਾਰ ਤੁਰੰਤ ਸਾਰੀਆਂ ਮੰਗਾਂ ਪ੍ਰਵਾਨ ਕਰਕੇ ਨੋਟੀਫਿਕੇਸ਼ਨ ਜਾਰੀ ਕਰੇ ।
ਮੀਟਿੰਗ ਦੇ ਆਰੰਭ 'ਚ ਸਮੂਹ ਨੰਬਰਦਾਰਾਂ ਵੱਲੋਂ ਲ਼ਖੀਮਪੁਰ ਖੀਰੀ 'ਚ ਸ਼ਾਂਤਮਈ ਰੋਸ ਕਰ ਰਹੇ ਕਿਸਾਨਾਂ ਤੇ ਭਾਜਪਾ ਆਗੂਆਂ ਵੱਲੋਂ ਗੱਡੀਆਂ ਚੜ੍ਹਾ ਕੇ 4 ਕਿਸਾਨਾਂ ਦਾ ਕਤਲ ਕਰਨ ਤੇ ਹੋਰ ਅਨੇਕਾਂ ਕਿਸਾਨ ਜਖਮੀ ਕਰਨ ਦੀ ਘਟਨਾ ਦੀ ਸਖਤ ਨਿਖੇਧੀ ਕੀਤੀ ਗਈ ਤੇ ਜੰਮੂ ਕਸ਼ਮੀਰ 'ਚ ਅਧਿਆਪਕਾਂ ਤੇ ਗੋਲੀਆਂ ਚਲਾ ਕੇ ਦੋ ਅਧਿਆਪਕਾਂ ਨੂੰ ਮਾਰਨ ਦੀ ਘਟਨਾ ਦੀ ਵੀ ਸਖਤ ਨਿਖੇਧੀ ਕੀਤੀ ਗਈ ।ਤਹਿਸੀਲ ਪ੍ਰਧਾਨ ਰਣਜੀਤ ਸਿੰਘ ਬਿਧੀਪੁਰ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ , ਜਿੱਥੇ ਅੱਤਵਾਦੀਆਂ ਵੱਲੋਂ ਸ਼ਰੇਆਮ ਸਕੂਲ 'ਚ ਦਾਖਲ ਹੋ ਕੇ ਪ੍ਰਿੰਸੀਪਲ ਸਤਿੰਦਰ ਕੌਰ ਤੇ ਅਧਿਆਪਕ ਦੀਪਕ ਚੰਦ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ।
ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਮੰਗ ਕਰਦੀ ਹੈ ਕਿ ਲਖੀਮਪੁਰ ਖੀਰੀ 'ਚ ਕਿਸਾਨਾਂ ਦਾ ਕਤਲ ਕਰਨ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਉਸਦੇ ਪੁੱਤਰ ਸਮੇਤ ਬਾਕੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ । ਉਨ੍ਹਾਂ ਕਿਹਾ ਕਿ ਨੰਬਰਦਾਰ ਕਿਸਾਨਾਂ ਦੇ ਅੰਦੋਲਨ 'ਚ ਡਟ ਕੇ ਨਾਲ ਹਨ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਵੇਂ ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਹੈ , ਤਿਵੇਂ ਹੀ ਪੰਜਾਬ ਦੇ ਸ਼ਹੀਦ ਹੋਏ ਸਮੂਹ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ 50-50 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਤੇ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਨਾ ਕੀਤਾ ਜਾਵੇ ।
ਇਸ ਸਮੇਂ ਸੋਹਣ ਸਿੰਘ ਚੱਕ ਕੋਟਲਾ ਸਕੱਤਰ, ਪਰਮਜੀਤ ਸਿੰਘ ਮੁੱਲਾਂ ਕਾਲਾ ਖਜ਼ਾਨਚੀ , ਮਹਿੰਦਰ ਸਿੰਘ ਮੋਖੇ ਮੀਤ ਪ੍ਰਧਾਨ, ਨੰਬਰਦਾਰ ਜੋਗਾ ਸਿੰਘ ਮੋਮੀ ਖੋਖਰ ਜਦੀਦ, ਮਨਜੀਤ ਸਿੰਘ ਜੰਮੂ ਅਮਰਜੀਤਪੁਰ , ਸਵਰਨ ਸਿੰਘ ਰਾਮਪੁਰ ਜਗੀਰ, ਨਵਦੀਪ ਸਿੰਘ ਰਾਮਪੁਰ ਜਗੀਰ, ਬਾਵਾ ਸਿੰਘ ਪਿੰਡ ਮਹਿਜੀਤਪੁਰ, ਸੁਰਿੰਦਰ ਸਿੰਘ ਠੱਟਾ ਨਵਾਂ , ਨਰਿੰਦਰ ਸਿੰਘ ਠੱਟਾ ਨਵਾਂ, ਕਰਨੈਲ ਸਿੰਘ ਜੱਬੋਵਾਲ, ਅਜੀਤ ਸਿੰਘ ਜੱਬੋਵਾਲ, ਜੋਗਿੰਦਰ ਸਿੰਘ ਦੰਦੂਪੁਰ , ਜਸਵਿੰਦਰ ਸਿੰਘ , ਸੁਰਿੰਦਰਪਾਲ ਸਿੰਘ ਹੈਬਤਪੁਰ ,ਸਾਧੂ ਸਿੰਘ ਮਨਿਆਲਾ, ਸੁਖਦੇਵ ਸਿੰਘ ਸੁਚੇਤਗੜ੍ਹ, ਮਲਕੀਤ ਸਿੰਘ ਡਡਵਿੰਡੀ, ਬਲਵੰਤ ਸਿੰਘ , ਜੁਗਿੰਦਰ ਰਾਮ ਨਸੀਰਪੁਰ,ਹਰਦੇਵ ਸਿੰਘ, ਸ਼ਿੰਗਾਰਾ ਸਿੰਘ ਤੇ ਡਾ ਗੁਰਦੇਵ ਸਿੰਘ ਜੋਸਨ ਆਦਿ ਨੇ ਵੀ ਸ਼ਿਰਕਤ ਕੀਤੀ।