ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਗੁ: ਬੇਰ ਸਾਹਿਬ ਹੋਏ ਨਤਮਸਤਕ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 7 ਅਕਤੂਬਰ 2021 - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਅਤੇ ਸਾਬਕਾ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਤਮਸਤਕ ਹੋਣ ਪੁੱਜੇ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ।ਉਨ੍ਹਾਂ ਇਸ ਸਮੇਂ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਨਿਵਾਸੀਆਂ ਦੀ ਚੜ੍ਹਦੀਕਲਾ ਤੇ ਤਰੱਕੀ ਦੀ ਅਰਦਾਸ ਕੀਤੀ ।ਇਸ ਸਮੇਂ ਉਨ੍ਹਾਂ ਗ੍ਰੰਥੀ ਸਾਹਿਬ ਰਾਹੀਂ ਕਿਸਾਨ ਅੰਦੋਲਨ 'ਚ ਹਿੱਸਾ ਲੈ ਰਹੇ ਸਮੂਹ ਕਿਸਾਨਾਂ ਮਜਦੂਰਾਂ ਦੀ ਚੜ੍ਹਦੀਕਲਾ ਲਈ ਵੀ ਅਰਦਾਸ ਕਰਵਾਈ ।
ਉਪਰੰਤ ਗੁਰਦੁਆਰਾ ਸਾਹਿਬ ਦੇ ਦਫਤਰ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਤੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ ਨੇ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਕੈਪਟਨ ਹਰਮਿੰਦਰ ਸਿੰਘ ਦਾ ਸਨਮਾਨ ਕੀਤਾ ਤੇ ਪਾਰਟੀ ਵੱਲੋਂ ਟਿਕਟ ਮਿਲਣ ਤੇ ਵਧਾਈ ਦਿੱਤੀ ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਮੈ ਅੱਜ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਗੁਰੂ ਚਰਨਾਂ 'ਚ ਆਇਆ ਹਾਂ , ਜਿਨ੍ਹਾਂ ਆਪਣੀ ਕਿਰਪਾ ਕਰਕੇ ਮੈਨੂੰ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੀ ਸੇਵਾ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਉਮੀਦਵਾਰ ਬਣਾਇਆ ਹੈ । ਉਨ੍ਹਾਂ ਦੱਸਿਆ ਕਿ ਸਤਿਗੁਰੂ ਜੀ ਦੇ ਸ਼ੁਕਰਾਨੇ ਲਈ ਭਲਕੇ 8 ਅਕਤੂਬਰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਪਾਵਨ ਸਰੋਵਰ ਨੇੜੇ 21 ਨੰਬਰ ਕਮਰੇ 'ਚ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ , ਜਿਨ੍ਹਾਂ ਦੇ ਭੋਗ 10 ਅਕਤੂਬਰ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ ਤੇ ਉਪਰੰਤ ਸਾਡੇ ਪਰਿਵਾਰ ਵੱਲੋਂ ਗੁਰੂ ਕੇ ਅਤੁੱਟ ਲੰਗਰ ਸੰਗਤਾਂ ਲਈ ਲਗਾਏ ਜਾਣਗੇ ।
ਕੈਪਟਨ ਹਰਮਿੰਦਰ ਸਿੰਘ ਨੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਵਰਕਰਾਂ , ਆਗੂਆਂ ਤੇ ਹੋਰ ਸੱਜਣ ਮਿੱਤਰ ਪਿਆਰਿਆਂ ਨੂੰ ਅਪੀਲ ਕੀਤੀ ਕਿ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਮੇਂ 10 ਅਕਤੂਬਰ ਨੂੰ ਸਵੇਰੇ 9 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਮਰਾ ਨੰਬਰ 21 ਵਿਖੇ ਪਹੁੰਚਣ ਦੀ ਕਿਰਪਾ ਕਰਨ । ਉਨ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਨੂੰ ਵੀ ਅਪੀਲ ਕੀਤੀ ਕਿ ਸਾਡੀ ਪਾਰਟੀ ਮੀਟਿੰਗ ਸਮੇਂ ਗੁਰਦੁਆਰਾ ਸਾਹਿਬ ਤੋਂ ਕੋਈ ਵੀ ਚਾਹ -ਪਾਣੀ ਆਦਿ ਨਾ ਕੀਤਾ ਜਾਵੇ ਤੇ ਅਸੀਂ ਫੈਸਲਾ ਕੀਤਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਚਾਹ-ਪਕੌੜੇ ਤੇ ਹੋਰ ਲੰਗਰ ਪਾਣੀ ਦਾ ਸਾਰਾ ਖਰਚਾ ਅਸੀਂ ਆਪ ਕਰਾਂਗੇ । ਉਨ੍ਹਾਂ ਦੱਸਿਆ ਕਿ ਗੁ: ਸ੍ਰੀ ਬੇਰ ਸਾਹਿਬ ਜੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣ ਸਮੇ ਆਏ ਪਾਰਟੀ ਵਰਕਰਾਂ ਤੇ ਹੋਰ ਸੰਗਤਾਂ ਲਈ ਵੀ ਗੁਰੂ ਕੇ ਲੰਗਰ ਦਾ ਸਾਰਾ ਪ੍ਰਬੰਧ ਮੈ ਆਪਣੇ ਹੀ ਖਰਚੇ ਤੇ ਹੀ ਕਰਾਂਗਾ।
ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਰੋਡੇ ਨੇ ਕੈਪਟਨ ਹਰਮਿੰਦਰ ਸਿੰਘ ਦੇ ਇਸ ਫੈਸਲੇ ਦਾ ਭਰਪੂਰ ਸਵਾਗਤ ਕੀਤਾ । ਇਸ ਸਮੇਂ ਗਿਆਨੀ ਸੁਰਜੀਤ ਸਿੰਘ ਸਭਰਾ ਹੈੱਡ ਗ੍ਰੰਥੀ ਦੇ ਇਲਾਵਾ ਭਾਈ ਦਿਆਲ ਸਿੰਘ ਮੁੱਖ ਹਜੂਰੀ ਰਾਗੀ , ਜਥੇ ਸਰਵਣ ਸਿੰਘ ਚੱਕਾਂ , ਤੇ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਵੀ ਸ਼ਿਰਕਤ ਕੀਤੀ ।