ਭਾਈ ਲਾਲੂ ਜੀ ਦੇ ਸਲਾਨਾ ਜੋੜ ਮੇਲੇ ਤੇ ਵਿਸ਼ਾਲ ਗੁਰਮਤਿ ਸਮਾਗਮ 'ਚ ਸੁਣਾਇਆ ਗੁਰੂ ਜਸ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 7 ਅਕਤੂਬਰ 2021- ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਥਾਪੇ ਗਏ ਮੰਜੀਦਾਰ ਸਿੱਖ ਬ੍ਰਹਮਗਿਆਨੀ ਭਾਈ ਲਾਲੂ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲ ਇਤਿਹਾਸਕ ਧਰਤੀ ਪਿੰਡ ਡੱਲਾ ਸਾਹਿਬ ਵਿਖੇ ਪੂਰੀ ਸ਼ਾਨੋ ਸ਼ੋਕਤ ਨਾਲ ਅੱਜ ਸ਼ਾਮ ਸੰਪੰਨ ਹੋ ਗਿਆ । ਇਸ ਸਬੰਧੀ ਬੀਤੀ ਰਾਤ ਤੇ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕਰਵਾਏ ਗਏ ਵਿਸ਼ਾਲ ਗੁਰਮਤਿ ਸਮਾਗਮ 'ਚ ਵੱਡੀ ਗਿਣਤੀ 'ਚ ਉੱਚ ਕੋਟੀ ਦੇ ਵਿਦਵਾਨ ਢਾਡੀ ਜਥੇ ਗਿਆਨੀ ਫੌਜਾ ਸਿੰਘ ਸਾਗਰ , ਗਿਆਨੀ ਮਨਜੀਤ ਸਿੰਘ ਖਾਲਸਾ , ਭਾਈ ਗੁਰਜੀਤ ਸਿੰਘ ਗੋਰੀ ਜਾਂਗਲਾ ,ਭਾਈ ਪ੍ਰਦੀਪ ਸਿੰਘ ਪਾਂਧੀ, ਭਾਈ ਨਿਸ਼ਾਨ ਸਿੰਘ ਸ਼ਾਹਕੋਟ , ਭਾਈ ਸੁਖਬੀਰ ਸਿੰਘ ਭੌਰ ਦਾ ਢਾਡੀ ਜਥਾ , ਭਾਈ ਰਣਜੀਤ ਸਿੰਘ ਰਾਣਾ, ਭਾਈ ਹਰਵਿੰਦਰ ਸਿੰਘ ਪ੍ਰਚਾਰਕ (ਕਥਾ ਵਾਚਕ) ,ਭਾਈ ਕੇਵਲ ਸਿੰਘ ਮਹਿਤਾ ਕਵੀਸ਼ਰੀ ਜਥਾ , ਭਾਈ ਚਾਨਣ ਸਿੰਘ ਬੀ.ਏ. ਦਾ ਕਵੀਸ਼ਰੀ ਜਥਾ , ਭਾਈ ਰਣਜੀਤ ਸਿੰਘ ਚੋਹਲਾ ਸਾਹਿਬ, ਭਾਈ ਨਿਸ਼ਾਨ ਸਿੰਘ ਝਬਾਲ ਕਵੀਸ਼ਰੀ ਜਥਾ, ਭਾਈ ਸੁਲੱਖਣ ਸਿੰਘ ਰਿਆੜ , ਭਾਈ ਦਲਬੀਰ ਸਿੰਘ ਜੌੜ ਸਿੰਘ ਵਾਲਾ ਦਾ ਅੰਤਰਰਾਸ਼ਟਰੀ ਕਵੀਸ਼ਰੀ ਜਥਾ , ਭਾਈ ਮੱਸਾ ਸਿੰਘ ਸਭਰਾ , ਭਾਈ ਮਨਪ੍ਰੀਤ ਸਿੰਘ ਪ੍ਰਚਾਰਕ ਆਦਿ ਹੋਰਨਾਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ।
ਗਿਆਨੀ ਫੌਜਾ ਸਿੰਘ ਸਾਗਰ ਨੇ ਦੱਸਿਆ ਕਿ ਭਾਈ ਲਾਲੂ ਜੀ ਦੀ ਯਾਦ 'ਚ ਹਰ ਸਾਲ ਅੱਸੂ ਦੀ ਮੱਸਿਆ ਤੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੋੜ ਮੇਲਾ ਕਰਵਾਇਆ ਜਾਂਦਾ ਹੈ ਤੇ ਦੋਆਬਾ ਖੇਤਰ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਦੀ ਮੱਸਿਆ ਵਜੋਂ ਜਾਣੇ ਜਾਂਦੇ ਇਸ ਜੋੜ ਮੇਲੇ ਦੇ ਮੌਕੇ 'ਤੇ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਸਿੱਖੀ ਦੇ ਪ੍ਰਚਾਰ ਵਾਸਤੇ ਸਥਾਪਤ ਕੀਤੀਆਂ 22 ਮੰਜੀਆਂ 'ਚੋਂ ਭਾਈ ਲਾਲੂ ਜੀ ਦੇ ਨਾਮ ਤੇ ਇਹ ਮੇਲਾ ਮਸ਼ਹੂਰ ਹੈ ਤੇ ਸੰਗਤਾਂ ਸ਼ਰਧਾ ਅਨੁਸਾਰ ਗੁੜ, ਆਟਾ, ਦਾਲਾਂ ਤੇ ਹੋਰ ਅਨਾਜ ਪਰਿਵਾਰ ਦੀ ਤੰਦਰੁਸਤੀ ਵਾਸਤੇ ਇਸ ਮੌਕੇ 'ਤੇ ਚੜ੍ਹਾਵੇ ਵਜੋਂ ਮੱਥਾ ਟੇਕਦੇ ਹਨ। ਉਨ੍ਹਾਂ ਕਿਹਾ ਕਿ ਭਾਈ ਲਾਲੂ ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ, ਉੱਥੇ ਉੱਚ ਕੋਟੀ ਦੇ ਵੈਦ ਸਨ । ਸ੍ਰੀ ਗੁਰੂ ਅਮਰਦਾਸ ਜੀ ਵਲੋਂ ਬਖਸ਼ਿਸ਼ ਕੀਤੀਆਂ ਮੰਜੀਆਂ 'ਚੋਂ ਭਾਈ ਲਾਲੂ ਤੋਂ ਇਲਾਵਾ ਭਾਈ ਪਾਰੋ ਜੀ, ਜਿਨ੍ਹਾਂ ਨੂੰ ਸਿੱਖ ਜਗਤ ਵਿਚ ਪਰਮਹੰਸ ਦਾ ਦਰਜਾ ਹਾਸਲ ਹੈ , ਤੇ ਭਾਈ ਸ਼ਾਹ ਅੱਲਾ ਜੀ ਤੇ ਭਾਈ ਖਾਨੂੰ ਛੁਰਾ ਜੀ ਵੀ ਇਥੋਂ ਦੇ ਵਸਨੀਕ ਸਨ ।
ਇਸ ਸਮਾਗਮ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਸਕੱਤਰ ਡੱਲਾ ਜੋਨ ਮਨਜੀਤ ਸਿੰਘ ਖਿੰਡਾ , ਹਾਕਮ ਸਿੰਘ ਸ਼ਾਹਜਹਾਨਪੁਰ ਨੇ ਵੀ ਆਪਣੇ ਵਿਚਾਰ ਰੱਖੇ ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਸਮੂਹ ਸੰਗਤਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ।
ਇਸ ਸਮੇਂ ਸਮਾਗਮ 'ਚ ਪੁੱਜੇ ਸ਼੍ਰੋਮਣੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਹਲੀ ਤੇ ਮੇਲਾ ਇੰਚਾਰਜ ਭਾਈ ਜਰਨੈਲ ਸਿੰਘ ਬੂਲੇ ਦਾ ਗੁਰਦੁਆਰਾ ਭਾਈ ਲਾਲੂ ਜੀ ਦੇ ਮੈਨੇਜਰ ਭਾਈ ਚੈਚਲ ਸਿੰਘ ਆਹਲੀ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਤੇ ਵੱਖ ਵੱਖ ਜਥਿਆਂ ਦਾ ਭਾਈ ਹਰਵਿੰਦਰ ਸਿੰਘ ਪ੍ਰਚਾਰਕ ਤੇ ਭਾਈ ਮਨਪ੍ਰੀਤ ਸਿੰਘ ਪ੍ਰਚਾਰਕ ਨੇ ਸਨਮਾਨ ਕੀਤਾ ।
ਸਮਾਗਮ ਦੌਰਾਨ ਇਲਾਕੇ ਦੀਆਂ ਵੱਖ ਵੱਖ ਪਿੰਡਾਂ ਦੀਆਂ ਸਭਾ ਸੋਸਾਇਟੀਆਂ ਤੇ ਸੰਗਤਾਂ ਵੱਲੋਂ ਜਿੱਥੇ ਚਾਹ ਪਕੌੜੇ ਦੇ ਲੰਗਰ ਲਗਾਏ ਗਏ , ਉੱਥੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ । ਗੁਰਦੁਆਰਾ ਮਾਤਾ ਦਮੋਦਰੀ ਜੀ ਵਿਖੇ ਬਾਬਾ ਜੱਗਾ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਕੇ ਲੰਗਰ ਲਗਾਏ ਗਏ । ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਡੱਲਾ ਰੋਡ ਤੇ ਬਾਹਰ ਖੇਤਾਂ 'ਚ ਖੁੱਲਾ ਪੰਡਾਲ ਲਗਾ ਕੇ ਲੰਗਰ ਦੀ ਸੇਵਾ ਕੀਤੀ ਗਈ।